ਜਗਦੀਸ਼ ਥਿੰਦ
ਫਾਜ਼ਿਲਕਾ 4 ਦਸੰਬਰ
ਪਾਣੀ ਜ਼ਿੰਦਗੀ ਦਾ ਅਹਿਮ ਅੰਗ ਹੈ। ਧਰਤੀ ਅਤੇ ਮਨੁੱਖੀ ਸਰੀਰ ਵਿਚ ਪਾਣੀ ਦੀ ਮਾਤਰਾ ਇਕੋ ਜਿਹੀ ਹੈ। ਜਿੱਥੇ ਧਰਤੀ ਉਪਰ ਪਾਣੀ ਦੀ ਮਾਤਰਾ ਦੋ ਤਿਹਾਈ ਹਿੱਸੇ ਉਪਰ ਮੌਜ਼ੂਦ ਹੈ। ਉਥੇ ਹੀ ਮਨੁੱਖੀ ਸਰੀਰ ਵਿਚ ਵੀ ਪਾਣੀ ਦੀ ਹੋਂਦ ਉਨੀ ਹੀ ਮੰਨੀ ਜਾਂਦੀ ਹੈ। ਇਸ ਲਈ ਕੁਦਰਤ ਦੀ ਇਸ ਅਣਮੁੱਲੀ ਦਾਤ ਨੂੰ ਬਚਾਉਣਾ ਸਾਡਾ ਸਭ ਦਾ ਫ਼ਰਜ ਹੋਣਾ ਚਾਹੀਦਾ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛਤਵਾਲ ਨੇ ਆਲਮੀ ਪੱਧਰ ’ਤੇ ਦਰਪੇਸ਼ ਆ ਰਹੀ ਪਾਣੀ ਦੀ ਸਮੱਸਿਆ ਤੋਂ ਪੂਰੀ ਮਨੁੱਖਤਾ ਨੂੰ ਜਾਣੂੰ ਕਰਵਾਉਣ ਅਤੇ ਇਸ ਦੇ ਪ੍ਰਭਾਵੀ ਹੱਲ ਦੱਸਣ ਲਈ ਲਘੂ ਫ਼ਿਲਮ ‘ਪਾਣੀ ਦੀ ਕਹਾਣੀ’ ਦਾ ਪੋਸਟਰ ਅਤੇ ਪ੍ਰੋਮੋ ਰਿਲੀਜ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਦੀ ਬੂੰਦ-ਬੂੰਦ ਕੀਮਤੀ ਹੋਣ ਦਾ ਸੁਨੇਹਾ ਦਿੰਦੇ ਫ਼ਿਲਮ ਦੇ ਦਿ੍ਰਸ਼ ਪਾਣੀ ਦੀ ਕਹਾਣੀ ਦੀ ਸਾਰਥਿਕਤਾ ਨੂੰ ਦਰਸਾਉਂਦੇ ਹਨ।
ਇੱਥੇ ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਜਲ ਸ਼ਕਤੀ ਮੰਤਰਲਯ ਵੱਲੋਂ ਪੂਰੇ ਭਾਰਤ ਵਿਚ ਪਾਣੀ ਨੂੰ ਲੈ ਕੇ ਕੀਤੇ ਸਰਵੇਖਣ ਤੋਂ ਬਾਅਦ ਪਾਣੀ ਦੀ ਕਿੱਲਤ ਦੇ ਦੂਰ ਅਗਾਮੀ ਸਿੱਟਿਆਂ ਤੋਂ ਬਚਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਾਂਝੇ ਉਪਰਾਲੇ ਵੱਜੋਂ ਵਿੱਢੀ ਗਈ ਮੁਹਿੰਮ ਜਲ ਸ਼ਕਤੀ ਅਭਿਆਨ ਤਹਿਤ ਜਲ ਸ਼ਕਤੀ ਮੰਤਰਲਯ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਲਘੂ ਫ਼ਿਲਮ ‘ਪਾਣੀ ਦੀ ਕਹਾਣੀ’ ਤਿਆਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਛੱਤਵਾਲ ਨੇ ਕਿਹਾ ਕਿਹਾ ਪਾਣੀ ਦੀ ਅਹਿਮੀਅਤ ਅਤੇ ਸਹੀ ਕਰਨ ਦੇ ਤਰੀਕਿਆਂ ਬਾਰੇ ਇਹ ਫ਼ਿਲਮ ਕਾਰਗਰ ਭੂਮਿਕਾ ਅਦਾ ਕਰੇਗੀ । ਉਨ੍ਹਾਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਪਾਣੀ ਦੀ ਵਰਤੋਂ ਨੂੰ ਲੈ ਕੇ ਅਸੀ ਪੂਰੀ ਤਰ੍ਹਾਂ ਜਾਗਰੂਕ ਨਹੀਂ ਹਾਂ। ਧਰਤੀ ਹੇਠੋ ਰੋਜ਼ ਪਾਣੀ ਕੱਢਿਆ ਜਾਂਦਾ ਹੋਣ ਕਰਕੇ ਜ਼ਿਲ੍ਹਾ ਫਾਜ਼ਿਲਕਾ ਵੀ ਦੇਸ਼ ਦੇ ਲਗਭਗ 255 ਜ਼ਿਲ੍ਹਿਆਂ ਵਾਂਗ ਹੀ ਡਾਰਕ ਜੋਨ ਵਿੱਚ ਆ ਚੁੱਕਿਆ ਹੈ, ਇਸ ਲਈ ਇਹ ਫ਼ਿਲਮ ਹਰ ਮਨੁੱਖ ਨੂੰ ਪਾਣੀ ਦੀ ਕਿੱਲਤ ਤੋਂ ਜਾਣੂੰ ਹੀ ਨਹੀਂ ਕਰਵਾਵੇਗੀ ਸਗੋਂ ਉਸਦੀ ਸੁਚੱਜੀ ਵਰਤੋਂ ਕਰਨ ਦੇ ਉਪਰਾਲਿਆਂ ਬਾਰੇ ਵੀ ਸੇਧ ਦੇਵੇਗੀ।
ਫ਼ਿਲਮ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ. ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਪਾਣੀ ਦੀ ਵਰਤੋਂ ਨੂੰ ਲੈ ਕੇ ਫ਼ਿਲਮਾਏ ਗਏ ਸੰਖੇਪ ਸੁਨੇਹੇ , ਗੀਤ ਅਤੇ ਕਵਿਤਾ ਦਰਸ਼ਕਾਂ ਦਾ ਜਿੱਥੇ ਮੰਨੋਰੰਜਨ ਕਰਨਗੇ, ਉਥੇ ਹੀ ਇਹ ਫ਼ਿਲਮ ਦਰਸ਼ਕਾਂ ਨੂੰ ਪਾਣੀ ਦੀ ਭਿਆਨਕ ਹੁੰਦੀ ਸਥਿਤੀ ਨੂੰ ਦਿਮਾਗ ਤੋਂ ਨਹੀਂ ਬਲਕਿ ਦਿਲ ਤੋਂ ਸੋਚਣ ਲਈ ਆਪਣੀ ਭੂਮਿਕਾ ਅਦਾ ਕਰੇਗੀ।
ਫ਼ਿਲਮ ਦੇ ਡਾਇਰੈਕਟਰ ਪਰਮਜੀਤ ਸਿੰਘ ਪੰਮੀ ਨੇ ਫ਼ਿਲਮ ਦੇ ਵਿਸ਼ਾ ਵਸਤੂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਣੀ ਦੇ ਹਰ ਤਰ੍ਹਾਂ ਦੇ ਸੋਮਿਆਂ ਢਾਬ, ਖੂਹਾਂ, ਟੋਭਿਆਂ ਤੋ ਸ਼ੁਰੂ ਹੋਈ ਪਾਣੀ ਦੀ ਕਹਾਣੀ ਨੇ ਸਾਨੂੰ ਅੱਜ ਮੱਛੀ ਮੋਟਰ ਤੋਂ ਲੈ ਕੇ ਬੰਦ ਬੋਤਲਾਂ ’ਤੇ ਲਿਆ ਖੜ੍ਹਾ ਕੀਤਾ ਹੈ, ਪਰ ਕੁਦਰਤ ਨੇ ਤਾਂ ਧਰਤੀ ਦੇ ਹਰ ਜੀਵ ਲਈ ਖੁੱਲਦਿਲ੍ਹੀ ਨਾਲ ਪਸਾਰੇ ਅਤੇ ਵਰਤਾਰੇ ਲਈ ਹਵਾ, ਪਾਣੀ ਅਤੇ ਬਨਸਪਤੀ ਉਪਹਾਰ ਵੱਜੋਂ ਬਖ਼ਸ਼ਿਸ਼ ਕੀਤੀ ਗਈ ਸੀ। ਪਰ ਅੱਜ ਮਨੁੱਖ ਦੀ ਸੌੜੀ ਸੋਚ ਅਤੇ ਅਗਿਆਨਤਾ ਕਾਰਨ ਜੀਵਨ ਦੀ ਲਾਈਫ਼ ਲਾਈਨ ਮੰਨੇ ਜਾਂਦੇ ਪਾਣੀ ਦੀ ਹੋਂਦ ’ਤੇ ਖਤਰਾ ਮੰਡਰਾ ਰਿਹਾ ਹੈ। ਜਿਸ ਕਰਕੇ ਇਹ ਫ਼ਿਲਮ ਲੋਕਾਂ ਨੂੰ ਕੁਦਰਤ ਦੇ ਹਰ ਤਰ੍ਹਾਂ ਦੇ ਸੋਮਿਆ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ। ਇਹ ਫ਼ਿਲਮ ਭੋਗੂਲਿਕ, ਰਾਜਨੀਤਿਕ, ਆਰਥਿਕ, ਸੱਭਿਆਚਾਰਕ, ਖਾਣ-ਪਾਣ, ਰਹਿਣ-ਸਹਿਣ, ਰੀਤੀ-ਰਿਵਾਜ, ਲੋਕ ਕਿੱਤਿਆਂ, ਵਿਦਿਅਕ ਖੇਤਰ, ਉਦਯੋਗਿਕ ਪੱਖਾਂ ਨੂੰ ਉਜਾਗਰ ਕਰਦੀ ਹੈ, ਜਿਸ ਕਰਕੇ ਇਹ ਫ਼ਿਲਮ ਫਾਜ਼ਿਲਕਾ ਆਉਣ ਵਾਲੇ ਹਰ ਟੂਰਸਿਟ ਅਤੇ ਜਾਣਕਾਰੀ ਦੀ ਜਗਿਆਸਾ ਰੱਖਣ ਵਾਲੇ ਹਰ ਵਿਅਕਤੀ ਜਾਂ ਕਹਿ ਲਈਏ ਵਿਦਿਆਰਥੀਆਂ ਲਈ ਪ੍ਰਸ਼ਨ ਉਤਰ ਗਿਆਨ ਵੱਜੋਂ ਵੀ ਸਹਾਈ ਸਿੱਧ ਹੋਵੇਗੀ।
ਫ਼ਿਲਮ ਵਿਚ ਪ੍ਰੋਗਰਾਮ ਸਹਾਇਕ ਵੱਜੋਂ ਰੋਲ ਅਦਾ ਕਰਨ ਵਾਲੇ ਬਲਰਾਜ ਪੰਨੀਵਾਲਾ ਨੇ ਦੱਸਿਆ ਕਿ ਫਾਜ਼ਿਲਕਾ ਜ਼ਿਲ੍ਹਾ ਅੰਤਰਰਾਜੀ ਅਤੇ ਅੰਤਰਦੇਸ਼ੀ ਸਰਹੱਦਾਂ ਨਾਲ ਜੁੜਿਆ ਹੋਣ ਕਰਕੇ ਆਪਣੀ ਬੁੱਕਲ ਵਿਚ ਕੁਦਰਤ ਦੇ ਬੇਸ਼ਕੀਮਤੀ ਖਜ਼ਾਨੇ ਸਮੋਈ ਬੈਠਾ ਹੈ। ਜਿੱਥੇ ਕਾਦਰ ਦੀ ਕੁਦਰਤ ਟਹਿਕਦੀ-ਚਹਿਕਦੀ ਕੁੱਲ ਆਲਮ ਨਾਲ ਇਕਮਿੱਕਤਾ ਦਾ ਪ੍ਰਗਟਾਵਾ ਕਰਦੀ ਪ੍ਰਤੀਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਫ਼ਿਲਮ ਵਿਚ ਦਿਖਾਏ ਗਏ ਦਿ੍ਰਸ਼ ਇਸ ਗੱਲ ਦੀ ਗਵਾਹੀ ਹਨ ਕਿ ਜਿੱਥੇ ਇਸ ਜ਼ਿਲ੍ਹੇ ਦੇ ਵਸਨੀਕ ਵਾਤਾਵਰਣ ਪੇ੍ਰਮੀ ਹਨ, ਉਥੇ ਹੀ ਇੰਨ੍ਹਾਂ ਲੋਕਾਂ ਵਿਚ ਕੁਦਰਤ ਦੇ ਵਰਸਾਏ ਪਸ਼ੂ-ਪਰਿੰਦਿਆਂ ਅਤੇ ਦਰਖੱਤਾਂ ਨਾਲ ਵੀ ਪਿਆਰ ਦੀ ਇਕ ਵੱਖਰੀ ਤਾਂਘ ਅਤੇ ਸਾਂਝ ਇਸ ਫ਼ਿਲਮ ਜਰੀਏ ਵੇਖਣ ਨੂੰ ਮਿਲੇਗੀ।
ਫ਼ਿਲਮ ਦੀ ਅਡੀਟਿੰਗ ਅਤੇ ਸੰਗੀਤ ਸਮਸ਼ੇਰ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਸੁਰਿੰਦਰ ਕੰਬੋਜ, ਮਾਨ ਡੱਬਵਾਲੀਆ, ਸੋਨਮ ਕੰਬੋਜ, ਨੂਰ ਕਥੂਰੀਆ, ਟਹਿਲ ਸਿੰਘ, ਹਰਕਿਰਜਨਜੀਤ ਸਿੰਘ ਨੇ ਆਪਣੀ ਖੂਬਸੂਰਤ ਅਵਾਜ਼ ਨਾਲ ਸ਼ਿੰਗਾਰਿਆ ਹੈ। ਮਨਜੀਤ ਸਿੰਘ ਅਤੇ ਰਾਜੇਸ਼ ਨੇ ਕੈਮਰਾਮੈਨ ਵੱਜੋਂ ਸੇਵਾਵਾਂ ਦਿੱਤੀਆਂ। ਪ੍ਰੋਜੈਕਟ ਕੁਆਰਡੀਨੇਟਰ ਵੱਜੋਂ ਗੁਰਛਿੰਦਰਪਾਲ ਸਿੰਘ ਅਤੇ ਵਿਜੈ ਪਾਲ ਨੇ ਭੂਮਿਕਾ ਨਿਭਾਈ। ਵਿਪਨ ਕੁਮਾਰ, ਨਵਦੀਪ, ਜਸਵਿੰਦਰ ਚਾਵਲਾ, ਰੋਹਿਤ ਸੇਤੀਆ, ਇੰਦਰਜੀਤ, ਰਣਬੀਰ ਕੌਰ ਅਤੇ ਪਿ੍ਰੰਸ ਨੇ ਮੈਨੇਜਮੈਂਟ ਟੀਮ ਵੱਜੋਂ ਰੋਲ ਅਦਾ ਕੀਤਾ।
ਡਿਪਟੀ ਕਮਿਸ਼ਨਰ ਫਾਜ਼ਿਲਕਾ ਵੱਲੋਂ ਇਸ ਫ਼ਿਲਮ ਨੂੰ ਬਣਾਉਣ ਵਿਚ ਸਹਾਈ ਹੋਏ ਹਰ ਵਿਭਾਗ , ਲੋਕਾਂ ਅਤੇ ਸਮੂਹ ਟੀਮ ਮੈਂਬਰਾਂ ਨੂੰ ਧੰਨਵਾਦ ਕੀਤਾ ਅਤੇ ਹਰੇਕ ਵਿਅਕਤੀ ਨੂੰ ਇਸ ਫ਼ਿਲਮ ਨੂੰ ਦੇਖਣ ਦੀ ਅਪੀਲ ਕੀਤੀ।