ਹੁਸ਼ਿਆਰਪੁਰ, 8 ਦਸੰਬਰ 2019 - ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਲੀਡਰ ਸੁਖਦੇਵ ਸਿੰਘ ਢੀਂਡਸਾ ਦਿਨੋਂ ਦਿਨ ਆਪਣੀ ਪਾਰਟੀ ਨਾਲੋਂ ਦੂਰੀ ਵਧਾ ਰਹੇ ਹਨ ਹਾਲ 'ਚ ਹੀ ਉਨ੍ਹਾਂ ਨੇ ਅਕਾਲੀ ਦਲ ਟਕਸਾਲੀ ਅਤੇ ਅਕਾਲੀ 1920 ਦੇ ਲੀਡਰਾਂ ਨਾਲ ਇੱਕ ਮੀਟਿੰਗ ਕੀਤੀ। ਇਸ ਗੱਲ ਦਾ ਖੁਲਾਸਾ ਵਿਧਾਨਸਭਾ ਦਾ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਟਕਸਾਲੀ ਲੀਡਰ ਵੀਰ ਦਵਿੰਦਰ ਸਿੰਘ ਨੇ ਕੀਤਾ ਅਤੇ ਉਹ ਗੜਦੀਵਾਲਾ ਦੇ ਕੋਲ ਗੁਰਦੁਆਰਾ ਰਾਮਪੁਰ ਖੇੜਾ 'ਚ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਤੌਰ 'ਤੇ ਮਨਾਏ ਗਏ ਸਮਾਗਮ 'ਚ ਸੰਬੋਧਨ ਕਰਨ ਆਏ ਹੋਏ ਸਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਟਕਸਾਲੀ ਅਤੇ ਅਕਾਲੀ ਦਲ 1920, 14 ਦਸੰਬਰ ਨੂੰ ਅੰਮ੍ਰਿਤਸਰ 'ਚ ਇੱਕ ਕਾਨਫਰੰਸ ਕਰਨ ਜਾ ਰਿਹਾ ਹੈ ਅਤੇ ਸੁਖਦੇਵ ਢੀਂਡਸਾ ਨੇ ਉਸ ਆਉਣ ਲਈ ਹਾਮੀ ਭਰ ਦਿੱਤੀ ਹੈ।
ਇਸ ਤੋਂ ਬਿਨਾਂ ਉਨ੍ਹਾਂ ਇਹ ਵੀ ਕਿਹਾ ਕਿ ਹਾਲ 'ਚ ਹੀ ਚੰਡੀਗੜ੍ਹ 'ਚ ਇੱਕ ਮੀਟਿੰਗ ਹੋਈ ਸੀ ਜਿਸ 'ਚ ਅਕਾਲੀ ਦਲ ਦੇ ਲੀਡਰਾਂ ਤੋਂ ਬਿਨਾਂ ਸੁਖਦੇਵ ਢੀਂਡਸਾ ਅਤੇ ਅਕਾਲੀ ਦਲ 1920 ਦੇ ਲੀਡਰ ਰਵਿੰਦਰ ਸਿੰਘ ਵੀ ਸ਼ਾਮਿਲ ਹੋਏ ਸਨ। ਜਿਸ 'ਚ 14 ਦਸੰਬਰ 2019 ਨੂੰ ਹੋਣ ਵਾਲੇ ਸਮਾਗਮ ਸਬੰਧੀ ਵਿਚਾਰ ਚਰਚਾ ਕੀਤੀ ਗਈ ਸੀ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਸੁਖਦੇਵ ਢੀਂਡਸਾ ਨੇ ਅਕਾਲੀ ਦਲ ਦੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਕੇ ਪਾਰਟੀ ਤੋਂ ਦੂਰੀ ਬਣਾਈ ਹੋਈ ਹੈ ਅਤੇ ਨਾ ਹੀ ਉਹ ਅਕਾਲੀ ਦਲ ਦੀ ਕਿਸੇ ਮੀਟਿੰਗ 'ਚ ਸ਼ਾਮਿਲ ਹੋ ਰਹੇ ਹਨ। ਪਰ ਜਦੋਂ ਕਿ ਉਨ੍ਹਾਂ ਦੇ ਬੇਟੇ ਪਰਮਿੰਦਰ ਸਿੰਘ ਢੀਂਡਸਾ ਅਕਾਲੀ ਦਲ ਬਾਦਲ ਦੀ ਪਾਰਟੀ ਦੇ ਨਾਲ ਹੀ ਦਿਖਾਈ ਦਿੰਦੇ ਹਨ।
ਵੀਰ ਦਵਿੰਦਰ ਸਿੰਘ ਨੇ ਕਿਹਾ ਕਿ ਅਸਲ 'ਚ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਤੀਸਰਾ ਮੋਰਚਾ ਖੜਾ ਕਰਨ ਦੀ ਕਿਵਾਈਤ ਸ਼ੁਰੂ ਹੋ ਗਈ ਹੈ ਅਤੇ 2022 ਦੀਆਂ ਵਿਧਾਨਸਭਾ ਦੀਆਂ ਚੋਣਾਂ ਦੇ ਮੱਦੇਨਜਰ ਮਹਾਗਠਬੰਧਨ ਖੜਾ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਲਈ ਬਕਾਇਦਾ ਬੈਂਸ ਬ੍ਰਦਰਸ ਨਾਲ ਵੀ ਗੱਲ ਚੱਲ ਰਹੀ ਹੈ। ਅਤੇ ਜਲਦ ਹੀ ਇੱਕ ਕਮੇਟੀ ਬਣਾਈ ਜਾਵੇਗੀ ਜੋ ਗਠਬੰਧਨ ਦੀ ਰੂਪ ਰੇਖਾ ਤਿਆਰ ਕਰੇਗੀ। ਇਸ ਕਮੇਟੀ 'ਚ ਸਾਰੇ ਹੀ ਦਲਾਂ ਦੇ ਲੀਡਰ ਸ਼ਾਮਿਲ ਹੋਣਗੇ।
ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਹੋਣ ਵਾਲੀ ਕਾਨਫਰੰਸ ਲਈ ਪੰਥਕ ਸੰਗਠਨਾਂ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਢੀਂਡਸਾ ਤੋਂ ਬਿਨਾਂ ਹੋਰ ਵੀ ਅਕਾਲੀ ਦਲ ਦੇ ਲੀਡਰ ਆ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਕਈ ਅਕਾਲੀ ਲੀਡਰਾਂ ਦੇ ਨਾਲ ਸੰਪਰਕ 'ਚ ਹਨ ਜੋ ਕਿ ਬਾਦਲਾਂ ਤੋਂ ਦੁਖੀ ਹਨ।