ਹਰਜਿੰਦਰ ਸਿੰਘ ਬਸਿਆਲਾ
ਔਕਲੈਂਡ 9 ਦਸੰਬਰ2019 - ਬੀਤੇ ਸ਼ਨੀਵਾਰ ਅਤੇ ਐਤਵਾਰ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਦੀ ਇਤਿਹਾਸ ਵਾਲੀ ਕਿਤਾਬ ਉਤੇ ਉਦੋਂ ਦੋ ਨਵੇਂ ਪੱਤਰੇ ਨਵੇਂ ਸ਼ਾਮਿਲ ਹੋ ਗਏ ਸੀ ਜਦੋਂ ਇਥੇ ਦੇ ਪੁਲਮਨ ਪਾਰਕ ਟਾਕਾਨੀਨੀ ਖੇਡ ਮੈਦਾਨ ਦੇ ਵਿਚ ਦੋ ਦਿਨਾਂ ਪਹਿਲੀਆਂ ਸਿੱਖ ਖੇਡਾਂ ਸਫਲਤਾ ਦੇ ਨਵੇਂ ਝੰਡੇ ਝੁਲਾਅ ਗਈਆਂ ਸਨ। ਅੱਜ ਇਨ੍ਹਾਂ ਪੰਨਿਆਂ ਤੋਂ ਅੱਗੇ ਵਧਣ ਤੋਂ ਪਹਿਲਾਂ ਸਾਰੇ ਸਪਾਂਸਰਜ਼, ਟ੍ਰਸਟਾਂ, ਸੰਸਥਾਵਾਂ ਤੇ ਸਹਿਯੋਗੀਆਂ ਦਾ ਧੰਨਵਾਦੀ ਸ਼ਬਦਾਂ ਦੇ ਨਾਲ ਅਤੇ ਯਾਦਗਾਰੀ ਚਿਨ੍ਹਾਂ ਨਾਲ ਸਨਮਾਨ ਕਰਕੇ ਨਵੀਂ ਸ਼ਕਤੀ ਪ੍ਰਾਪਤ ਕਰ ਲਈ ਗਈ। ਬਾਗੋ-ਬਾਗ ਹੋਈ ਪ੍ਰਬੰਧਕੀ ਕਮੇਟੀ ਦੇ ਚਿਹਰਿਆਂ 'ਤੇ ਅੱਜ ਖੁਸ਼ੀ ਖਿੜੀ ਹੋਈ ਦਿਸੀ ਅਤੇ ਉਨ੍ਹਾਂ ਨੇ ਆਪਸੀ ਸਹਿਯੋਗ ਦੇ ਨਾਲ ਅੱਜ ਦੇ ਸਾਰੇ ਰਾਤਰੀ ਭੋਜ ਦਾ ਖਰਚਾ ਦੁਬਾਰਾ ਆਪਣੇ ਨਿੱਜੀ ਖਾਤਿਆਂ 'ਚੋ ਅਦਾ ਕੀਤਾ। ਸਟੇਜ ਸੰਚਾਲਨ ਨਵਤੇਜ ਰੰਧਾਵਾ ਪਾਪਾਟੋਏਟੋਏ ਅਤੇ ਪਰਮਿੰਦਰ ਸਿੰਘ ਫਲੈਟਬੁੱਸ਼ ਵਾਲਿਆਂ ਨੇ ਦੋ ਦਿਨਾਂ ਖੇਡ ਮੇਲੇ ਦੀ ਯਾਦਗਾਰੀ ਵੰਨਗੀਆਂ ਨੂੰ ਤਾਜ਼ਾ ਕਰਦਿਆਂ ਬਾਖੂਬੀ ਨਿਭਾਇਆ। ਸ. ਪਰਮਿੰਦਰ ਸਿੰਘ ਲੇਟ ਪਹੁੰਚਿਆ ਪਰ ਮਲਕੜੇ ਜਿਹਾ ਮਾਈਕ ਸੰਭਾਲ ਗਿਆ।
