ਜਗਦੀਸ਼ ਥਿੰਦ
ਅਬੋਹਰ/ਫਾਜ਼ਿਲਕਾ, 9 ਦਸੰਬਰ:
ਗ੍ਰਾਮ ਪੰਚਾਇਤ ਅਤੇ ਪਸ਼ੂ ਪਾਲਕ ਪਿੰਡ ਢੀਂਗਾਵਾਲੀ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਦਾਣਾ ਮੰਡੀ ਢੀਂਗਾਵਾਲੀ ਵਿਖੇ ਪਸ਼ੂ ਨਸਲ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।
ਪਸ਼ੂ ਨਸਲ ਪ੍ਰਦਰਸ਼ਨੀ ’ਚ ਮੁੱਖ ਮਹਿਮਾਨ ਵੱਜੋਂ ਕੈਬਨਿਟ ਮੰਤਰੀ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਪਸ਼ੂ ਪਾਲਣ, ਮੱਛੀ ਅਤੇ ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਅਤੇ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਸਿਹਤ ਅਤੇ ਪਰਿਵਾਰ ਭਲਾਈ, ਕਿਰਤ ਮਾਮਲੇ ਪੰਜਾਬ ਨੇ ਸਿਰਕਤ ਕੀਤੀ।
ਪਸ਼ੂ ਨਸਲ ਪ੍ਰਦਰਸ਼ਨੀ ਮੌਕੇ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਸ. ਤਿ੍ਰਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਪਿੰਡ ਢੀਂਗਾਵਾਲੀ ਦੇ ਸਮੂਹ ਪਸ਼ੂ ਪਾਲਕ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵੱਲੋਂ ਸਾਹੀਵਾਲ ਨਸਲ ਦੀਆਂ ਗਾਵਾਂ ਦੇ ਕਿੱਤੇ ਨੰੂ ਉਤਸ਼ਾਹਿਤ ਕਰਕੇ ਆਪਣੀ ਆਰਥਿਕਤਾ ਨੰੂ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸੂਬੇ ਅੰਦਰ 4 ਲੱਖ 40 ਹਜ਼ਾਰ ਮੱਝਾਂ, ਗਾਵਾਂ ਨੰੂ ਹਰ ਪੱਖੋਂ ਮਿਆਰੀ ਸੀਮਨ ਨਾਲ ਮਨਸੂਈ ਗਰਭਧਾਰਨ ਕਰਾਉਣ ਦੀ ਮੁਫ਼ਤ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ 22 ਜ਼ਿਲਿਆਂ ਅੰਦਰ ਇਸ ਸਕੀਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ 15 ਮਾਰਚ 2020 ਤੱਕ ਲਾਗੂ ਰਹੇਗੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਦੇ ਕਿੱਤੇ ਨੰੂ ਹੋਰ ਵਧੇਰੇ ਲਾਹੇਵੰਦ ਬਣਾਉਣ ਲਈ ਰਾਜ ਸਰਕਾਰ ਵੱਲੋਂ ਵਿਸ਼ੇਸ ਯੋਜਨਾਵਾਂ ਉਲੀਕੀਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਹੀਵਾਲ ਨਸਲ ਦੀਆਂ ਗਾਵਾਂ ਪਾਲਣ ਨਾਲ ਜਿੱਥੇ ਪਸ਼ੂ ਪਾਲਕ ਲੋਕਾਂ ਨੰੂ ਦੁੱਧ ਦੀ ਕੁਆਲਟੀ ਅਤੇ ਗੁਣਵਤਾ ਮੁਹੱਈਆ ਕਰਵਾ ਸਕਦੇ ਹਨ, ਉਥੇ ਪਸ਼ੂ ਪਾਲਕਾਂ ਲਈ ਚੰਗੀ ਆਮਦਨ ਦਾ ਜ਼ਰੀਆ ਵੀ ਬਣ ਸਕਦਾ ਹੈ।
ਕੈਬਨਿਟ ਮੰਤਰੀ ਸ. ਬਾਜਵਾ ਨੇ ਸਰਕਾਰੀ ਹਾਈ ਸਕੂਲ ਢੀਂਗਾਵਾਲੀ ਦੀਆਂ ਵਿਦਿਆਰਥਣਾਂ ਵੱਲੋਂ ਕਬੱਡੀ ਅੰਦਰ ਸਟੇਟ ਪੱਧਰ ’ਤੇ ਗੋਲਡ ਮੇਡਲ ਜਿੱਤਣ ਅਤੇ ਨੈਸ਼ਨਲ ਟੀਮ ਅੰਦਰ 5 ਲੜਕੀਆਂ ਦੀ ਚੋਣ ਹੋਣ ਦੀ ਖੁਸ਼ੀ ’ਚ ਸਕੂਲ ਅੰਦਰ ਜ਼ਿਮ ਸਥਾਪਤ ਕਰਨ ਲਈ 5 ਲੱਖ ਰੁਪਏ ਅਤੇ ਗ੍ਰਾਮ ਪੰਚਾਇਤ ਢੀਂਗਾਵਾਲੀ ਦੇ ਵਿਕਾਸ ਕਾਰਜ਼ਾਂ ਲਈ 20 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ।
