ਪ੍ਰਸ਼ਾਸਨ ਨਾਲ ਹੋਏ ਸਮਝੌਤੇ ਤੋਂ ਬਾਅਦ ਰਾਤ ਸੱਤ ਵਜੇ ਧਰਨੇ ਸਮਾਪਤ ਹੋਏ
ਗੁਰਨਾਮ ਸਿੱਧੂ
ਫਿਰੋਜ਼ਪੁਰ 4 ਦਸੰਬਰ 2019 : ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਕੱਲੀਵਾਲਾ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਸੂਬਾ ਕਮੇਟੀ ਦੇ ਕੀਤੇ ਐਲਾਣ ਮੁਤਾਬਿਕ ਜ਼ਿਲ੍ਹਾ ਫਿਰੋਜ਼ਪੁਰ ਵਿਚ ਕਿਸਾਨਾਂ, ਮਜ਼ਦੂਰਾਂ ਦੇ ਮਸਲਿਆਂ ਨੂੰ ਲੈ ਕੇ ਫਿਰੋਜ਼ਪੁਰ ਜਲੰਧਰ ਰੇਲਵੇ ਮਾਰਗ ਬੂਟੇਵਾਲਾ ਅਤੇ ਫਿਰੋਜ਼ਪੁਰ ਰਾਜਸਥਾਨ ਕੋਹਰ ਸਿੰਘ ਵਾਲਾ ਵਿਖੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਵੱਲੋਂ ਪੁਲਿਸ ਰੋਕਾਂ ਤੋੜਦੇ ਹੋਏ ਤੜਕਸਾਰ ਕਿਸਾਨਾਂ, ਮਜ਼ਦੂਰਾਂ ਦੇ ਘਰਾਂ ਵਿਚ ਛਾਪੇਮਾਰੀ ਦੌਰਾਨ ਦਰਜਨਾਂ ਕਿਸਾਨਾਂ ਦੀਆਂ ਕੀਤੀਆਂ ਗ੍ਰਿਫਤਾਰੀਆਂ ਦੇ ਬਾਵਜੂਦ ਮੁਕੰਮਲ ਰੇਲ ਆਵਾਜਾਈ ਠੱਪ ਕੀਤੀ। ਰਾਤ ਸੱਤ ਵਜੇ ਸਰਕਾਰ ਨਾਲ ਹੋਏ ਸਮਝੌਤੇ ਅਨੁਸਾਰ ਬੂਟੇਵਾਲਾ ਵਿਖੇ ਐੱਸਪੀਐੱਚ ਬਲਜੀਤ ਸਿੰਘ ਸਿੱਧੂ ਤੇ ਕੋਹਰ ਸਿੰਘ ਵਾਲਾ ਵਿਖੇ ਡੀਐੱਸਪੀ ਗੁਰੂਹਰਸਹਾਏ ਭੁਪਿੰਦਰ ਸਿੰਘ ਨੇ ਧਰਨਾਕਾਰੀਆਂ ਨੂੰ ਵਿਸਵਾਸ਼ ਦੁਆਇਆ ਕਿ ਰਾਣਾ ਬੁੱਟਰ ਸ਼ੂਗਰ ਮਿੱਲ ਵਿਚ 9 ਕਿਸਾਨਾਂ ਦਾ ਗੰਨਾ ਬਾਂਡ ਕਰਕੇ ਚੁਕਵਾਇਆ ਜਾਵੇਗਾ ਤੇ ਗੰਨੇ ਦੇ 350 ਕਰੋੜ ਦੇ ਬਕਾਏ ਪੰਜਾਬ ਸਰਕਾਰ ਵੱਲੋਂ ਚੀਫ ਸੈਕਟਰੀ ਕਰਨ ਸਿੰਘ, ਅਵਤਾਰ ਸਿੰਘ ਦੇ ਦਸਤਖਤਾਂ ਹੇਠ ਮੰਨੀਆਂ 14 ਮੰਗਾਂ ਲਾਗੂ ਕਰਨ, ਪਰਾਲੀ ਦੇ ਮਸਲੇ ਹੱਲ ਆਦਿ ਮਸਲਿਆਂ 'ਤੇ 12 ਦਸੰਬਰ ਤੋਂ ਪਹਿਲਾ ਚੀਫ ਸੈਕਟਰੀ ਕਰਨ ਸਿੰਘ ਤੇ ਫਾਇਨਾਂਸ ਸਕੱਤਰ ਵਿਸ਼ਵਜੀਤ ਖੰਨਾ ਕਿਸਾਨ ਆਗੂਆਂ ਨਾਲ ਮੀਟਿੰਗ ਕਰਨਗੇ ਅਤੇ 12 ਦਸੰਬਰ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਮੀਟਿੰਗ ਕਰਕੇ ਮਸਲਿਆਂ ਦਾ ਹੱਲ ਕੱਢਣਗੇ। ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਿਸ ਨਾਲ ਸਬੰਧਤ ਮਸਲਿਆਂ ਦੇ ਹੱਲ ਲਈ 5 ਦਸੰਬਰ ਨੂੰ ਐੱਸਐੱਸਪੀ ਫਿਰੋਜ਼ਪੁਰ ਕਿਸਾਨ ਆਗੂਆਂ ਨਾਲ ਮੀਟਿੰਗ ਕਰਨਗੇ। ਇਸ ਵਿਸਵਾਸ਼ ਤੋਂ ਬਾਅਦ ਧਰਨੇ ਮੁਲਤਵੀ ਕੀਤੇ ਗਏ। ਇਸ ਮੌਕੇ ਕਿਸਾਨ ਆਗੂ ਰਣਬੀਰ ਸਿੰਘ ਰਾਣਾ, ਅੰਗਰੇਜ਼ ਸਿੰਘ ਬੂਟੇਵਾਲਾ, ਸਾਹਿਬ ਸਿੰਘ ਦੀਨੇਕੇ, ਰਣਜੀਤ ਸਿੰਘ ਖੱਚਰਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾ, ਸੁਰਿੰਦਰ ਸਿੰਘ ਘੁੱਦੂਵਾਲਾ, ਰਛਪਾਲ ਸਿੰਘ, ਸੁਰਜੀਤ ਸਿੰਘ ਗੱਟਾ ਬਾਦਸ਼ਾਹ, ਹਰਫੂਲ ਸਿੰਘ, ਬਚਿੱਤਰ ਸਿੰਘ ਕੁਤਬਦੀਨ, ਜਰਨੈਲ ਸਿੰਘ ਕੁੱਸੂਵਾਲਾ ਮੋੜ, ਬਲਕਾਰ ਸਿੰਘ, ਲੱਖਾ ਸਿੰਘ ਜੋਗੇਵਾਲਾ, ਧਰਮ ਸਿੰਘ ਸਿੱਧੂ, ਨਰਿੰਦਰ ਪਾਲ ਸਿੰਘ ਜਤਾਲਾ, ਗੁਰਦਿਆਲ ਸਿੰਘ ਟਿੱਬੀ ਕਲਾਂ, ਮੰਗਲ ਸਿੰਘ, ਫੁੰਮਣ ਸਿੰਘ ਰਾਓਕੇ, ਸੁਖਦੇਵ ਸਿੰਘ ਤਖਤੂਵਾਲਾ, ਸੁਖਵੰਤ ਸਿੰਘ ਮਾਛੀਕੇ, ਜਸਵੰਤ ਸਿੰਘ ਸ਼ਰੀਂਹ ਵਾਲਾ ਆਦਿ ਨੇ ਵੀ ਸੰਬੋਧਨ ਕੀਤਾ।