ਗੁਰਨਾਮ ਸਿੱਧੂ
ਫਿਰੋਜ਼ਪੁਰ 6 ਦਿਸੰਬਰ 2019 : ਜਿੱਥੇ ਬੀਤੇ ਮਹੀਨੇ ਅੰਦਰ ਪੂਰੀ ਦੁਨੀਆ 'ਚ ਸੰਗਤਾਂ ਵਲੋੰ ਜਗਤ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰ ਸਮਾਜਿਕ ਕੁਰੀਤੀਆਂ ਨੂੰ ਦੂਰ ਕਰਨ ਦਾ ਅਹਿਦ ਲੈਂਦਿਆਂ ਉਹਨਾ ਦਾ 550ਵਾ ਜਨਮ ਦਿਵਸ ਸ਼ਤਾਬਦੀ ਦੇ ਰੂਪ 'ਚ ਮਨਾਇਆ ਗਿਆ ਹੈ ,ਉਥੇ ਮੇਰੇ ਪਰਿਵਾਰ ਨੂੰ ਇੱਕ ਵੱਡੀ ਸਮਾਜਿਕ ਕੁਰੀਤੀ ਦਾ ਪਰਦਾਫਾਸ਼ ਕਰਨ 'ਤੇ ਸਰਕਾਰ ਵੱਲੋਂ ਜੇਲ ਅਤੇ ਜਲਾਲਤਾ ਦਾ ਇਨਾਮ ਦੇ ਕੇ ਸਨਮਾਨਿਆ ਗਿਆ ਹੈ।
ਇਹ ਕਹਿਣਾ ਹੈ ਜਿਲਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੇ ਨਿਵਾਸੀ ਬਲਕਾਰ ਸਿੰਘ ਦਾ ,ਜਿੰਨਾ ਨੇ ਭਰੇ ਮਨ ਨਾਲ ਦੱਸਿਆ ਕਿ ਸ਼ਹਿਰ ਦੇ ਨਾਮੀਂ ਹਸਪਤਾਲ ਬਿਮਲ ਗਰਗ ਅੰਦਰ ਅਲਟਰਾ ਸਾਉੰਡ ਰਾਹੀ ਲਿੰਗ ਨਿਰਧਾਰਨ ਟੈਸਟ ਕਰਕੇ ਲੋਕਾਂ ਤੋ ਮੋਟੀਆਂ ਰਕਮਾਂ ਵਸੂਲ ਗੋਰਖ ਧੰਦਾ ਚਲਾਇਆ ਜਾ ਰਿਹਾ ਹੈ, ਜਿਸਦਾ ਸਮਾਜ ਅਤੇ ਸਰਕਾਰ ਸਾਹਮਣੇ ਪਰਦਾਫਾਸ਼ ਕਰਨ ਲਈ ਮੇਰੇ ਬੇਟੇ ਰਛਪਾਲ ਸਿੰਘ ਨੇ ਹਸਪਤਾਲ 'ਚ ਹੋ ਰਹੇ ਲਿੰਗ ਨਿਰਧਾਰਨ ਟੈਸਟ ਦੀ ਇੱਕ ਵੀਡੀਓ ਬਣਾ ਕੇ ਵੱਖ ਵੱਖ ਪੱਤਰਕਾਰਾਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਦਿੱਤੀ ਸੀ ਤਾਂ ਜੋ ਹਸਪਤਾਲ 'ਚ ਹੋ ਰਹੇ ਸਮਾਜ ਵਿਰੋਧੀ ਕਾਰੇ ਨੂੰ ਸਾਹਮਣੇ ਲਿਆਂਦਾ ਜਾ ਸਕੇ ਸਟੇ ਇਸ ਵਿਰੁੱਧ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ। ਪਰ ਹੋਇਆ ਇਸ ਦੇ ਉਲਟ ।
