ਨਵੀਂ ਦਿੱਲੀ, 8 ਦਸੰਬਰ 2019 - ਦਿੱਲੀ ਦੇ ਰਾਣੀ ਝਾਂਸੀ ਰੋਡ 'ਤੇ ਸਥਿਤ ਜਿਸ ਫੈਕਰਟੀ 'ਚ ਅੱਗ ਲੱਗੀ ਸੀ, ਉਸ ਫੈਕਟਰੀ ਦੇ ਮਾਲਕ ਰੇਹਾਨ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੈਗ ਫੈਕਟਰੀ 'ਚ ਅੱਗ ਲੱਗਣ ਕਾਰਨ ਕਰੀਬ 43 ਲੋਕਾਂ ਦੀ ਜਾਨ ਚਲੀ ਗਈ ਸੀ, ਜਦੋਂ ਕਿ ਇਸ ਅੱਗ ਦੀ ਲਪੇਟ 'ਚ ਆਉਣ ਕਾਰਨ ਕਾਫੀ ਜਾਣੇ ਜ਼ਖਮੀ ਵੀ ਹੋਏ ਹਨ। ਇਸ ਦੇ ਨਾਲ ਹੀ ਫੈਕਟਰੀ ਮਾਲਕ ਦੇ ਰਿਸ਼ਤੇਦਾਰਾਂ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਫੈਕਟਰੀ 'ਚ ਅੱਗ ਕਰੀਬ ਸਵੇਰੇ 4:30 ਤੋਂ 5 ਵਜੇ ਦੇ ਕਰੀਬ ਲੱਗੀ ਸੀ। ਅੱਗ ਦੀ ਲਪੇਟ 'ਚ ਆ ਕੇ ਮਰਨ ਵਾਲੇ ਸਾਰੇ ਹੀ ਲੋਕ ਮਜਦੂਰ ਹਨ ਜੋ ਕਿ ਫੈਕਟਰੀ 'ਚ ਕੰਮ ਕਰਦੇ ਸਨ। ਉਸ ਸਮੇਂ ਫੈਕਟਰੀ ਦੇ ਗੇਟ ਨੂੰ ਬਾਹਰੋਂ ਬੰਦ ਕੀਤਾ ਹੋਇਆ ਸੀ ਅਤੇ ਅਤੇ ਮਜਦੂਰ ਬਾਹਰ ਆਉਣ ਲਈ ਮਦਦ ਦੀ ਅਪੀਲ ਕਰ ਰਹੇ ਸਨ। ਜਿਸ ਤੋਂ ਬਾਅਦ ਫੈਕਟਰੀ ਦਾ ਗੇਟ ਤੋੜ ਕੇ ਮਜਦੂਰਾਂ ਨੂੰ ਬਾਹਰ ਕੱਢਿਆ ਗਿਆ। ਇਸ ਅੱਗ 'ਤੇ ਫਾਇਰ ਬ੍ਰਿਗੇਡ ਦੀਆਂ 30 ਗੱਡੀਆਂ ਨੇ ਕਾਬੂ ਪਾਇਆ।
ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਇਸ ਫੈਕਟਰੀ 'ਚ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਨੂੰ ਧਿਆਨ 'ਚ ਨਹੀਂ ਰੱਖਿਆ ਗਿਆ ਸੀ।। ਨਾ ਹੀ ਬਿਲਡਿੰਗ ਦੇ ਮਾਲਕ ਨੇ ਐਨਓਸੀ ਲਈ ਫਾਇਰ ਬ੍ਰਿਗੇਡ ਦੀ ਕਲੀਅਰੇਂਸ ਲਈ ਸੀ ਨਾ ਹੀ ਐੱਮਡੀਸੀ ਨੂੰ ਇਸ ਦੀ ਜਾਣਕਾਰੀ ਸੀ।
ਇਸ ਮਾਮਲੇ 'ਚ ਹੁਣ ਤੱਕ ਦੋ ਜਾਣਿਆ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਫੈਕਟਰੀ ਮਾਲਕ ਦੇ ਨਾਲ ਮੈਨੇਜਰ ਫੁਰਕਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫੈਕਟਰੀ ਮਾਲਕ ਦੇ ਭਾਈ ਸ਼ਾਨ ਅਤੇ ਇਮਰਾਨ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਬਿਨਾਂ ਜਿਸ ਨੂੰ ਬਿਲਡਿੰਗ ਕਿਰਾਏ ਲਈ ਦਿੱਤੀ ਗਈ ਸੀ ਉਸ ਦੀ ਵੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦੇ ਅਨੁਸਾਰ ਬਿਲਡਿੰਗ ਦਾ ਕੁੱਝ ਹਿੱਸਾ ਰੇਹਾਨ ਨੇ ਆਪਣੇ ਕੋਲ ਰੱਖਿਆ ਸੀ ਜੋ ਉਸ ਨੇ ਕਿਰਾਏ 'ਤੇ ਨਹੀਂ ਦਿੱਤਾ ਸੀ।