ਜਗਦੀਸ਼ ਥਿੰਦ
ਜਲਾਲਾਬਾਦ 5 ਦਸੰਬਰ
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਅਤੇ ਮੁੱਖ ਖੇਤੀਬਾੜੀ ਅਫਸਰ ਡਾ. ਮਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾ ’ਤੇ ਬਲਾਕ ਖੇਤੀਬਾੜੀ ਅਫ਼ਸਰ ਜਲਾਲਾਬਾਦ ਹਰਪ੍ਰੀਤ ਪਾਲ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕ ਕਰਨ ਹਿੱਤ ਇੰਨ ਸੀਟੂ ਸਕੀਮ ਤਹਿਤ ਪਿੰਡ ਕਾਹਣੇ ਵਾਲਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਮੌਕੇ ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਕਿਸਾਨਾਂ ਨੂੰ ਪਰਾਲੀ ਸਾੜਨ ਨਾਲ ਜਿਥੇ ਵਾਤਾਵਰਣ ’ਚ ਜਹਿਰੀਲੀਆਂ ਗੈਸਾਂ ਫੈਲਦੀਆਂ ਹਨ ਉਥੇ ਕਿਸਾਨ ਦੇ ਮਿਤਰ ਜੀਵ ਜੰਤੂ ਵੀ ਅੱਗ ਦੀ ਲਪੇਟ ’ਚ ਆ ਜਾਂਦੇ ਹਨ। ਇਸ ਨਾਲ ਫ਼ਸਲ ਦੇ ਮਿਤਰ ਕੀੜੇ ਮਰ ਜਾਂਦੇ ਹਨ ਜੋ ਫਸਲਾਂ ਨੂੰ ਦੁਸ਼ਮਣ ਕੀੜਿਆਂ ਤੋਂ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਅੱਗ ਲਗਣ ਨਾਲ ਜਮੀਨ ਦੀ ਉਪਜਾਊ ਸ਼ਕਤੀ ’ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਜਮੀਨ ਲਗਾਤਾਰ ਬੰਜਰ ਹੋ ਰਹੀ ਹੈ।
ਉਨ੍ਹਾਂ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਪਰਾਲੀ ਨੂੰ ਖੇਤ ਵਿਚ ਰੱਖ ਕੇ ਜਾਂ ਵਹਾ ਕੇ ਕਣਕ ਬੀਜਣ ਨਾਲ ਜਿਥੇ ਜਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਉਥੇ ਅਸੀਂ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸ਼ੁੱਧ ਵਾਤਾਵਰਣ ਤੇ ਚੰਗੀ ਸਿਹਤਮੰਦ ਜਮੀਨ ਦੇ ਸਕਦੇ ਹਾਂ ਅਤੇ ਬਚਿਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਕਿਸਾਨ ਗਰੁੱਪਾਂ, ਕਸਟਮ ਹੇਅਰਿੰਗ ਸੈਂਟਰਾਂ ਅਤੇ ਕੋਪਰੇਟਿਵ ਸੋਸਾਇਟੀਆਂ ਨੂੰ 80 ਫ਼ੀਸਦੀ ਸਬਸਿਡੀ ’ਤੇ ਪਰਾਲੀ ਸਾਂਭਣ ਲਈ ਖੇਤੀਬਾੜੀ ਸੰਦ ਦਿੱਤੇ ਜਾਂਦੇ ਹਨ।
ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਬਲਦੇਵ ਸਿੰਘ, ਲਵਪ੍ਰੀਤ ਸਿੰਘ, ਏ.ਐਸ.ਆਈ ਜਰਮਨਜੀਤ ਅਤੇ ਅਮਨਦੀਪ ਤੇ ਰਾਜ ਰਾਣੀ ਨੇ ਵੀ ਕਿਸਾਨਾਂ ਨਾਲ ਆਪਣੇ ਵੱਢਮੁੱਲੇ ਵਿਚਾਰ ਸਾਂਝੇ ਕੀਤੇ।