ਮਨਪ੍ਰੀਤ ਸਿੰਘ ਛੱਤਵਾਲ ਡਿਪਟੀ ਕਮਿਸ਼ਨਰ ਫ਼ਾਜ਼ਿਲਕਾ
ਜਗਦੀਸ਼ ਥਿੰਦ
ਫਾਜ਼ਿਲਕਾ, 4 ਦਸੰਬਰ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਮਹੁੱਈਆ ਕਰਵਾਉਣ ਲਈ ਕੀਤੇ ਜਾ ਰਹੇ ਅਹਿਮ ਉਪਰਾਲਿਆਂ ਵਿੱਚੋਂ ਕੈਂਸਰ ਦੇ ਮਰੀਜ਼ਾਂ ਲਈ ਜੂਨ 2011 ਵਿੱਚ ਸ਼ੁਰੂ ਕੀਤੀ ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ ਨਾਲ ਲੱਖਾਂ ਲੋਕਾਂ ਨੂੰ ਆਰਥਿਕ ਸਹਾਇਤਾ ਦਿੰਦਿਆਂ ਇਸ ਨਾਮੁਰਾਦ ਬਿਮਾਰੀ ਤੋਂ ਨਿਜ਼ਾਤ ਦਿਵਾਇਆ ਜਾ ਰਿਹਾ ਹੈ। ਇਸ ਯੋਜਨਾ ਤਹਿਤ ਜ਼ਿਲ੍ਹਾ ਫਾਜ਼ਿਲਕਾ ਵਿੱਚ ਜਨਵਰੀ 2019 ਤੋਂ ਲੈ ਕੇ ਹੁਣ ਤੱਕ 152 ਮਰੀਜਾਂ ਨੂੰ 2 ਕਰੋੜ 12 ਲੱਖ 80 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਕੈਂਸਰ ਪੀੜ੍ਹਤ ਵਿਅਕਤੀ ਨੂੰ ਡੇਢ ਲੱਖ ਰੁਪਏ ਦੀ ਸਹਾਇਤਾ ਮੁੱਖ ਮੰਤਰੀ ਰਾਹਤ ਕੋਸ਼ ਸਕੀਮ ਤਹਿਤ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਇਹ ਰਾਸ਼ੀ ਜਿੱਥੇ ਮਰੀਜ਼ ਦਾ ਇਲਾਜ ਚਲ ਰਿਹਾ ਹੋਵੇ, ਉਸੇ ਹਸਪਤਾਲ ਦੇ ਖਾਤੇ ਵਿੱਚ ਜਮ੍ਹਾਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਕੈਂਪ ਲਗਾ ਕੇ ਆਮ ਲੋਕਾਂ ਨੂੰ ਸਮੇਂ ਸਮੇਂ ਤੇ ਜਾਗਰੂਕ ਕੀਤਾ ਜਾਂਦਾ ਹੈ, ਤਾਂ ਕਿ ਕੋਈ ਵੀ ਕੈਂਸਰ ਪੀੜਤ੍ਹ ਮਰੀਜ਼ ਇਲਾਜ ਕਰਵਾਉਣ ਤੋਂ ਵਾਂਝਾਂ ਨਾ ਰਹਿ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕੈਂਸਰ ਰਾਹਤ ਸਕੀਮ ਦਾ ਲਾਭ ਲੈਣ ਲਈ ਸਿਵਲ ਸਰਜਨ ਦਫ਼ਤਰ ਫਾਜ਼ਿਲਕਾ ਵਿਖੇ ਲਿਖਤੀ ਪ੍ਰੋਫਾਰਾਮਾ ਭਰ ਕੇ ਦੇਣਾ ਹੁੰਦਾ ਹੈ।
ਇਸ ਮੌਕੇ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰਿਆ ਨੇ ਦੱਸਿਆ ਕਿ ਇਸ ਯੋਜਨਾ ਦੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਸਿਹਤ ਵਿਭਾਗ ਦੇ ਟੋਲ ਫਰੀ ਮੈਡੀਕਲ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਛਾਤੀ ਵਿੱਚ ਦਰਦ ਕਰਨ ਵਾਲੀ ਵਧਦੀ ਹੋਈ ਗਿਲਟੀ, ਮਾਹਵਾਰੀ ਵਿੱਚ ਖੂਨ ਜ਼ਿਆਦਾ ਪੈਣਾ ਅਤੇ ਮਾਹਵਾਰੀ ਤੋਂ ਇਲਾਵਾ ਖੂਨ ਪੈਣਾ, ਨਾ ਠੀਕ ਹੋਣ ਵਾਲਾ ਮੂੰਹ ਦਾ ਛਾਲਾ, ਪਿਸ਼ਾਬ ਵਾਲੀ ਥਾਂ ਤੋਂ ਪਿਸ਼ਾਬ ਦੀ ਥਾਂ ਖੂਨ ਆਉਣਾ, ਭੁੱਖ ਨਾ ਲੱਗਣਾ ਅਤੇ ਲਗਾਤਾਰ ਵਜ਼ਨ ਦਾ ਘੱਟ ਹੋਣਾ, ਪਾਚਨ ਸ਼ਕਤੀ ਅਤੇ ਪਖਾਨਾ ਕਿਰਿਆ ਵਿੱਚ ਅਚਾਨਕ ਬਦਲਾਓ ਆਉਣਾ, ਬਿਨ੍ਹਾਂ ਕਾਰਨ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਕਰਨਾ ਕੈਂਸਰ ਦੇ ਲੱਛਣ ਹੋ ਸਕਦੇ ਹਨ।
ਇਸ ਮੌਕੇ ਮਾਸ ਮੀਡੀਆ ਅਫ਼ਸਰ ਸ੍ਰੀ ਅਨਿਲ ਧਾਮੂ ਨੇ ਦੱਸਿਆ ਕਿ ਲੜਕੀ ਦਾ ਛੋਟੀ ਉਮਰ ਵਿੱਚ ਵਿਆਹ ਹੋਣ, ਨਵਜੰਮੇ ਬੱਚੇ ਨੂੰ ਮਾਂ ਦਾ ਦੁੱਧ ਨਾ ਪਿਆਉਣਾ, ਔਰਤਾਂ ਦਾ ਪਹਿਲਾ ਬੱਚਾ ਵੱਡੀ ਉਮਰ ਵਿੱਚ ਹੋਣਾ, ਖਾਣ ਵਾਲੀਆਂ ਚੀਜ਼ਾਂ ’ਤੇ ਕੀਟਨਾਸ਼ਕ ਦਵਾਈਆਂ ਦਾ ਜ਼ਿਆਦਾ ਛਿੜਕਾਓ ਕਰਨਾ, ਤੰਬਾਕੂ ਅਤੇ ਸ਼ਰਾਬ ਦੀ ਵਰਤੋਂ ਕਰਨਾ ਅਤੇ ਪਰਿਵਾਰ ਵਿੱਚ ਕਿਸੇ ਜੀਅ ਨੂੰ ਕੈਂਸਰ ਹੋਣਾ ਆਦਿ ਕੈਂਸਰ ਦੇ ਵਧਣ ਦੇ ਆਮ ਕਾਰਨ ਹਨ। ਉਨ੍ਹਾਂ ਦੱਸਿਆ ਕਿ 35 ਸਾਲ ਦੀ ਉਮਰ ਤੋਂ ਬਾਅਦ ਹਰ ਔਰਤ ਨੂੰ ਆਪਣੀ ਮੈਡੀਕਲ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ।