ਗੁਰਨਾਮ ਸਿੱਧੂ
ਫਿਰੋਜ਼ਪੁਰ 9 ਦਸੰਬਰ 2019 : ਮਲਟੀਪਰਪਜ਼ ਹੈੱਲਥ ਵਰਕਰ (ਮੇਲ) ਯੂਨੀਅਨ ਪੰਜਾਬ ਦੇ ਸੱਦੇ ਤੇ ਅੱਜ ਜ਼ਿਲ੍ਹਾ ਇਕਾਈ ਫਿਰੋਜ਼ਪੁਰ ਨੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਰਾਹੀਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੂੰ ਇਕ ਮੰਗ ਪੱਤਰ ਭੇਜਿਆ ਗਿਆ, ਜਿਸ ਵਿਚ ਪੰਜਾਬ ਬਿਕਰਮਜੀਤ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਪਿਛਲੇ ਦਿਨੀਂ ਜੋ ਮਲਟੀਪਰਪਜ਼ ਹੈੱਲਥ ਵਰਕਰ (ਮੇਲ) ਦੀਆਂ 1263 ਆਸਾਮੀਆਂ ਉਪਰ ਭਰਤੀ ਪ੍ਰਕਿਰਿਆ ਕੀਤੀ ਗਈ ਸੀ, ਉਸ ਅਨੁਸਾਰ 1263 ਨਵ ਨਿਯੁਕਤ ਮਲਟੀਪਰਪਜ਼ ਹੈੱਲਥ ਵਰਕਰ ਦਾ ਪ੍ਰਮੋਸ਼ਨ ਪੀਰੀਅਡ 3 ਸਾਲ ਦਰ ਰੱਖਿਆ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੀ ਭਰਤੀ ਨਵ ਨਿਯੁਕਤ ਮਲਟੀਪਰਪਜ਼ ਹੈੱਲਥ ਵਰਕਰ 1263 ਦਾ ਨੋਟੀਫਿਕੇਸ਼ਨ ਪਿਛਲੀਂ ਸਰਕਾਰ ਸਮੇਂ 30 ਅਪ੍ਰੈਲ 2016 ਨੂੰ ਕੈਬਨਿਟ ਦੀ ਮੀਟਿੰਗ ਵਿਚ ਕੀਤਾ ਗਿਆ ਸੀ, ਪਰ ਕੁਝ ਤਕਨੀਕੀ ਕਮੀਆਂ ਕਰਕੇ ਸਾਡਾ ਇਸ਼ਤਿਹਾਰ ਜਾਰੀ ਕਰਦੇ ਕਰਦੇ 8 ਮਹੀਨੇ ਦਾ ਸਮਾਂ ਲੱਗ ਗਿਆ। ਇਸ ਸਮੇਂ ਦੌਰਾਨ ਪਿਛਲੀ ਸਰਕਾਰ ਨੇ 2016 ਸਤੰਬਰ ਮਹੀਨੇ ਪ੍ਰਬੋਸ਼ਨ ਪੀਰੀਅਡ 2 ਸਾਲ ਤੋਂ ਵਧਾ ਕੇ 3 ਸਾਲ ਕਰ ਦਿੱਤਾ ਅਤੇ ਜਦੋਂ ਨਵੀਂ ਸਰਕਾਰ ਨੇ 5 ਮਈ 2017 ਨੂੰ 919 ਵਰਕਰਾਂ ਨੂੰ ਆਰਡਰਾਂ ਦੀ ਲਿਸਟ ਜਾਰੀ ਕੀਤੀ ਤਾਂ ਉਸ ਵਿਚ 1263 ਮਪਹਵ ਮੇਲ ਭਰਤੀ ਦਾ ਪ੍ਰਬੋਸ਼ਨ ਪੀਰਡ 3 ਸਾਲ ਦੇ ਆਰਡਰ ਜਾਰੀ ਕੀਤੇ ਗਏ, ਜਿਸ 'ਤੇ 5 ਮਈ 2017 ਨੂੰ ਹੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ 919 ਭਰਤੀ ਦੇ ਆਰਡਰਾਂ ਤੇ ਸਟੇਅ ਕੀਤਾ ਗਿਆ ਸੀ, ਤਕਰੀਬਨ 1 ਸਾਲ ਅਤੇ 6 ਮਹੀਨੇ ਬਾਅਦ 5 ਨਵੰਬਰ 2018 ਨੂੰ 1263 ਮਪਹਵ ਮੇਲ ਭਰਤੀ ਦੇ ਦੁਬਾਰਾ ਆਰਡਰ ਜਾਰੀ ਕੀਤੇ ਗਏ, ਜਿਸ ਅਨੁਸਾਰ 1263 ਮਪਹਵ ਵਰਕਰਾਂ ਦਾ ਪ੍ਰਬੋਸ਼ਨ ਪੀਰੀਅਡ 3 ਸਾਲ ਦੀ ਸੂਰਤ ਰੱਖੀ ਗਈ। ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡਾ ਪ੍ਰਬੋਸ਼ਨ ਪੀਰੀਅਡ 2 ਸਾਲ ਕੀਤਾ ਜਾਵੇ, ਕਿਉਂਕਿ ਸਾਡੀ ਭਰਤੀ ਮਲਟੀਪਰਪਜ਼ ਹੈੱਲਥ ਵਰਕਰ 1263 ਆਸਾਮੀਆਂ ਕੈਬਨਿਟ ਮੀਟਿੰਗ ਵਿਚ ਐਲਾਣ ਕਰ ਦਿੱਤਾ ਗਿਆ ਸੀ ਜੋ ਕਿ ਪੰਜਾਬ ਦੀਆਂ ਵੱਖ ਵੱਖ ਅਖਬਾਰਾਂ ਵਿਚ ਵੀ ਆਇਆ ਸੀ। ਨੋਟੀਫਿਕੇਸ਼ਨ ਪੰਜਾਬ ਸਰਕਾਰ ਦੇ ਨਵੇਂ ਨੋਟੀਫਿਕੇਸ਼ਨ ਤੋਂ ਪਹਿਲਾ ਹੋ ਗਿਆ ਸੀ, ਜੇਕਰ ਸਰਕਾਰ ਨੇ ਸਾਡੀ ਮੰਗ ਤੇ ਕੋਈ ਧਿਆਨ ਨਾ ਦਿੱਤਾ ਤਾਂ ਮਜ਼ਬੂਰਨ ਸਾਨੂੰ ਸੰਘਰਸ਼ ਦੇ ਰਸਤਾ 'ਤੇ ਚੱਲਣਾ ਪਵੇਗਾ। ਇਸ ਮੌਕੇ ਮਲਟੀਪਰਪਜ਼ ਪ੍ਰਧਾਨ ਨਰਿੰਦਰ ਸ਼ਰਮਾ, ਪੁਨੀਤ ਮਹਿਤਾ, ਰਵਿੰਦਰ ਸ਼ਰਮਾ, ਸੰਗੀਤਾ, ਸੁਖਵਿੰਦਰ ਕੌਰ, ਬਲਵੰਤ, ਬਲਵਿੰਦਰ ਕੌਰ ਆਦਿ ਹਾਜ਼ਰ ਸਨ।