ਅੰਤਰਰਾਸ਼ਟਰੀ ਕਬੱਡੀ ਕੱਪ ਦੇ ਮੈਚ ਸ਼ੁਰੂ ਕਰਵਾਉਣ ਮੌਕੇ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਾਥੀ
ਗੁਰੂ ਨਾਨਕ ਸਾਹਿਬ ਹੋਏ ਹਨ ਸਮੁੱਚੀ ਮਾਨਵਤਾ ਦੇ ਜਗਤ ਗੁਰੂ
ਪਵਨ ਗੁਰੂ , ਪਾਣੀ ਪਿਤਾ , ਮਾਤਾ ਧਰਤ ਮਹੱਤ ਦਾ ਸੰਦੇਸ਼ ਅੱਜ ਵੀ ਹੋ ਰਿਹਾ ਹੈ ਸਾਰਥਕ
ਜਗਦੀਸ਼ ਥਿੰਦ
ਗੁਰੂਹਰਸਹਾਏ / ਫਿਰੋਜ਼ਪੁਰ 4 ਦਸੰਬਰ ; ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਦੇ ਸਬੰਧ ਵਿੱਚ ਅੱਜ ਗੁਰੂ ਰਾਮਦਾਸ ਸਟੇਡੀਅਮ ਗੁਰੂ ਹਰਸਹਾਏ ਵਿਖੇ ਮੈਚ ਸ਼ੁਰੂ ਕਰਵਾਏ ਗਏ ।
ਅਜਾਇਬ ਸਿੰਘ ਭੱਟੀ , ਰਾਣਾ ਗੁਰਮੀਤ ਸਿੰਘ ਸੋਢੀ , ਗੁਰਪ੍ਰੀਤ ਘੁੱਗੀ ਅਤੇ ਵਿਧਾਇਕ ਰਮਿੰਦਰ ਆਵਲਾ ਖਿਡਾਰੀਆਂ ਨਾਲ ਜਾਣ ਪਹਿਚਾਣ ਲਈ ਜਾਂਦੇ ਹੋਏ
ਇਸ ਮੌਕੇ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ , ਵਿਧਾਇਕ ਜਲਾਲਾਬਾਦ ਰਮਿੰਦਰ ਸਿੰਘ ਆਂਵਲਾ , ਖੇਡ ਵਿਭਾਗ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਵੀ ਇਹ ਹਸਤੀਆਂ ਮੌਜੂਦ ਸਨ ।
ਇਸ ਮੌਕੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੇ ਚੱਲਣ ਦੀ ਪ੍ਰੇਰਨਾ ਕੀਤੀ ਉੱਥੇ ਪੰਜਾਬੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡ ਮੈਦਾਨ ਵਿੱਚ ਸਰਗਰਮ ਹੋਣ ਦਾ ਸੱਦਾ ਦਿੱਤਾ ।
ਰਾਣਾ ਗੁਰਮੀਤ ਸਿੰਘ ਸੋਢੀ ਨੇ ਗੁਰੂ ਨਾਨਕ ਦੇਵ ਜੀ ਸਬੰਧੀ ਬੋਲਦਿਆਂ ਕਿਹਾ ਕਿ ਉਹ ਸਮੁੱਚੀ ਮਨੁੱਖਤਾ ਦੇ ਸਰਬਸਾਂਝੇ ਵਿਸ਼ਵ ਗੁਰੂ ਹੋਏ ਹਨ ।
ਉਨ੍ਹਾਂ ਮਨੁੱਖਤਾ ਦੇ ਭਲੇ ਲਈ ਪੈਦਲ 30 ਹਜ਼ਾਰ ਮੀਲ ਪੈਂਡਾ ਤੈਅ ਕਰਕੇ ਉਹ ਸੰਦੇਸ਼ ਜਾਰੀ ਕੀਤਾ ਜੋ ਕਿ ਅੱਜ ਸਮੁੱਚੀ ਦੁਨੀਆਂ ਦੇ ਵਿਗਿਆਨੀ ਜਿਸ ਬਾਰੇ ਗੱਲ ਕਰ ਰਹੇ ਹਨ ।
ਗੁਰੂ ਨਾਨਕ ਸਾਹਿਬ ਨੇ " ਪਵਣ ਗੁਰੂ ,ਪਾਣੀ ਪਿਤਾ , ਮਾਤਾ ਧਰਤ ਮਹੱਤ " ਦੀ ਗੱਲ ਕਰ ਕੇ ਪਾਣੀ ਧਰਤੀ ਅਤੇ ਵਾਯੂਮੰਡਲ ਨੂੰ ਸ਼ੁੱਧ ਰੱਖਣ ਦਾ ਸੰਦੇਸ਼ ਜਾਰੀ ਕੀਤਾ ਸੀ ।ਜਦਕਿ ਅੱਜ ਧਰਤੀ ਆਕਾਸ਼ ਅਤੇ ਪਾਣੀ ਤਿੰਨੋਂ ਹੀ ਮਨੁੱਖ ਨੇ ਆਪਣੀ ਨਿੱਜੀ ਗਰਜ਼ਾਂ ਖਾਤਰ ਪੁਲੀਤ ਕਰ ਦਿੱਤੇ ਗਏ ਹਨ ।
ਉਹਨਾਂ ਪੰਜਾਬ ਦੀ ਨੌਜਵਾਨੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਲਿਆਂਦੀ ਨਵੀਂ ਖੇਡ ਨੀਤੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਓਲੰਪਿਕ ਵਿੱਚੋਂ ਗੋਲਡ ਮੈਡਲ ਲੈ ਕੇ ਆਉਣ ਵਾਲੇ ਪੰਜਾਬੀ ਖਿਡਾਰੀ ਨੂੰ 2.5 ਕਰੋੜ ਰੁਪਏ ਦੀ ਰਾਸ਼ੀ ਅਤੇ ਡੀ ਐੱਸ ਪੀ ਦੀ ਨੌਕਰੀ ਦਿੱਤੀ ਜਾਵੇਗੀ ।