ਲੋਕੇਸ਼ ਰਿਸ਼ੀ
- ਸ਼ਹੀਦੋਂ ਕਿ ਚਿਤਾਓਂ ਪਰ ਲਗੇਂਗੇ ਹਰ ਬਰਸ ਮੇਲੇ, ਯਹੀ ਵਤਨ 'ਪੇ ਮਿਟਨੇ ਵਲੋਂ ਕਾ ਆਖ਼ਰੀ ਨਿਸ਼ਾਂ ਹੋਗਾ
ਗੁਰਦਾਸਪੁਰ :- ਬੀਤੇ ਦਿਨ ਸਿਆਚਿਨ ਦੇ ਗਲੇਸ਼ੀਅਰ ਵਿਖੇ ਝੁੱਲੇ ਬਰਫੀਲੇ ਤੁਫ਼ਾਨ ਕਾਰਨ ਗੁਰਦਾਸਪੁਰ ਦੇ ਕਸਬਾ ਫ਼ਤਿਹਗੜ੍ਹ ਚੂੜੀਆਂ ਦਾ ਰਹਿਣ ਵਾਲਾ ਲਾਂਸਨਾਇਕ ਮਨਿੰਦਰ ਸਿੰਘ ਸ਼ਹੀਦ ਹੋ ਗਿਆ ਸੀ, ਜਿਸਦਾ ਅੰਤਿਮ ਸਸਕਾਰ ਅੱਜ ਦੇਰ ਸ਼ਾਮ ਫਤਿਹਗੜ੍ਹ ਚੂੜੀਆਂ ਵਿਖੇ ਸੈਨਿਕ ਸਨਮਾਨਾਂ ਨਾਲ ਕਰ ਦਿੱਤਾ ਗਿਆ। ਇਸ ਮੌਕੇ ਸ਼ਹੀਦ ਮਨਿੰਦਰ ਸਿੰਘ ਦੀ ਮਿ੍ਰਤਕ ਦੇਹ ਜਦੋਂ ਤਿਰੰਗੇ ਵਿਚ ਲਿਪਟੀ ਅਤੇ ਫੁੱਲਾਂ ਨਾਲ ਸਜਾਈ ਹੋਈ ਗੱਡੀ ਵਿਚ ਫਤਿਹਗੜ੍ਹ ਚੂੜੀਆਂ ਕਸਬੇ ’ਚ ਦਾਖ਼ਲ ਹੋਈ ਤਾਂ ਹਜ਼ਾਰਾਂ ਨਮ ਅੱਖਾਂ ਨੇ ਫੁੱਲਾਂ ਦੀ ਵਰਖਾ ਨਾਲ ਮਨਿੰਦਰ ਸਿੰਘ ਨੂੰ ਸਿਜਦਾ ਕੀਤਾ। ਇਸ ਮੌਕੇ ਇਕੱਤਰ ਹੋਏ ਲੋਕਾਂ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਅੰਤਿਮ ਵਿਦਾਈ ਦਿੰਦਿਆਂ ਸ਼ਹੀਦ ਮਨਿੰਦਰ ਸਿੰਘ ਅਮਰ ਰਹੇ ਜਿੰਦਾਬਾਦ ਦੇ ਨਾਅਰੇ ਲਗਾਏ।
ਇਸ ਦੌਰਾਨ ਸ਼ਹੀਦ ਦੇ ਨਾਬਾਲਿਗ ਬੇਟੇ ਵਲੋਂ ਆਪਣੇ ਸ਼ਹੀਦ ਪਿਤਾ ਦੀ ਸ਼ਿਖਾ ਨੂੰ ਅਗਨ ਭੇਂਟ ਕੀਤੇ ਜਾਣ ਦਾ ਨਜ਼ਾਰਾ ਦਿਲ ਨੂੰ ਪੂਰੀ ਤਰਾਂ ਛੰਝੋੜ ਦੇਣ ਵਾਲਾ ਸੀ। ਹਾਲਾਂ ਕਿ ਸ਼ਹੀਦ ਦੀ ਧਰਮ ਪਤਨੀ ਦਾ ਮੰਨਣਾ ਹੈ ਕਿ ਮੰਨੀਦਰ ਆਪਣਾ ਫਰਜ਼ ਅਦਾ ਕਰਦਿਆਂ ਦੇਸ਼ ਦੀ ਰਖਿਆ ਕਰਦੇ ਸ਼ਹੀਦੀ ਜਾਮ ਪੀ ਗਏ ਹਨ ਅਤੇ ਉਹ ਆਪਣੇ ਬੇਟੇ ਨੂੰ ਵੀ ਦੇਸ਼ ਦੀ ਸੇਵਾ ਲਈ ਸੈਨਾ ਵਿਚ ਭੇਜੇਗੀ।
ਇਸ ਮੌਕੇ ਲੈਫਟੀਨੈਂਟ ਕਰਨਲ ਮਨੋਜ ਸੋਮਨਾਥਨ ਦੀ ਅਗਵਾਈ ਹੇਠ ਅੰਮਿ੍ਰਤਸਰ ਕੈਂਟ ਤੋਂ ਪੁੱਜੀ ਫ਼ੌਜ ਦੀ ਟੱੁਕੜੀ ਨੇ ਸ਼ਹੀਦ ਮਨਿੰਦਰ ਸਿੰਘ ਨੂੰ ਮਾਤਮੀ ਧੁੰਨ ਵਜਾ ਕੇ, ਹਥਿਆਰ ਉੱਲਟੇ ਕਰਕੇ ਅਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਫ਼ੌਜ ਦੇ ਉੱਚ ਅਧਿਕਾਰੀਆਂ ਵੱਲੋਂ ਸ਼ਹੀਦ ਮਨਿੰਦਰ ਸਿੰਘ ਨੂੰ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬਲਵਿੰਦਰ ਸਿੰਘ ਐੱਸ.