ਨਵੀਂ ਦਿੱਲੀ, 4 ਦਸੰਬਰ 2019 - ਬਲਾਤਕਾਰ ਦੇ ਮਾਮਲਿਆਂ 'ਚ ਭਗੌੜੇ ਬਾਬਾ ਨਿੱਤਿਆਨੰਦ ਨੇ ਆਪਣਾ ਇੱਕ ਵੱਖਰਾ ਦੇਸ਼ ਬਣਾ ਲਿਆ ਹੈ। ਨਿੱਤਿਆਨੰਦ ਨੇ ਦੱਖਣੀ ਅਮਰੀਕੀ ਮਹਾਦੀਪ ਵਿੱਚ ਤ੍ਰਿਨੀਦਾਦ ਤੇ ਟੋਬੈਕੋ ਕੋਲ ਇੱਕ ਟਾਪੂ 'ਤੇ ਆਪਣਾ ਵੱਖਰਾ ਦੇਸ਼ ਬਣਾਇਆ ਹੈ। ਇਸ ਤੋਂ ਬਿਨਾਂ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਨਿੱਤਿਆਨੰਦ ਨੇ ਆਪਣੇ ਇਸ ਨਵੇਂ ਦੇਸ਼ ਦਾ ਨਾਂਅ ਕੈਲਾਸਾ ਰੱਖਿਆ ਹੈ। ਕਰਨਾਟਕ 'ਚ ਭਗੌੜੇ ਬਲਾਤਕਾਰੀ ਬਾਬੇ ਦੇ ਸਿਰ ਪੰਜ ਕੇਸ ਦਰਜ ਹਨ।
ਮੀਡੀਆ ਦੀਆਂ ਖਬਰਾਂ ਅਨੁਸਾਰ ਨਿੱਤਿਆਨੰਦ ਨੇ ਆਪਣੇ ਇਸ ਨਵੇਂ ਦੇਸ਼ ਦੇ ਨਾਂਅ 'ਤੇ ਵੈੱਬਸਾਈਟ ਵੀ ਬਣਾਈ ਹੈ ਅਤੇ ਖੁਲਾਸਾ ਕੀਤਾ ਹੈ ਕਿ ਇਸ ਦੇਸ਼ ਨੂੰ ਦੁਨੀਆਂ ਭਰ ਦੇ ਬੇਦਖਲ ਹਿੰਦੂਆਂ ਨੇ ਵਸਾਇਆ ਹੈ। ਨਿੱਤਿਆਨੰਦ ਨੇ ਅਮਰੀਕਾ ਦੀ ਇੱਕ ਪ੍ਰਸਿੱਧ ਕਾਨੂੰਨੀ ਸਲਾਹਕਾਰ ਕੰਪਨੀ ਦੀ ਮਦਦ ਨਾਲ ਆਪਣੇ ਦੇਸ਼ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ ਹੈ। ਨਿੱਤਿਆਨੰਦ ਦੇ ਦੇਸ਼ ਕੈਲਾਸਾ ਦੇ ਦੋ ਪਾਸਪੋਰਟ ਹਨ। ਇੱਕ ਸੁਨਹਿਰੇ ਰੰਗ ਤੇ ਦੂਜੇ ਲਾਲ ਰੰਗ ਦਾ। ਇਸ ਦੇ ਝੰਡੇ ਦਾ ਰੰਗ ਨਾਭੀ ਹੈ।