ਕਾਲੇ ਝੰਡੇ ਲੈ ਕੇ ਸਰਪੰਚ ਹਰਸੰਗਤ ਸਿੰਘ ਦੀ ਅਗਵਾਈ ਵਿਚ ਮਜੀਠੀਆ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਲੋਕ।
ਕੁਲਵੰਤ ਸਿੰਘ ਬੱਬੂ
ਚਿੱਟੇ ਦਾ ਵਪਾਰੀ ਸੈਂਕੜੇ ਲੋਕਾਂ ਦਾ ਅਸਲ ਕਾਤਲ ਹੈ ਮਜੀਠੀਆ : ਹਰਸੰਗਤ ਸਿੰਘ
ਪੁਲਸ ਨੇ ਬੇਕਾਬੂ ਹੋਏ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਸਾਂਭਿਆ
ਪਟਿਆਲਾ, 09 ਦਸੰਬਰ 2019: ਇਥੋਂ ਨੇੜਲੇ ਪਿੰਡ ਤਖਤੂਮਾਜਰਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਬਿਕਰਮ ਸਿੰਘ ਮਜੀਠੀਆ ਵਲੋ ਇਥੇ ਪੁੱਜ ਕੇ ਮਾਮਲਾ ਭੜਕਾਉਣ ਤੇ ਅਸਲ ਦੋਸੀਆਂ ਖਿਲਾਫ ਕਾਰਵਾਈ ਨਾ ਹੋਣ ਦੇਣ ਤੇ ਪਿੰਡ ਦੇ ਕਾਂਗਰਸੀ ਸਰਪੰਚ ਹਰਸੰਗਤ ਸਿੰਘ ਦੀ ਅਗਵਾਈ ਵਿਚ ਸੈਂਕੜੇ ਲੋਕ ਕਾਲੇ ਝੰਡੇ ਲੈ ਕੇ ਮਜੀਠਿਆ ਰੋਸ ਪ੍ਰਦਰਸ਼ਨ ਕੀਤਾ। ਘਨੌਰ ਪੁਲਸ ਨੇ ਟਕਰਾਅ ਨੂੰ ਟਾਲਣ ਲਈ ਬਹੁਤ ਹੀ ਮੁਸ਼ਕਲ ਨਾਲ ਹਾਲਾਤ ਨੂੰ ਕਾਬੂ ਕੀਤਾ।
ਇਸ ਮੌਕੇ ਲੋਕਾਂ ਨੇ ਬਿਕਰਮ ਮਜੀਠੀਆ ਨੂੰ ਚਿੱਟੇ ਦਾ ਵਪਾਰੀ ਤੇ ਰੇਤ ਦਾ ਸਰਗਣਾ ਕਹਿ ਕੇ ਨਾਅਰੇਬਾਜੀ ਕਰਦਿਆਂ ਕਿਹਾ ਕਿ ਮਜੀਠੀਆ ਨੇ ਪੰਜਾਬ ਵਿਚ ਚਿੱਟਾ ਵੇਚ ਕੇ ਸੈਂਕੜੇ ਮੁੰਡਿਆਂ ਨੂੰ ਮਰਵਾ ਦਿੱਤਾ ਹੈ, ਇਸ ਲਈ ਸਾਡੇ ਪਿੰਡ ਆ ਕੇ ਮਜੀਠੀਆ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਹੈ। ਹਰਸੰਗਤ ਸਿੰਘ ਨੇ ਕਿਹਾ ਕਿ ਕਾਤਲ ਮਜੀਠਿਆ ਹੈ ਜਿਸ ਖਿਲਾਫ਼ ਮਾਮਲਾ ਭੜਕਾਉਣ ਦਾ ਕੇਸ ਦਰਜ ਹੋਣਾ ਚਾਹੀਦਾ ਹੈ। ਪਿੰਡ ਦੇ ਸਰਪੰਚ ਹਰਸੰਗਤ ਸਿੰਘ ਤੇ ਲੋਕਾਂ ਨੇ ਜਮ ਕੇ ਨਾਅਰੇਬਾਜੀ ਕਰਦਿਆਂ ਆਖਿਆ ਕਿ ਅਕਾਲੀ ਦਲ ਦੇ ਕੁਝ ਆਗੂ ਬਲਦੀ ਵਿਚ ਤੇਲ ਪਾ ਰਹੇ ਹਨ ਜਦੋਂ ਕਿ ਇਹ ਗੱਲ ਪੂਰੀ ਤਰਾਂ ਸਪੱਸ਼ਟ ਹੈ ਕਿ ਪੁਲਸ ਕੋਲ ਵੀਡੀਓਜ਼ ਵੀ ਮੌਜੂਦ ਹਨ ਕਿ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿਚ ਸਰਪੰਚ ਹਰਸੰਗਤ ਸਿੰਘ ਤੇ ਉਸ ਦੇ ਭਰਾ ਦੀ ਕਿਰਪਾਨਾਂ ਨਾਲ ਹਮਲਾ ਕਰਕੇ ਕੁੱਟਮਾਰ ਕੀਤੀ ਗਈ। ਉਨਾਂ ਆਖਿਆ ਕਿ ਇਸ ਤੋਂ ਵੱਧ ਅਕਾਲੀ ਵਰਕਰਾਂ ਦੀ ਗੁੰਡਾਗਰਦੀ ਕੀ ਹੋ ਸਕਦੀ ਹੈ। ਸਰਪੰਚ ਹਰਸੰਗਤ ਸਿੰਘ ਤੇ ਲੋਕਾਂ ਨੇ ਆਖਿਆ ਕਿ ਜਿਹੜੀ ਬੀਬੀ ਜਾਗੀਰ ਕੌਰ ਦੀ ਮੌਤ ਹੋਈ ਹੈ, ਉਸ ਦਾ ਸਾਨੂੰ ਬਹੁਤ ਅਫਸੋਸ ਹੈ ਪਰ ਬੀਬੀ ਜਾਗੀਰ ਕੌਰ 11 ਸਾਲਾਂ ਤੋਂ ਬੀਮਾਰ ਚਲੇ ਆ ਰਹੇ ਹਨ ਤੇ ਇਸ ਮੌਤ ਨੂੰ ਇਸ ਕੇਸ ਨਾਲ ਜੋੜਨਾ ਬੇਹੱਦ ਮੰਦਭਾਗਾ ਹੈ। ਲੋਕਾਂ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਵੀ ਉਨਾਂ ਨਾਲ ਬਹੁਤ ਧੱਕਾ ਹੋਇਆ ਹੈ। ਉਨਾਂ ਆਖਿਆ ਕਿ ਮਜੀਠੀਆ ਇਹ ਕਹਿ ਰਿਹਾ ਹੈ ਕਿ ਵਿਧਾਇਕ ਜਲਾਲਪੁਰ ਇਸ ਕਾਂਡ ਲਈ ਜਿੰਮੇਵਾਰ ਹੈ ਪਰ ਹੈਰਾਨੀ ਹੈ ਕਿ ਅਜੇ ਤੱਕ 42 ਵਿਚੋਂ ਪੁਲਸ ਨੇ ਸਿਰਫ 18 ਨੂੰ ਹੀ ਫੜਿਆ ਹੈ ਤੇ ਬਾਕੀ ਅਜੇ ਵੀ ਪੁਲਸ ਦੀ ਗਿ੍ਰਫਤ ਤੋਂ ਬਾਹਰ ਹਨ। ਲੋਕਾਂ ਨੇ ਮਜੀਠੀਆ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਐਮਰਜੈਂਸੀ ਵਿਚ ਕਿਰਪਾਨਾ ਨਾਲ ਵੱਢ ਦੇਣਾ ਅਕਾਲੀ ਦਲ ਦੀ ਫਿਤਰਤ ਹੈ। ਸਰਪੰਚ ਹਰਸੰਗਤ ਸਿੰਘ ਨੇ ਕਿਹਾ ਕਿ ਜੇਕਰ ਬਾਕੀ ਦੋਸ਼ੀਆਂ ਨੂੰ ਵੀ ਪੁਲਸ ਨੇ ਤੁਰੰਤ ਗਿ੍ਰਫਤਾਰ ਨਾ ਕੀਤਾ ਤਾਂ ਪਿੰਡ ਦੇ ਸਮੁੱਚੇ ਲੋਕ ਸੜਕਾਂ ਵੀ ਜਾਮ ਕਰਨਗੇ।
ਲੋਕਾਂ ਨੇ ਕਿਹਾ ਕਿ ਮਜੀਠੀਆ ਕਹਿ ਰਹੇ ਹਨ ਕਿ ਉਹ ਅਫਸੋਸ ਕਰਨ ਆਏ ਹਨ ਪਰ ਪੂਰੇ ਜਿਲੇ ਦੇ ਅਕਾਲੀ ਵਰਕਰ ਤੇ ਨੇਤਾ ਇਕੱਠੇ ਕਰਕੇ ਪਿੰਡ ਵਿਚ ਕਿਹੜਾ ਅਫਸੋਸ ਕਰ ਰਹੇ ਹਨ ਇਹ ਸਭ ਨੂੰ ਪਤਾ ਹੈ। ਉਨਾਂ ਆਖਿਆ ਕਿ ਅਕਾਲੀ ਦਲ ਇਸ ਮੁੱਦੇ ’ਤੇ ਰਾਜਸੀ ਰੋਟੀਆਂ ਸੇਕਣੀਆਂ ਬੰਦ ਕਰੇ ਤੇ ਅਸਲੀਅਤ ਨੂੰ ਪਛਾਣੇ। ਸਰਪੰਚ ਹਰਸੰਗਤ ਸਿੰਘ ਨੇ ਕਿਹਾ ਕਿ ਮਜੀਠੀਆ ਇਸ ਪਿੰਡ ਵਿਚ ਅੱਜ ਤਕ ਕਿਸੇ ਲਈ ਅਫਸੋਸ ਕਰਨ ਨਹੀਂ ਆਇਆ ਇਸ ਲਈ ਇਹ ਡਰਾਮੇਬਾਜੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨਾਂ ਆਖਿਆ ਕਿ ਮੈਂ ਕਿਸਾਨ ਦਾ ਸਪੁੱਤਰ ਹਾਂ ਤੇ ਮੈਂ ਅੱਜ ਵੀ ਪਿੰਡ ਵਿਚ ਇਕ ਚੱਕੀ ਤੇ ਸ਼ਟਰਿੰਗ ਦੀ ਦੁਕਾਨ ਚਲਾ ਰਿਹਾ ਹਾਂ ਤੇ ਆਪਣੀ ਖੇਤੀ ਕਰ ਰਿਹਾ ਹਾਂ। ਉਨਾਂ ਆਖਿਆ ਕਿ ਲੋਕਾਂ ਵਿਚ ਅਕਾਲੀ ਦਲ ਦੀ ਗੁੰਡਾਗਰਦੀ ਖਿਲਾਫ ਰੋਸ ਵਧ ਰਿਹਾ ਹੈ।