ਡੀ.ਐੱਮ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਹੀਦ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁੱਖ ਦੀ ਘੜ੍ਹੀ ਵਿੱਚ ਪੰਜਾਬ ਸਰਕਾਰ ਸ਼ਹੀਦ ਦੇ ਪਰਿਵਾਰ ਨਾਲ ਹੈ।
ਜ਼ਿਕਰਯੋਗ ਹੈ ਕਿ ਨਾਇਕ ਸ਼ਹੀਦ ਹੋਏ ਮਨਿੰਦਰ ਸਿੰਘ ਦਾ ਵਿਆਹ 6 ਸਾਲ ਪਹਿਲਾਂ ਅਕਵਿੰਦਰ ਕੌਰ ਨਾਲ ਹੋਇਆ ਸੀ ਅਤੇ ਮਨਿੰਦਰ ਸਿੰਘ ਦਾ ਇੱਕ ਛੋਟਾ 5 ਸਾਲ ਦਾ ਲੜਕਾ ਏਕਮਜੋਤ ਸਿੰਘ ਹੈ, ਜਿਸਨੇ ਆਪਣੇ ਪਿਤਾ ਦੀ ਚਿਤਾ ਨੂੰ ਮੁੱਖ ਅਗਨੀ ਦਿੱਤੀ।
ਸ਼ਹੀਦ ਹੋਏ ਜਵਾਨ ਮਨਿੰਦਰ ਸਿੰਘ ਦੇ ਭਰਾ ਗੁਰਵਿੰਦਰ ਸਿੰਘ ਜੋ ਐੱਨ.ਅੱੈਸ.ਜੀ. ਕਮਾਂਡੋ ਮੁੰਬਈ ਵਿਖੇ ਤਾਇਨਾਤ ਹੈ ਨੇ ਦੱਸਿਆ ਕਿ ਉਸਦਾ ਭਰਾ ਮਨਿੰਦਰ ਸਿੰਘ 3 ਪੰਜਾਬ ਰੇਜਮੈਂਟ ਵਿਚ ਭਰਤੀ ਸੀ ਅਤੇ ਸਿਆਚਿਨ ਗਲੇਸ਼ੀਅਰ ’ਚ ਕਾਜੀਰੰਗਾ ਪੋਸਟ, ਬਾਨਾ ਐੱਲ.ਪੀ.ਦੇ ਵਿਚਾਕਰ ਵਿਖੇ ਡਿਊਟੀ ਨਿਭਾ ਰਿਹਾ ਸੀ ਅਤੇ ਪਰਸੋਂ 6 ਡੋਗਰਾ ਰੇਜਮੈਂਟ ਦੇ ਜਵਾਨ ਜਦ ਡਿਊਟੀ ਬਦਲਣ ਲੱਗੇ ਤਾਂ ਇੱਕ ਜਵਾਨ ਦੀ ਤਬੀਅਤ ਖ਼ਰਾਬ ਹੋ ਗਈ ਤਾਂ 3 ਰੇਜਮੈਂਟ ਦੇ 4 ਜਵਾਨਾਂ ਨਾਲ ਮਨਿੰਦਰ ਸਿੰਘ ਵੀ ਡੋਗਰਾ ਰੇਜਮੈਂਟ ਦੇ ਜਵਾਨਾਂ ਦੀ ਮਦਦ ਲਈ ਗਲੇਸ਼ੀਅਰ ਉਪਰ ਜਾ ਰਹੇ ਸਨ ਕਿ ਅਚਾਨਕ ਬਰਫੀਲਾ ਤੂਫ਼ਾਨ ਆ ਜਾਣ ਕਾਰਨ ਉਸਦੀ ਲਪੇਟ ’ਚ ਆ ਗਏ ਅਤੇ ਫ਼ੌਜ ਵੱਲੋਂ ਬਚਾਅ ਕਾਰਜ ਕਰਦਿਆਂ ਉਕਤ ਨੌਜਵਾਨਾਂ ਨੂੰ ਬਰਫ ’ਚੋਂ ਕੱਢ ਕੇ ਹਸਪਤਾਲ ਲਿਜਾਂਦੇ ਸਮੇਂ ਰਸਤੇ ’ਚ ਮਨਿੰਦਰ ਸਿੰਘ ਦੀ ਮੌਤ ਹੋ ਗਈ। ਭਰਾ ਨੇ ਦੱਸਿਆ ਕਿ ਮਨਿੰਦਰ ਸਿੰਘ 2008 ’ਚ ਰਾਮਗੜ੍ਹ ਰਾਂਚੀ ’ਚ ਭਰਤੀ ਹੋਇਆ ਸੀ।
ਸ਼ਹੀਦ ਦੇ ਅੰਤਿਮ ਸੰਸਕਾਰ ਮੌਕੇ ਇਲਾਕੇ ਦੀਆਂ ਸਮੂਹ ਰਾਜਨੀਤਿਕ ਅਤੇ ਸਮਾਜਿਕ ਹਸਤੀਆਂ ਹਾਜ਼ਰ ਸਨ।