ਬਹੁ ਚਰਚਿਤ ਉਨਾਓ ਬਲਾਤਕਾਰ ਕੇਸ ਦੀ ਪੀੜਤ ਨੇ ਦਮ ਤੋੜਿਆ
ਨਵੀਂ ਦਿੱਲੀ, 7 ਦਸੰਬਰ, 2019 : ਉੱਤਰ ਪ੍ਰਦੇਸ਼ ਦੇ ਬਹੁ ਚਰਚਿਤ ਉਨਾਓ ਬਲਾਤਕਾਰ ਕੇਸ ਦੀ ਪੀੜਤ ਦਾ ਸ਼ੁੱਕਰਵਾਰ ਦੇਰ ਰਾਤ ਦਿਹਾਂਤ ਹੋ ਗਿਆ। ਉਸਨੂੰ ਉਸਦੇ ਬਲਾਤਕਾਰੀ ਸਮੇਤ ਪੰਜ ਵਿਅਕਤੀਆਂ ਨੇ ਜਿਉਂਦਿਆਂ ਸਾੜ ਦਿੱਤਾ ਸੀ ਤੇ 90 ਫੀਸਦੀ ਝੁਲਸਣ ਮਗਰੋਂ ਉਸਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਉਸਦੇ ਪਰਿਵਾਰ ਨੂੰ ਦੋਸ਼ੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
24 ਸਾਲਾ ਲੜਕੀ ਨੂੰ ਅੱਗ ਲਾਏ ਜਾਣ ਮਗਰੋਂ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ ਸੀ। ਸਫਦਰਜੰਗ ਹਸਪਤਾਲ ਦੇ ਡਾਕਟਰਾਂ ਅਨੁਸਾਰ ਰਾਤ 11.10 ਵਜੇ ਉਸਦੇ ਦਿਲ ਦੀ ਧੜਕਣ ਬੰਦ ਹੋ ਗਈ, ਡਾਕਟਰਾਂ ਨੇ ਉਸਨੂੰ ਚਲਾਉਣ ਦਾ ਬਹੁਤ ਯਤਨ ਕੀਤਾ ਪਰ ਉਹ ਬਚ ਨਾ ਸਕੀ। ਰਾਤ 11.40 ਵਜੇ ਉਸਦੀ ਮੌਤ ਹੋ ਗਈ।
ਪੁਲਿਸ ਨੂੰ ਦਿੱਤੇ ਬਿਆਨ ਵਿਚ ਉਸਨੇ ਦੱਸਿਆ ਸੀ ਕਿ ਹਰੀ ਸ਼ੰਕਰ ਤ੍ਰਿਵੇਦੀ, ਉਮੇਸ਼ ਬਾਜਪਈ ਅਤੇ ਰਾਮ ਕਿਸ਼ੋਰ ਤ੍ਰਿਵੇਦੀ ਸਮੇਤ ਪੰਜ ਵਿਅਕਤੀਆਂ ਨੇ ਉਸਨੁੰ ਘੋਰਾ ਰੇਲਵੇ ਕਰਾਸਿੰਗ ਕੋਲ ਘੇਰਿਆ ਅਤੇ ਕੇਸ ਵਾਸਪ ਲੈਣ ਲਈ ਦਬਾਅ ਪਾਇਆ ਪਰ ਜਦੋਂ ਉਸਨੇ ਨਾਂਹ ਕਰ ਦਿੱਤੀ ਤਾਂ ਉਹਨਾਂ ਨੇ ਉਸਨੂੰ ਅੱਗ ਲਗਾ ਦਿੱਤੀ। ਪੰਜ ਵਿਅਕਤੀਆਂ ਨੂੰ ਸ਼ੁੱਕਰਵਾਰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਹੈ। ਮਾਮਲੇ ਦੀ ਪੜਤਾਲ ਲਈ ਲਖਨਊ ਦੇ ਡਵੀਜ਼ਨਲ ਕਮਿਸ਼ਨ ਨੇ ਪੰਜ ਮੈਂਬਰੀ ਐਸ ਆਈ ਟੀ ਦਾ ਗਠਨ ਕੀਤਾ ਹੈ।