- ਖ਼ਰੀਦੀ ਜਿਣਸ ਵਿੱਚੋਂ 99.16 ਫ਼ੀਸਦੀ ਝੋਨੇ ਦੀ ਲਿਫ਼ਟਿੰਗ
- ਕਿਸਾਨਾਂ ਨੂੰ 268.94 ਕਰੋੜ ਰੁਪਏ (95.10 ਫ਼ੀਸਦੀ) ਅਦਾਇਗੀ
- ਝੋਨੇ ਦੀ ਸਰਕਾਰੀ ਖ਼ਰੀਦ ਪ੍ਰਕਿਰਿਆ 30 ਨਵੰਬਰ ਨੂੰ ਹੋਵੇਗੀ ਸਮਾਪਤ, ਕਿਸਾਨਾਂ ਨੂੰ ਝੋਨੇ ਦੀ ਤੁਰੰਤ ਵਿਕਰੀ ਦੀ ਅਪੀਲ
ਐਸ.ਏ.ਐਸ. ਨਗਰ, 22 ਨਵੰਬਰ 2019 - ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਅੱਜ ਇਥੇ ਦੱਸਿਆ ਕਿ ਜ਼ਿਲੇ ਦੇ ਕੁੱਲ 11 ਖ਼ਰੀਦ ਕੇਂਦਰਾਂ ’ਤੇ ਅੱਜ ਤੱਕ ਪੁੱਜੀ ਝੋਨੇ ਦੀ ਫ਼ਸਲ ਦੀ 100 ਫ਼ੀਸਦੀ ਖ਼ਰੀਦ ਹੋ ਚੁੱਕੀ ਹੈ। ਇਥੇ ਜਾਰੀ ਬਿਆਨ ਵਿੱਚ ਉਨਾਂ ਦੱਸਿਆ ਕਿ ਜ਼ਿਲੇ ਵਿੱਚ 1 ਲੱਖ 54 ਹਜ਼ਾਰ 812 ਮੀਟਰਕ ਟਨ ਝੋਨੇ ਦੀ ਆਮਦ ਦਰਜ ਹੋਈ ਹੈ ਅਤੇ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ ਸਾਰਾ ਝੋਨਾ ਖ਼ਰੀਦ ਲਿਆ ਗਿਆ ਹੈ। ਉਨਾਂ ਦੱਸਿਆ ਕਿ ਇਸ ਵਰੇ ਅੱਜ ਦੇ ਦਿਨ ਤੱਕ ਪਿਛਲੇ ਸਾਲ ਨਾਲੋਂ 14,080 ਮੀਟਰਕ ਟਨ ਵੱਧ ਝੋਨਾ ਖ਼ਰੀਦਿਆ ਗਿਆ ਹੈ। ਪਿਛਲੇ ਸਾਲ ਅੱਜ ਦੇ ਦਿਨ ਤੱਕ 1 ਲੱਖ 40 ਹਜ਼ਾਰ 732 ਮੀਟਰਕ ਟਨ ਝੋਨਾ ਖ਼ਰੀਦਿਆ ਗਿਆ ਸੀ।
ਸਰਕਾਰੀ ਖ਼ਰੀਦ ਏਜੰਸੀਆਂ ਦੇ ਅੰਕੜੇ ਦਿੰਦਿਆਂ ਉਨਾਂ ਦੱਸਿਆ ਕਿ ਜ਼ਿਲੇ ਦੀਆਂ ਮੰਡੀਆਂ ਵਿੱਚੋਂ ਪਨਗ੍ਰੇਨ ਵੱਲੋਂ 46,080 ਮੀਟਰਕ ਟਨ, ਮਾਰਕਫ਼ੈੱਡ ਵੱਲੋਂ 44,784 ਮੀਟਰਕ ਟਨ, ਪਨਸਪ ਵੱਲੋਂ 33,972, ਪੰਜਾਬ ਰਾਜ ਗੁਦਾਮ ਨਿਗਮ ਵੱਲੋਂ 22,855, ਐਫ.ਸੀ.ਆਈ. ਵੱਲੋਂ 6401 ਅਤੇ ਵਪਾਰੀਆਂ ਵੱਲੋਂ 720 ਮੀਟਰਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਸ੍ਰੀ ਦਿਆਲਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਹੁਣ ਤੱਕ 268.94 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ, ਜੋ ਕੁੱਲ ਅਦਾਇਗੀ ਦਾ 95.10 