ਤਿਲੰਗਾਨਾ ਹਾਈ ਕੋਰਟ ਨੇ ਪੁਲਿਸ ਮੁਕਾਬਲੇ 'ਚ ਮਰੇ ਵੈਟਨਰੀ ਡਾਕਟਰ ਦੇ ਬਲਾਤਕਾਰੀਆਂ ਦੀਆਂ ਲਾਸ਼ਾਂ ਦਫਨਾਉਣ 'ਤੇ ਰੋਕ ਲਗਾਈ
ਹੈਦਰਾਬਾਦ, 7 ਦਸੰਬਰ, 2019 : ਤਿਲੰਗਾਨਾ ਹਾਈ ਕੋਰਟ ਨੇ ਵੈਟਨਰੀ ਡਾਕਟਰ ਦੇ ਬਲਾਤਕਾਰੀਆਂ, ਜਿਹਨਾਂ ਦੀ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ ਸੀ, ਦੀਆਂ ਲਾਸ਼ਾਂ ਦਫਨਾਉਣ 'ਤੇ ਰੋਕ ਲਗਾ ਦਿੱਤੀ ਹੈ।
ਚਾਰਾਂ ਦੀਆਂ ਲਾਸ਼ਾਂ ਦਾ ਰਾਤ 8.30 ਵਜੇ ਪੋਸਟਮਾਰਟਮ ਕੀਤਾ ਗਿਆ ਸੀ ਅਤੇ ਰਾਤ 10.00 ਵਜੇ ਇਹਨਾਂ ਨੂੰ ਦਫਨਾਇਆ ਜਾਣਾ ਸੀ। ਇਹ ਸਪਸ਼ਟ ਨਹੀਂ ਹੋ ਸਕਿਆ ਕਿ ਪੋਸਟਮਾਰਟਮ ਅਦਾਲਤ ਦੇ ਹੁਕਮਾਂ ਅਨੁਸਾਰ ਹੋਇਆ ਹੈ ਜਾਂ ਨਹੀਂ ਜਾਂ ਫਿਰ ਦੁਬਾਰਾ ਕੀਤਾ ਜਾਵੇਗਾ। ਅਦਾਲਤ ਨੇ ਲਾਸ਼ਾਂ ਸੋਮਵਾਰ ਤੱਕ ਸੰਭਾਲ ਕੇ ਰੱਖਣ ਦੀ ਹਦਾਇਤ ਕੀਤੀ ਹੈ।
ਸੋਮਵਾਰ ਨੂੰ ਹੀ ਹਾਈ ਕੋਰਟ ਵੱਲੋਂ ਉਸ ਪਟੀਸ਼ਨ 'ਤੇ ਸੁਣਵਾਈ ਕੀਤੀ ਜਾਵੇਗੀ ਜੋ ਕਿ 15 ਮਹਿਲਾਵਾਂ ਤੇ ਮਨੁੱਖੀ ਅਧਿਕਾਰ ਕਾਰਕੁੰਨਾਂ ਨੇ ਦਾਇਰ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਮੁਕਾਬਲਾ ਫਰਜ਼ੀ ਸੀ ਤੇ ਇਸ ਵਿਚ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕੀਤੀ ਗਈ।
ਯਾਦ ਰਹੇ ਕਿ 27 ਨਵੰਬਰ ਨੂੰ 26 ਸਾਲਾ ਦੀ ਵੈਟਨਰੀ ਡਾਕਟਰ ਜਦੋਂ ਕੰਮ ਤੋਂ ਪਰਤ ਸੀ ਤਾਂ ਇਹਨਾਂ ਚਾਰਾਂ ਨੇ ਪਹਿਲਾਂ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਅਤੇ ਫਿਰ ਉਸਦੀ ਹੱਤਿਆ ਕਰ ਕੇ ਲਾਸ਼ ਨੂੰ ਅੱਗ ਲਗਾ ਦਿੱਤੀ ਸੀ।