ਪਟਿਆਲਾ, 9 ਦਸੰਬਰ 2019 : ਪਟਿਆਲਾ ਜ਼ਿਲੇ ਦੇ ਪਿੰਡ ਤਖਤੂਮਾਜਰਾ ਵਿਚ ਸਥਾਨਕ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਸ਼ਹਿ `ਤੇ ਸਰਪੰਚ ਵੱਲੋਂ ਕੀਤੀ ਗੁੰਡਾਗਰਦੀ ਤੋਂ ਅਕਾਲੀ ਦਲ ਭੜਕ ਉਠਿਆ ਹੈ ਤੇ ਪਾਰਟੀ ਨੇ ਇਸ ਮਾਮਲੇ ਬੀਬੀ ਜਗੀਰ ਕੌਰ ਦੀ ਮੌਤ ਨੂੰ ਸਰਕਾਰ ਵੱਲੋਂ ਕਰਵਾਇਆ ਕਤਲ ਕਰਾਰ ਦਿੰਦਿਆਂ ਇਸ ਲਈ ਵਿਧਾਇਕ ਜਲਾਲਪੁਰ `ਤੇ ਕਤਲ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।
ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਹੁਕਮਾਂ `ਤੇ ਪਿੰਡ ਤਖਤੂਮਾਜਰਾ ਵਿਖੇ ਪੀੜਤ ਪਰਿਵਾਰ ਦੇ ਘਰ ਅਫਸੋਸ ਕਰਨ ਪਹੁੰਚੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸ਼ਮੂਲੀਅਤ ਵਾਲੀ ਟੀਮ ਨੇ ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਧਾਇਕ ਜਲਾਲਪੁਰ ਦੀ ਸ਼ਹਿ `ਤੇ ਨਾ ਸਿਰਫ ਪਿੰਡ ਵਿਚ ਬਲਕਿ ਪੁਲਿਸ ਥਾਣੇ ਵਿਚ ਵੀ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਤੇ ਹਾਲਾਤ ਗੱਦਾਫੀ ਦੇ ਰਾਜ ਤੋਂ ਵੀ ਬਦਤਰ ਬਣੇ ਹੋਏ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਨੇ ਉਲਟਾ ਪੀੜਤ ਧਿਰ ਦੇ 42 ਵਿਅਕਤੀਆਂ `ਤੇ ਕੇਸ ਦਰਜ ਕਰ ਦਿੱਤਾ ਜੋ ਪੂਰੀ ਤਰਾਂ ਨਜਾਇਜ਼ ਹੈ।
ਸ੍ਰ ਮਜੀਠੀਆ ਤੇ ਡਾ. ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪਿੰਡ ਵਿਚ ਲਾਊਡ ਸਪੀਕਰ ਲਗਾ ਕੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਕੋਈ ਵੀ ਪੀੜਤ ਪਰਿਵਾਰ ਨਾਲ ਰਾਬਤਾ ਨਾ ਰੱਖੇ। ਉਹਨਾਂ ਦੇ ਡੰਗਰ ਖੋਲ ਦਿੱਤੇ ਗਏ ਤੇ ਖੇਤਾਂ ਵਿਚ ਫਸਲਾਂ ਨੂੰ ਪਾਣੀ ਛੱਡ ਕੇ ਅਤੇ ਹੋਰ ਤਰੀਕਿਆਂ ਨਾਲ ਤਬਾਹ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਇੰਨਾ ਜ਼ਿਆਦਾ ਜ਼ੁਲਮ ਤੇ ਤਸ਼ੱਦਦ ਵਿਧਾਇਕ ਦੀ ਸ਼ਹਿ `ਤੇ ਪਿੰਡ ਦੇ ਸਰਪੰਚ ਵੱਲੋਂ ਕੀਤਾ ਜਾ ਰਿਹਾ ਹੈ ਜੋ ਇਤਿਹਾਸ ਵਿਚ ਵੇਖਣ ਨੂੰ ਨਹੀਂ ਮਿਲਦਾ ਤੇ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਹ ਸਭ ਕੁਝ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਜ਼ਿਲੇ ਅਤੇ ਉਹਨਾਂ ਦੀ ਧਰਮ ਪਤਨੀ ਪ੍ਰਨੀਤ ਕੌਰ ਦੇ ਸੰਸਦੀ ਹਲਕੇ ਵਿਚ ਵਾਪਰ ਰਿਹਾ ਹੈ। ਉਹਨਾਂ ਕਿਹਾ ਕਿ ਆਪਸ ਵਿਚ ਰਿਸ਼ਤੇਦਾਰ ਵਿਧਾਇਕਾਂ ਦੀ ਜੋੜੀ ਨੇ ਨਜਾਇਜ਼ ਸ਼ਰਾਬ ਤੇ ਮਾਇਨਿੰਗ ਸਮੇਤ ਹਰ ਤਰਾਂ ਦੇ ਧੰਦੇ ਪੂਰੇ ਜ਼ੋਰਾਂ ਸ਼ੋਰਾਂ ਨਾਲ ਚਲਾਏ ਹਨ ਤੇ ਇਸ ਪਿੰਡ ਦਾ ਸਰਪੰਚ ਵੀ ਉਹਨਾਂ ਦੇ ਧੰਦੇ ਵਿਚ ਸ਼ਾਮਲ ਹੈ।
ਦੋਹਾਂ ਆਗੂਆਂ ਨੇ ਕਿਹਾ ਕਿ ਰਾਜ ਵਿਚ ਵੱਖ ਵੱਖ ਥਾਵਾਂ `ਤੇ ਅਜਿਹੀਆਂ ਹੀ ਘਟਨਾਵਾਂ ਰਹੀਆਂ ਹਨ। ਗੁਰਦਾਸਪੁਰ ਵਿਚ ਵੀ ਉਥੇ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸ਼ਹਿ `ਤੇ ਗੈਂਗਸਟਰਾਂ ਦੀ ਮਦਦ ਨਾਲ ਵਿਅਕਤੀ ਦਾ ਕਤਲ ਕੀਤਾ ਗਿਆ ਤੇ ਇਥੇ ਵੀ ਮਹਿਲਾ ਸਿਰਫ ਇਸ ਕਾਰਨ ਮੌਤ ਦੇ ਮੂੰਹ ਵਿਚ ਜਾ ਪਈ ਕਿਉਂਕਿ ਵਿਧਾਇਕ ਦੇ ਗੁੰਡਿਆਂ ਨੇ ਨਾ ਤਾਂ ਪਰਿਵਾਰ ਦਾ ਕੋਈ ਜੀਅ ਉਸ ਕੋਲ ਰਹਿਣ ਤੇ ਨਾ ਹੀ ਆਂਢੀ ਗੁਆਂਢੀ ਹੀ ਇਸ ਮਹਿਲਾ ਦੀ ਸਾਰ ਲੈ ਸਕਦੇ। ਉਹਨਾਂ ਕਿਹਾ ਕਿ ਪਿੰਡ ਵਿਚ 40 ਘਰਾਂ ਨੂੰ ਜ਼ਿੰਦਰੇ ਵੱਜੇ ਹੋਏ ਹਨ ਤੇ ਜੇਕਰ ਅਸੀਂ ਅੱਜ ਅਫਸੋਸ ਕਰਨ ਪਹੁੰਚੇ ਤਾਂ ਅਫਸੋਸ ਕਰਨ `ਤੇ ਕਾਲੀਆਂ ਝੰਡੀਆਂ ਲੈ ਕੇ ਪੁਲਿਸ ਦੀ ਮਦਦ ਨਾਲ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਇਸ ਮੌਕੇ ਮਜੀਠੀਆ ਨੇ ਐਸ ਐਸ ਪੀ ਮਨਦੀਪ ਸਿੰਘ ਸਿੱਧੂ ਨਾਲ ਖੁਦ ਫੋਨ `ਤੇ ਗੱਲ ਕੀਤੀ ਤੇ ਮਾਮਲੇ ਵਿਚ ਪੀੜਤਾਂ ਨਾਲ ਨਿਆਂ ਕਰਨ ਦੀ ਸਲਾਹ ਦਿੱਤੀ। ਉਹਨਾਂ ਦੱਸਿਆ ਕਿ ਅਸੀਂ ਮਾਮਲੇ ਵਿਚ 11 ਦਸੰਬਰ ਤੱਕ ਦਾ ਅਲਟੀਮੇਟਮ ਸਰਕਾਰ ਤੇ ਪੁਲਿਸ ਨੂੰ ਦਿੱਤਾ ਹੈ ਅਤੇ ਜੇਕਰ 11 ਦਸੰਬਰ ਤੱਕ ਨਿਆਂ ਨਾ ਮਿਲਿਆ ਤਾਂ ਫਿਰ ਪਟਿਆਲਾ ਜ਼ਿਲੇ ਦੀ ਲੀਡਰਸ਼ਿਪ ਦੀ ਸਲਾਹ ਅਨੁਸਾਰ ਅਗਲੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਮਾਮਲੇ `ਤੇ ਅਦਾਲਤ ਤੱਕ ਪਹੁੰਚ ਕਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ।