ਪੰਜਾਬ ਸਰਕਾਰ ਵੱਲੋਂ ਖਜਾਨਾ ਖਾਲੀ ਹੋਣ ਦਾ ਢੰਡੋਰਾ ਪਿੱਟਣ ਅਤੇ ਕੇਂਦਰ ਵੱਲੋਂ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਬਹਾਨਾ ਬਣਾ ਕੇ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਤੱਕ ਨਵੰਬਰ ਮਹੀਨੇ ਦੀ ਤਨਖਾਹ ਨਾ ਦਿੱਤੇ ਜਾਣ ਦੇ ਰੋਸ ਵਜੋਂ ਸੂਬਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸੱਦੇ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀਆਂ ਸਾਰੀਆਂ ਕੈਟਾਗਿਰੀਆਂ ਦੇ ਮੁਲਾਜ਼ਮਾਂ ਨੇ ਸਮੂਹਿਕ ਹੜਤਾਲ ਕੀਤੀ ਅਤੇ ਉੱਪ ਮੰਡਲ ਦਫਤਰ ਮੂਹਰੇ ਰੋਸ ਧਰਨਾ ਦਿੱਤਾ।ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਮੁਲਾਜ਼ਮ ਵਰਗ ਨਾ ਸ਼ਰੇਆਮ ਧੱਕਾ ਹੈ।ਜੇਕਰ ਖਜਾਨਾ ਖਾਲੀ ਹੈ ਜਾਂ ਸਰਕਾਰ ਵਿੱਤੀ ਸੰਕਟ ਨਾਲ ਜੂਝ ਰਹੀ ਹੈ ਤਾਂ ਮੰਤਰੀਆਂ ਨੂੰ ਵੀ ਸਰਕਾਰੀ ਖਰਚੇ ਘੱਟ ਕਰਨ ਦੀ ਲੋੜ੍ਹ ਹੈ।ਵਿੱਤੀ ਸੰਕਟ ਦੇ ਬਾਵਜੂਦ ਮੰਤਰੀਆਂ ਦੀਆਂ ਗੱਡੀਆਂ ਅਤੇ ਖਰਚਿਆਂ ਚ ਕੋਈ ਕਮੀ ਨਹੀਂ ਆਈ।ਵਿੱਤੀ ਸੰਕਟ ਦਾ ਭਾਂਡਾ ਮੁਲਾਜ਼ਮਾਂ ਦੀਆਂ ਤਨਖਾਹਾਂ ਸਿਰ ਹੀ ਕਿਉਂ ਭੰਨਿਆ ਜਾਂਦਾ ਹੈ।ਜਦਕਿ ਹਰ ਮੁਲਾਜ਼ਮ, ਹਰ ਨਾਗਰਿਕ ਟੈਕਸ,ਬਿਲ ਆਦਿ ਸਭ ਅਦਾ ਕਰ ਰਿਹਾ ਹੈ।ਤਨਖਾਹਾਂ ਦੇਣ ਲਈ ਸਰਕਾਰ ਫੰਡਾਂ ਦਾ ਅਗਾਊਂ ਪ੍ਰਬੰਧਨ ਕਿਉਂ ਨਹੀਂ ਕਰਦੀ।ਮੁਲਾਜ਼ਮ ਆਗੂਆਂ ਵੱਲੋਂ ਸਰਕਾਰ ਦੇ ਤਨਖਾਹਾਂ ਨਾ ਦੇ ਸਕਣ ਉੱਪਰ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।ਸਮੂਹ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਤਨਖਾਹਾਂ ਤੁਰੰਤ ਜਾਰੀ ਕਰਨ ਪੁਰਜੋਰ ਮੰਗ ਕੀਤੀ।ਇਸ ਸਮੇਂ ਧਰਨਾਕਾਰੀਆਂ ਚ ਹੋਰਨਾਂ ਤੋਂ ਇਲਾਵਾ ਸਤਨਾਮ ਸਿੰਘ ਸਹਾਇਕ ਇੰਜੀਨੀਅਰ, ਸੁਰਜੀਤ ਸਿੰਘ ਜੇਈ,ਯੂਨਾਈਟਿਡ ਟੈਕਨੀਕਲ ਇੰਪਲਾਈਜ਼ ਦੇ ਪ੍ਰਧਾਨ ਸੁਰਿੰਦਰ ਸਿੰਘ ਅੰਟਾਲ,ਪ੍ਰਧਾਨ ਭਜਨ ਸਿੰਘ ਖੋਖਰ,ਮੁਖਤਿਆਰ ਸਿੰਘ ਲੋਹਸਿੰਬਲੀ,ਜਲ ਸਪਲਾਈ ਅਤੇ ਸੈਨੀਟੇਸ਼ਨ ਮਸਟਰੋਲ ਯੂਨੀਅਨ ਦੇ ਗੁਰਮੇਲ ਸਿੰਘ ਲਾਛੜੂ,ਦਫਤਰ ਅਤੇ ਫੀਲਡ ਦੇ ਸਮੂਹ ਮੁਲਾਜ਼ਮ ਹਾਜਰ ਸਨ