ਖੇਡ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਨੇ ਬੜੇ ਹੀ ਸਿਆਣੇ, ਸੁੰਦਰ ਅਤੇ ਨਿਮਰਤਾ ਵਾਲੇ ਸ਼ਬਦਾਂ ਨਾਲ ਸਭ ਨੂੰ ਜੀ ਆਇਆਂ ਆਖਿਆ ਅਤੇ ਫਿਰ ਧੰਨਵਾਦ ਕੀਤਾ। ਉਨ੍ਹਾਂ ਆਪਣੇ ਸੰਬੋਧਨ ਦੇ ਵਿਚ ਅਸਿੱਧੇ ਤੌਰ 'ਤੇ ਅਗਲੇ ਸਾਲ ਲਈ ਹੋਰ ਵਲੰਟੀਅਰਜ਼ ਦੇ ਆਉਣ ਲਈ ਅਪੀਲ ਕੀਤੀ ਅਤੇ ਜਿਨ੍ਹਾਂ ਨੇ ਵਲੰਟੀਅਰਜ਼ ਦੇਣ ਦੀ ਪੇਸ਼ਕਸ਼ ਕੀਤੀ ਸੀ ਅਤੇ ਦਿੱਤੇ ਵੀ, ਦਾ ਵੀ ਬਹੁਤ-ਬਹੁਤ ਧੰਨਵਾਦ ਕੀਤਾ। ਸ. ਤੀਰਥ ਸਿੰਘ ਅਟਵਾਲ ਦੇ ਬੇਟੇ ਰੌਬਿਨ ਅਟਵਾਲ ਨੇ ਤੀਰਥ ਸਿੰਘ ਦੇ ਦਿੱਤੇ ਜਾਣ ਵਾਲੇ ਵਲੰਟੀਅਰਜ਼ ਦਾ ਘਾਟਾ-ਵਾਧਾ ਪੂਰਾ ਕੀਤਾ ਅਤੇ ਨੌਜਵਾਨ ਬੱਚੇ ਲਈ ਤਾੜੀਆਂ ਨਾਲ ਸਲਾਹਿਆ ਗਿਆ। ਪੂਰਾ ਪਰਿਵਾਰ ਅਤੇ ਗੁਰਦੀਪ ਅਟਵਾਲ ਨੇ ਇਹ ਸਨਮਾਨ ਹਾਸਿਲ ਕੀਤਾ। ਕਾਲੀਆਂ ਜਰਸੀਆਂ ਦੇ ਵਿਚ ਐਨ. ਐਸ. ਜੀ. ਟੀਮ ਨੇ ਖੇਡਾਂ ਦੇ ਸਾਰੇ ਪੱਖਾਂ ਦੇ ਵਿਚ ਅਹਿਮ ਭੂਮਿਕਾ ਨਿਭਾਈ, ਦਾ ਖਾਸ ਜ਼ਿਕਰ ਹੋਇਆ। ਗੁਰਦੁਆਰਾ ਸਾਹਿਬਾਨ ਦੀਆਂ ਸੰਸਥਾਵਾਂ, ਲੰਗਰ ਸੇਵਾ ਲਈ ਅੱਗੇ ਆਈਆਂ ਗੁਰਦੁਆਰਾ ਸਾਹਿਬ ਦੀਆਂ ਲੰਗਰ ਕਮੇਟੀਆਂ, ਕਮਿਊਨਿਟੀ ਕਾਰਜਾਂ ਦੇ ਵਿਚ ਸਹਿਯੋਗੀ ਟ੍ਰਸਟਾਂ, ਵਿੱਤੀ ਸਹਾਇਤਾ ਨਾਲ ਅੱਗੇ ਆਏ ਸਪਾਂਸਰਜ਼, ਲੰਗਰ ਰਸਦਾਂ ਲਈ ਸ. ਦਲਬੀਰ ਸਿੰਘ ਲਸਾੜਾ ਅਤੇ ਸਾਰੇ ਮੀਡੀਆ ਕਰਮੀਆਂ ਦੀਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ। ਖੇਡਾਂ ਦੇ ਵਿਚ ਬੀਬੀਆਂ ਦਾ ਵੀ ਅਹਿਮ ਯੋਗਦਾਨ ਰਿਹਾ ਅਤੇ ਉਨ੍ਹਾਂ ਨੂੰ ਵੀ ਬਣਦਾ ਮਾਨ-ਸਤਿਕਾਰ ਦਿੱਤਾ ਗਿਆ। ਆਪਣੇ-ਆਪਣੇ ਯਾਦਗਾਰੀ ਚਿਨ੍ਹਾਂ ਪ੍ਰਾਪਤ ਕਰਨ ਉਪਰੰਤ ਸਾਰੇ ਪ੍ਰਤੀਨਿਧਾਂ ਨੇ ਦੋ-ਦੋ ਮਿੰਟ ਵਿਚਾਰ ਵੀ ਰੱਖੇ। ਸ. ਖੜਗ ਸਿੰਘ ਨੇ ਕਬੱਡੀ ਤੋਂ ਇਲਾਵਾ ਦੂਸਰੀਆਂ ਖੇਡਾਂ ਵੱਲ ਵੀ ਦਰਸ਼ਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਦਾ ਸੁਝਾਅ ਦਿੱਤਾ। ਹਰਪਾਲ ਸਿੰਘ ਲੋਹੀ ਦੇ ਕੰਮ ਦੀ ਵੀ ਤਾਰੀਫ ਕੀਤੀ ਗਈ ਅਤੇ ਅਗਲੇ ਸਾਲ ਲਈ ਇਸੇ ਤਰ੍ਹਾਂ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ। ਸ. ਤਾਰਾ ਸਿੰਘ ਬੈਂਸ ਨੇ ਇਸ ਦੌਰਾਨ ਕਈ ਵਾਰ ਮਾਈਕ 'ਤੇ ਕਬਜ਼ਾ ਕੀਤਾ ਅਤੇ ਆਪਣੇ ਸਟਾਈਲ ਦੇ ਵਿਚ ਸੂਚਨਾਵਾਂ ਦਿੱਤੀਆਂ ਅਤੇ ਅਗਲੇ ਸਾਲ ਲਈ ਤਿਆਰ ਰਹਿਣ ਲਈ ਸਪਾਂਸਰਜ਼ ਸਾਂਝ ਬਣਾਈ ਰੱਖੀ। ਦਰਸ਼ਕਾਂ ਦੇ ਵਿਚ ਸਰਬ ਸੰਮਤੀ ਨਾਲ ਫੈਸਲਾ ਹੋਇਆ ਕਿ ਅਗਲੀ ਵਾਰ ਤਾਰਾ ਸਿੰਘ ਬੈਂਸ ਦਾ ਨਾਂਅ ਇਕ ਮਾਈਕ ਉਤੇ ਪੱਕਾ ਲਿਖ ਕੇ ਦਿੱਤਾ ਜਾਵੇਗਾ। ਸ. ਹਰਪ੍ਰੀਤ ਸਿੰਘ ਨੇ ਕਿਹਾ ਕਿ ਬਾਬਾ ਸ. ਤਾਰਾ ਸਿੰਘ ਬੈਂਸ ਨੀਲੇ ਵਾਲੇ ਘੜੇ ਉਤੇ ਬੈਠੇ ਹਨ ਜਿਹੜਾ ਮਰਜ਼ੀ ਢੱਕਣ ਚੁੱਕਣ ਅਸੀਂ ਉਨ੍ਹਾਂ ਦੇ ਨਾਲ ਹਾਂ।
ਧੰਨਵਾਦ ਦੇ ਨਾਲ-ਨਾਲ ਹਲਕਾ ਫੁਲਕਾ ਮਜ਼ਾਕ ਇਕ ਦੂਜੇ ਦੇ ਨਾਲ ਚਲਦਾ ਰਿਹਾ। ਸ. ਅਜੀਤ ਸਿੰਘ ਰੰਧਾਵਾ ਨੇ ਪੰਜਾਬੀਆਂ ਦੀ ਆਮਦ ਅਤੇ ਹੁਣ ਤੱਕ ਦੇ ਇਤਿਹਾਸ ਨੂੰ ਇਛਾਰਾ ਮਾਤਰ ਦੱਸਣ ਦੀ ਕੋਸ਼ਿਸ ਕੀਤੀ। ਸਿੱਖ ਖੇਡਾਂ ਦਾ ਟਾਈਟਲ ਗੀਤ ਗਾਉਣ ਵਾਲੇ ਗਾਇਕ ਹਰਮਿੰਦਰ ਨੂਰਪੁਰੀ ਨੇ ਵੀ 2-3 ਗੀਤਾਂ ਦੇ ਨਾਲ ਆਪਣੀ ਹਾਜ਼ਰੀ ਲਗਵਾਈ। ਉਨ੍ਹਾਂ ਦੀ ਵੀ ਦਰਸ਼ਕਾਂ ਨੇ ਹੌਂਸਲਾ ਅਫਜ਼ਾਈ ਕੀਤੀ। ਸ. ਗੁਰਵਿੰਦਰ ਸਿੰਘ ਔਲਖ ਨੇ ਅੰਤ ਵਿਚ ਧੰਨਵਾਦੀ ਸ਼ਬਦਾਂ ਦੇ ਨਾਲ ਸਮਾਪਤੀ ਕਰਦਿਆਂ ਸਾਰਿਆਂ ਨੂੰ ਪ੍ਰਸ਼ਾਦਾ ਛੱਕ ਕੇ ਜਾਣ ਦੀ ਅਪੀਲ ਕੀਤੀ। ਇੰਦਰਜੀਤ ਕਾਲਕਟ ਨੇ ਸਾਰੀਆਂ ਸਨਮਾਨਿਤ ਸਖਸ਼ੀਅਤਾਂ ਨੂੰ ਸਟੇਜ ਉਤੇ ਮਾਨ-ਸਤਿਕਾਰ ਦਿੰਦਿਆ ਉਨ੍ਹਾਂ ਨੂੰ ਟ੍ਰਾਫੀਆਂ ਭੇਟ ਕੀਤੀਆਂ।
ਵਰਿੰਦਰ ਸਿੰਘ ਬਰੇਲੀ ਨੇ ਸਾਂਝੇ ਕਲੱਬ ਦੀ ਗੱਲ ਕਰਦਿਆਂ ਕੁੜੀਆਂ ਦੀ ਨੈਟਬਾਲ ਟੀਮ ਦੀ ਇਕ ਵਧੀਆ ਉਦਾਹਰਣ ਪੇਸ਼ ਕੀਤੀ। ਸੁਪਰੀਮ ਸਿੱਖ ਸੁਸਾਇਟੀ ਵੱਲੋਂ ਇਸ਼ਵਿੰਦਰ ਸਿੰਘ ਭੱਟੀ ਨੇ ਸਿੱਖ ਖੇਡਾਂ ਦੀ ਸਫਲਤਾ ਉਤੇ ਵਧਾਈ ਦਿੱਤੀ। ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਜਿਸ ਦੇ 130 ਖਿਡਾਰੀ ਇਸ ਖੇਡ ਮੇਲੇ ਵਿਚ ਖੇਡੇ ਵੱਲੋਂ ਸ. ਜਗਦੀਪ ਸਿੰਘ ਵੜੈਚ ਨੇ ਆਪਣੇ ਸੰਬੋਧਨ ਵਿਚ ਖੇਡਾਂ ਦੀ ਸਫਲਤਾ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅਗਲੀ ਵਾਰ ਵਲੰਟੀਅਰਜ਼ ਦੀ ਕਮੀ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸ੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿੱਲ ਤੋਂ ਸ. ਮਲਕੀਅਤ ਸਿੰਘ ਨੇ ਸਾਰੀ ਮੈਨੇਜਮੈਂਟ ਅਤੇ ਇਸ ਖੇਡ ਮੇਲੇ ਨਾਲ ਜੁੜੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਜਿਸ ਵੀ ਕਿਸੇ ਨੇ ਖੇਡ ਮੇਲੇ ਨੂੰ ਸੰਪਨ ਕਰਨ ਵਿਚ ਸਹਿਯੋਗ ਦਿੱਤਾ ਸਾਰਿਆਂ ਦਾ ਤਮਗੇ ਪਾ ਕੇ ਸਨਮਾਨ ਕੀਤਾ ਗਿਆ।