ਮਨਪ੍ਰੀਤ ਸਿੰਘ ਜੱਸੀ
ਅੰਮ੍ਰਿਤਸਰ, 06 ਦਸੰਬਰ 2019 - ਅੰਤਰਰਾਸ਼ਟਰੀ ਪੱਧਰ ਦੀ ਸਿੱਖ ਸੰਸਥਾ, ਜਿਸ ਨੇ ਦੇਸ਼ ਵਿਦੇਸ਼ ਵਿਚ ਹਰ ਆਫ਼ਤ ਦੌਰਾਨ ਮਾਨਵਤਾ ਦੀ ਹਿੱਕ ਡਾਹ ਕੇ ਸੇਵਾ ਕੀਤੀ, ਦੇ ਸੰਸਥਾਪਕ ਰਵੀ ਸਿੰਘ ਅੱਜ ਅਚਨਚੇਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ, ਅੰਮ੍ਰਿਤਸਰ ਦੇ ਮਾਨਾਂ ਵਾਲਾ ਕੈਂਪਸ ਪੁੱਜੇ, ਜਿੰਨਾਂ ਦਾ ਇੱਥੇ ਆਉਣਾ ਇੰਨਾ ਕੁ ਸਧਾਰਨ ਰਿਹਾ ਕਿ ਪਿੰਗਲਵਾੜਾ ਸੰਸਥਾ ਦੇ ਪ੍ਰਬੰਧਕਾਂ ਨੂੰ ਵੀ ਇਸ ਜਾਣਕਾਰੀ ਨਹੀਂ ਸੀ। ਉਹਨਾਂ ਇਕ ਸਾਧਾਰਨ ਸ਼ਰਧਾਲੂ ਦੀ ਤਰ੍ਹਾਂ ਪਿੰਗਲਵਾੜਾ 'ਚ ਹੁੰਦੀ ਮਨੁੱਖਤਾ ਦੀ ਸੇਵਾ ਨੂੰ ਦੇਖਿਆ।
ਪਿੰਗਲਵਾੜਾ ਸੰਸਥਾ ਦੇ ਮੁੱਖ ਸੇਵਾਦਾਰ ਡਾ.ਇੰਦਰਜੀਤ ਕੌਰ ਨਾਲ ਉਹਨਾਂ ਦੀ ਮੁਲਾਕਾਤ ਵੀ ਹੋਈ। ਰਵੀ ਸਿੰਘ ਨੇ ਮਾਨਾਂ ਵਾਲਾ ਕੈਂਪਸ 'ਚ ਸਥਿਤ ਭਗਤ ਪੂਰਨ ਸਿੰਘ ਆਦਰਸ਼ ਸਕੂਲ, ਭਗਤ ਸਕੂਲ ਫ਼ਾਰ ਡੈਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਭਗਤ ਪੂਰਨ ਸਿੰਘ ਮਸਨੂਈ ਅੰਗ ਕੇਂਦਰ, ਬੱਚਾ, ਜਨਾਨਾ ਤੇ ਮਰਦਾਨਾ ਵਾਰਡਾਂ ਦਾ ਦੌਰਾ ਕੀਤਾ।