ਇਸ ਤੋਂ ਪਹਿਲਾ ਕੈਬਨਿਟ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੰੂ ਤਰੱਕੀ ਦੇ ਰਾਹ ’ਤੇ ਲਿਜਾਉਣ ਲਈ ਪਸ਼ੂ ਪਾਲਣ ਵਿਭਾਗ ਪੰਜਾਬ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੰੂ ਰਵਾਇਤੀ ਫ਼ਸਲਾਂ ਦੇ ਚੱਕਰ ਵਿੱਚ ਨਿਕਲ ਕੇ ਸਹਾਇਕ ਧੰਦਿਆਂ ਵੱਲ ਵਿਸੇਸ ਧਿਆਨ ਦੇਣ ਦੀ ਲੋੜ ਹੈ। ਉਨ੍ਹਾਂ ਗ੍ਰਾਮ ਪੰਚਾਇਤ ਵੱਲੋਂ ਪਿੰਡ ਅੰਦਰ ਡਿਸਪੈਂਸਰੀ ਸਥਾਪਤ ਕਰਨ ਦੀ ਚੁੱਕੀ ਮੰਗ ਨੰੂ ਜਲਦੀ ਤੋਂ ਜਲਦੀ ਹਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਰਾਜ ਦੇ ਲੋਕਾਂ ਨੰੂ ਹੋਰ ਵਧੇਰੇ ਮਿਆਰੀ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਪਿੰਡ ਪੱਧਰ ਤੇ ਵੈਲਨਸ ਸੈਂਟਰਾਂ ਵਿਖੇ ਰਾਜ ਅੰਦਰ 2950 ਸੀ.ਐਚ.ਓ (ਕਮਿਊਨਟੀ ਹੈਲਥ ਅਫ਼ਸਰ) ਤਾਇਨਾਤ ਕੀਤੇ ਜਾਣੇ ਹਨ, ਜਿਸਦੇ ਵਿੱਚੋਂ 950 ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਉਨ੍ਹਾਂ ਸ. ਬਾਜਵਾ ਨੰੂ ਪਿੰਡ ਅੰਦਰ ਮਿਲਕ ਪਲਾਂਟ ਦਾ ਪ੍ਰੋਜੈਕਟ ਲਿਆਉਣ ਦੀ ਸਿਫਾਰਸ਼ ਕੀਤੀ ਤਾਂ ਜੋ ਪਿੰਡ ਦੇ ਨੌਜਵਾਨਾਂ ਨੰੂ ਵੱਡੇ ਪੱਧਰ ’ਤੇ ਰੋਜ਼ਗਾਰ ਮਿਲ ਸਕੇ।
ਇਸ ਮੌਕੇ ਕੈਬਨਿਟ ਮੰਤਰੀ ਸ੍ਰ. ਤਿ੍ਰਪਤ ਰਜਿੰਦਰ ਸਿਘ ਬਾਜਵਾ ਅਤੇ ਕੈਬਨਿਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਵੱਖ-ਵੱਖ ਵਿਭਾਗਾਂ ਵੱਲੋਂ ਲਗਾਈਆਂ ਪਸ਼ੂ ਨਸਲ ਪ੍ਰਦਰਸ਼ਨੀਆਂ ਦਾ ਜਾਇਜ਼ਾ ਲਿਆ ਅਤੇ ਮੇਲੇ ਅੰਦਰ ਵਧੀਆਂ ਨਸ਼ਲ ਦੇ ਪਸ਼ੂ ਲੈ ਕੇ ਆਉਣ ਵਾਲੇ ਕਿਸਾਨਾਂ ਨੰੂ ਰਾਜ ਸਰਕਾਰ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਭਰੋੋਸਾ ਦਿੱਤਾ। ਗਾ੍ਰਮ ਪੰਚਾਇਤ ਢੀਂਗਾਵਾਲੀ ਵੱਲੋਂ ਦੋਵੇਂ ਮੰਤਰੀ ਸਾਹਿਬਾਨ ਨੰੂ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਬਲੂਆਣਾ ਨੱਥੂ ਰਾਮ, ਅਜੈਵੀਰ ਜਾਖੜ ਚੇਅਰਮੈਨ ਪੰਜਾਬ ਖੇਤੀਬਾੜੀ ਕਮਿਸ਼ਨ, ਸੰਦੀਪ ਜਾਖੜ ਸੀਨੀਅਰ ਕਾਂਗਰਸੀ ਆਗੂ, ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ, ਐਸ.ਐਸ.ਪੀ. ਭੁਪਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਿਪਾਲ ਸਿੰਘ ਖੋਖਰ, ਐਸ.ਡੀ.ਐਮ. ਅਬੋਹਰ ਮੈਡਮ ਪੂਨਮ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਰਾਕੇਸ਼ ਗਰੋਵਰ, ਪੀ.ਏ.ਟੂ ਸਿਹਤ ਮੰਤਰੀ ਹਰਕੇਸ਼ ਸ਼ਰਮਾ, ਓ.ਐਸ.ਡੀ. ਟੂ ਪੇਂਡੂ ਵਿਕਾਸ ਮੰਤਰੀ ਗੁਰਦਰਸ਼ਨ ਸਿੰਘ ਬਾਹੀਆ ਅਤੇ ਹੋਰ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।