ਫ਼ੀਸਦੀ ਬਣਦਾ ਹੈ। ਉਨਾਂ ਦੱਸਿਆ ਕਿ ਕਿਸਾਨਾਂ ਨੂੰ ਕੁੱਲ ਅਦਾਇਗੀਯੋਗ ਰਕਮ 282.77 ਕਰੋੜ ਰੁਪਏ ਹੈ। ਖ਼ਰੀਦੇ ਗਏ ਝੋਨੇ ਦੀ ਚੁਕਾਈ ਸਬੰਧੀ ਸ੍ਰੀ ਦਿਆਲਨ ਨੇ ਦੱਸਿਆ ਕਿ ਮੰਡੀਆਂ ਵਿੱਚੋਂ ਅੱਜ ਤੱਕ 1 ਲੱਖ 53 ਹਜ਼ਾਰ 518 ਮੀਟਰਕ ਟਨ ਝੋਨੇ ਦੀ ਲਿਫ਼ਟਿੰਗ ਕਰਵਾਈ ਜਾ ਚੁੁੱਕੀ ਹੈ, ਜੋ ਕੁੱਲ ਆਮਦ ਦਾ 99.16 ਫ਼ੀਸਦੀ ਬਣਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੂਬੇ ਦੀਆਂ ਮੰਡੀਆਂ ਵਿੱਚ ਝੋਨੇ ਦੀ ਆਮਦ ਘਟਣ ਦੇ ਸਨਮੁਖ ਸੂਬਾ ਸਰਕਾਰ ਵੱਲੋਂ ਖ਼ਰੀਦ ਦੀ ਮਿਆਦ ਵਿੱਚ ਤਬਦੀਲੀ ਕੀਤੀ ਗਈ ਹੈ। ਹੁਣ ਸੂਬੇ ਵਿਚ ਝੋਨੇ ਦੀ ਖ਼ਰੀਦ ਪ੍ਰਕਿਰਿਆ 30 ਨਵੰਬਰ, 2019 ਤੱਕ ਜਾਰੀ ਰਹੇਗੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕਿਸਾਨ ਨੇ ਝੋਨੇ ਦੀ ਵਿਕਰੀ ਕਰਨੀ ਬਕਾਇਆ ਹੈ ਤਾਂ ਉਹ 30 ਨਵੰਬਰ ਤੱਕ ਹਰ ਹਾਲ ਵਿੱਚ ਝੋਨਾ ਵੇਚ ਲੈਣ। ਉਨਾਂ ਦੱਸਿਆ ਕਿ ਮੰਡੀਆਂ ਵਿੱਚ ਝੋਨੇ ਦੀ ਜ਼ਿਆਦਾਤਰ ਆਮਦ ਹੋ ਚੁੱਕੀ ਹੈ, ਇਸ ਲਈ ਪਿਛਲੇ ਕੁਝ ਦਿਨਾਂ ਤੋਂ ਜ਼ਿਲ਼ੇ ਦੀਆਂ ਮੰਡੀਆਂ ਵਿਚ ਝੋਨੇ ਦੀ ਆਮਦ ਘੱਟ ਹੋ ਰਹੀ ਹੈ। ਸੂਬਾ ਸਰਕਾਰ ਵੱਲੋਂ ਮੰਡੀਆਂ ਵਿੱਚੋਂ ਸਾਰੀ ਫ਼ਸਲ ਖ਼ਰੀਦਣ ਦੀ ਵਚਨਬੱਧਤਾ ਦੁਹਰਾਉਂਦਿਆਂ ਸ੍ਰੀ ਦਿਆਲਨ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ 30 ਨਵੰਬਰ ਤੱਕ ਮੰਡੀਆਂ ਵਿੱਚ ਲਿਆਉਣ ਤਾਂ ਜੋ ਉਹ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦਾ ਲਾਭ ਲੈ ਸਕਣ।
ਵਾਤਾਵਰਣ ਸੁਰੱਖਿਆ ਦੀ ਗੱਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਕਿਉਂਕਿ ਇਸ ਨਾਲ ਜਿਥੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ, ਉਥੇ ਲੋਕਾਂ ਨੂੰ ਕਈ ਤਰਾਂ ਦੀਆਂ ਬੀਮਾਰੀਆਂ ਲੱਗਣ ਦਾ ਖੌਅ ਬਣਿਆ ਰਹਿੰਦਾ ਹੈ।