ਡਾ ਬਿਮਲ ਗਰਗ ਵਲੋ ਆਪਣਾ ਪਰਦਾਫਾਸ਼ ਹੁੰਦਿਆਂ ਵੇਖ ਆਪਣੀ ਸਿਆਸੀ ਪਹੁੰਚ ਅਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਦੀ ਸਰਕਾਰੀ ਪਹੁੰਚ ਦਾ ਫਾਇਦਾ ਉਠਾਉਂਦਿਆਂ ਮੇਰੇ ਬੇਟੇ ਰਛਪਾਲ ਸਿੰਘ ਨੂੰ ਪੁਲਿਸ ਕਾਰਵਾਈ ਕਰਵਾ ਜੇਲ ਭਿਜਵਾ ਦਿੱਤਾ ਹੈ ਅਤੇ ਨੂੰਹ ਗੁਰਜੀਤ ਕੌਰ ਨੂੰ ਘਰੋ ਬੇਘਰ ਕੀਤਾ ਹੋਇਆ ਹੈ, ਇਥੋਂ ਤੱਕ ਕਿ ਮੇਰੀ ਨੂੰਹ ਅਤੇ ਮੇਰੀ ਪਤਨੀ ਨੂੰ ਠਾਣੇ ਲਿਜਾਕੇ ਜ਼ਲੀਲ ਕੀਤਾ ਗਿਆ। ਜਦ ਕਿ ਪੰਜਾਬ ਸਰਕਾਰ ਵਲੋ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਚਲਾਕੇ ਅਜਿਹੇ ਸੈਟਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਅਤੇ ਉਸਦਾ ਨਾਮ ਵੀ ਗੁਪਤ ਰੱਖਣ ਦਾ ਐਲਾਨ ਕੀਤਾ ਹੋਇਆ ਹੈ।
ਬਲਕਾਰ ਸਿੰਘ ਨੇ ਦੱਸਿਆ ਕਿ ਜਿਹੜੀ ਪੁਲਿਸ ਨੇ ਮੇਰੇ ਪਰਿਵਾਰ 'ਤੇ ਕਰਵਾਈ ਕੀਤੀ ਹੈ ਉਸ ਵਿੱਚ ਡਾ ਬਿਮਲ ਗਰਗ ਖੁਦ ਝੂਠਾ ਪਾਇਆ ਜਾ ਚੁੱਕਾ ਹੈ ਜੋ ਕੇ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸਾਹਮਣੇ ਆ ਚੁੱਕਾ ਹੈ। ਕਿਉਂਕਿ ਡਾ ਬਿਮਲ ਗਰਗ ਨੇ ਲਿਖਾਇਆ ਹੈ ਕਿ ਉਹੁ 15 ਸਤੰਬਰ ਤੋ 23 ਸਤੰਬਰ ਤੱਕ ਆਪਣੀ ਪਤਨੀ ਨਿਸ਼ੀ ਸ਼ਰਮਾਂ ਨਾਲ ਯੂਰਪ ਗਏ ਸਨ ਉਦੋ ਇਹ ਵੀਡੀਓ ਮੇਰੇ ਹਸਪਤਾਲ 'ਚ ਤਿਆਰ ਕੀਤੀ ਗਈ ਹੈ, ਜਦ ਕਿ ਇਹ ਵੀਡੀਓ ਮੇਰੇ ਬੇਟੇ ਵਲੋ ਇੱਕ ਅਕਤੂਬਰ ਨੂੰ ਬਣਾਈ ਗਈ ਸੀ ਜੋ ਸਭ ਦੇ ਸਾਹਮਣੇ ਆ ਚੁੱਕੀ ਹੈ, ਭਾਵ ਡਾਕਟਰ ਦੇ ਹਸਪਤਾਲ ਹੁੰਦਿਆਂ ਹੀ ਲਿੰਗ ਨਿਰਧਾਰਨ ਕੀਤਾ ਜਾ ਰਿਹਾ ਸੀ ।
ਉਹਨਾ ਨੇ ਦੱਸਿਆ ਕਿ ਇਸ ਸਬੰਧੀ ਓਹੁ ਖੁਦ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਮਿਲ ਕੇ ਸਾਰੀ ਜਾਣਕਾਰੀ ਲਿਖਤੀ ਰੂਪ 'ਚ ਵੀ ਦੇ ਕੇ ਡਾ ਵਿਰੁੱਧ ਕਾਰਵਾਈ ਕਰਵਾਉਣ ਦੀ ਮੰਗ ਕਰ ਚੁੱਕੇ ਹਨ ਪਰ ਅਜੇ ਤੱਕ ਕੋਈ ਕਾਰਵਾਈ ਇਸ ਹਸਪਤਾਲ ਦੇ ਖਿਲਾਫ ਨਹੀ ਹੋਈ ਹੈ । ਬਲਕਾਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਸਿਹਤ ਵਿਭਾਗ ਵਲੋ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੋਈ ਵੀ ਐਕਸ਼ਨ ਹਸਪਤਾਲ ਅਤੇ ਡਾ ਬਿਮਲ ਗਰਗ ਦੇ ਖਿਲਾਫ ਨਹੀ ਲਿਆ ਗਿਆ ਕਿਉਂਕਿ ਡਾ ਦੀ ਪਤਨੀ ਨਿਸ਼ੀ ਗਰਗ ਸਰਕਾਰੀ ਹਸਪਤਾਲ ਵਿੱਚ ਬਤੌਰ ਡਾਕਟਰ ਲੱਗੀ ਹੋਈ ਹੈ ,ਉਸਦਾ ਪ੍ਰਭਾਵ ਮੰਨਦਿਆਂ ਸਿਹਤ ਵਿਭਾਗ ਇਸ ਹਸਪਤਾਲ ਅਤੇ ਡਾ ਬਿਮਲ ਗਰਗ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋ ਕੰਨੀ ਕਤਰਾ ਰਿਹਾ ਹੈ ਅਤੇ ਉਲਟਾ ਇਸ ਗਰਗ ਹਸਪਤਾਲ 'ਚ ਕੋਈ ਵੀ ਇਸ ਵੀਡੀਓ ਦਾ ਰਿਕਾਰਡ ਨਾ ਪਾਏ ਜਾਣ ਦੀਆ ਖਬਰਾਂ ਪ੍ਰਕਾਸ਼ਿਤ ਵੀ ਕਰਵਾ ਚੁੱਕਾ ਹੈ ,ਉਹਨਾਂ ਹੈਰਾਨੀ ਪਰਗਟ ਕਰਦਿਆਂ ਕਿਹਾ ਕਿ ਦੂਜੇ ਪਾਸੇ ਡਾ ਬਿਮਲ ਗਰਗ ਖੁਦ ਆਪਣੇ ਹਸਪਤਾਲ 'ਚ ਹੋਏ ਲਿੰਗ ਨਿਰਧਾਰਨ ਦੇ ਅਲਟਰਾਸਾਊਂਡ ਨੂੰ ਅਧਾਰ ਬਣਾ ਕੇ ਪੁਲਿਸ ਕਾਰਵਾਈ ਕਰਵਾ ਰਿਹਾ ਹੈ । ਉਹਨਾਂ ਕਿਹਾ ਜਦ ਡਾਂ ਬਿਮਲ ਗਰਗ ਦੀ ਇਸ ਗੋਰਖ ਧੰਦੇ ਵਿੱਚ ਸਰਪ੍ਰਸਤੀ ਨਹੀ ਹੈ ਤਾ ਉਸਦੀ ਇਜਾਜ਼ਤ ਬਿਨਾਂ ਇੱਕ ਨਰਸ,,ਡਾਕਟਰ ਦੀ ਇਸ ਪਰਸਨਲ ਕੋਡ ਵਾਲੀ ਮਸ਼ੀਨ ਨੂੰ ਕਿਵੇਂ ਚਲਾ ਸਕਦੀ ਹੈ ।
ਇਹਨਾਂ ਸਾਰੇ ਸਵਾਲਾਂ ਦੇ ਜਵਾਬ 'ਤੇ ਡਾ ਬਿਮਲ ਗਰਗ ਦੇ ਖਿਲਾਫ ਬਲਕਾਰ ਸਿੰਘ ਨੇ ਸਿਹਤ ਮੰਤਰੀ ਪੰਜਾਬ, ਸਿਹਤ ਮਹਿਕਮੇ ਦੇ ਉੱਚ ਅਧਿਕਾਰੀਆਂ, ਸਿਵਲ ਅਤੇ ਪੁਲਿਸ ਪਰਾਸ਼ਾਸ਼ਨ ਦੇ ਫਰੀਦਕੋਟ ਤੋ ਤਰੁੰਤ ਕਾਰਵਾਈ ਦੀ ਮੰਗ ਕਰਦਿਆ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਵੀ ਕੀਤੀ ਹੈ। ਉਹਨਾ ਨੇ ਆਪਣੇ ਪਰਿਵਾਰ ਵਲੋ ਸਮੂਹ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਜਥੇਬੰਦੀਆਂ, ਅਤੇ ਮਹਿਲਾ ਕਮਿਸ਼ਨ ਤੋਂ ਇਸ ਸਮਾਜਿਕ ਕੁਰੀਤੀ ਖਿਲਾਫ ਵਿੱਢੇ ਸੰਘਰਸ਼ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ।