ਜੀ ਐੱਸ ਪੰਨੂ
ਪਟਿਆਲਾ, 19 ਨਵੰਬਰ 2019 - ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਆਯੋਜਿਤ ਕਰਵਾਏ ਗਏ ਪੰਜ ਰੋਜ਼ਾ ਉੱਤਰ ਭਾਰਤੀ ਅੰਤਰਵਰਸਿਟੀ ਮਹਿਲਾ ਹਾਕੀ ਖੇਡ ਮੁਕਾਬਲੇ ਅੱਜ ਸਫਲਤਾ ਪੂਰਵਕ ਸੰਪੰਨ ਹੋ ਗਏ ਹਨ। ਡਾ. ਗੁਰਦੀਪ ਕੌਰ ਰੰਧਾਵਾ ਨਿਰਦੇਸ਼ਕਾਂ ਖੇਡ ਵਿਭਾਗ ਦੀ ਅਗਵਾਈ ਵਿਚ 15 ਨਵੰਬਰ ਤੋਂ ਸ਼ੁਰੂ ਹੋਏ ਇਹਨਾਂ ਖੇਡ ਮੁਕਾਬਲਿਆਂ ‘ਚ ਕੁੱਲ 25 ਯੂਨੀਵਰਸਿਟੀਆਂ ਦੀਆਂ ਮਹਿਲਾ ਟੀਮਾਂ ਨੇ ਭਾਗ ਲਿਆ।
ਇਨਾਮ ਵੰਡਣ ਦੀ ਰਸਮ ਓਲੰਪੀਅਨ ਅਤੇ ਅਰਜਨ ਐਵਾਰਡੀ ਦੀਪਕ ਠਾਕੁਰ ਨੇ ਬਤੌਰ ਮੁੱਖ ਮਹਿਮਾਨ ਅਦਾ ਕੀਤੀ। ਇਸ ਮੌਕੇ 'ਤੇ ਬੋਲਦਿਆਂ ਦੀਪਕ ਠਾਕੁਰ ਨੇ ਕਿਹਾ ਕਿ ਹਰ ਖਿਡਾਰੀ ਨੂੰ ਹਰ ਤਰ੍ਹਾਂ ਦੀ ਸਥਿਤੀ ਮੈਦਾਨ ਵਿਚ ਸੰਭਾਲਣੀ ਆਉਣੀ ਚਾਹੀਦੀ ਹੈ, ਜਦੋਂਕਿ ਇਹੋ ਜਿਹੀਆਂ ਪਰੀਪੱਕ ਸਥਿਤੀਆਂ ਵਿਚੋਂ ਦੀ ਲੰਘਦਾ ਹੋਇਆ ਖਿਡਾਰੀ ਹੀ ਅੰਤਰ ਰਾਸ਼ਟਰੀ ਪੱਧਰ ਤੇ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਯੋਗ ਬਣਦਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਜਿਸ ਸਥਿਤੀ ਵਿਚ ਉਹ ਪਹੁੰਚੇ ਹਨ, ਉਹ ਸਿਰਫ਼਼ ਤੇ ਸਿਰਫ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ। ਇਸ ਤੋਂ ਇਲਾਵਾ ਉਪ ਕੁਲਪਤੀ ਡਾ. ਬੀ.ਐੱਸ.ਘੁੰਮਣ ਨੇ ਪੰਜਾਬੀ ਯੂਨੀਵਰਸਿਟੀ ਦੀਆਂ ਹਾਕੀ ਮਹਿਲਾ ਟੀਮ ਨੂੰ ਉਨ੍ਹਾਂ ਦੀ ਇਸ ਮਾਣਮੱਤੀ ਜਿੱਤ ਤੇ ਮੁਬਾਰਕਾਂ ਦਿੱਤੀਆਂ ਅਤੇ ਸਰਬ ਭਾਰਤੀ ਅੰਤਰਵਰਸਿਟੀ ਖੇਡ ਮੁਕਾਬਲਿਆਂ ਵਿਚ ਹੋਰ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਦੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ।
ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਵਿਚਾਲੇ ਹੋਏ ਮੈਚ ਵਿਚ ਸ਼੍ਰੀਮਤੀ ਮੀਨਾਕਸ਼ੀ ਰੰਧਾਵਾ ਹਾਕੀ ਕੋਚ ਦੀਆਂ ਚੰਡੀਆਂ ਹੋਈਆਂ ਪੰਜਾਬੀ ਯੂਨੀਵਰਸਿਟੀ ਦੀਆਂ ਖਿਡਾਰਨਾਂ ਨੇ 2-1 ਨਾਲ ਜਿੱਤ ਦਰਜ ਕਰਦੇ ਹੋਏ ਇਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ। ਪੰਜਾਬੀ ਯੂਨੀਵਰਸਿਟੀ ਲਈ ਕਪਤਾਨ ਰਾਜਵਿੰਦਰ ਕੌਰ ਅਤੇ ਪੂਜਾ ਵੱਲੋਂ 1-1 ਗੋਲ ਕੀਤੇ ਗਏ। ਜਦੋਂਕਿ ਅੱਜ ਦੇ ਦੂਜੇ ਹੋਏ ਮੈਚ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੇ ਆਮ. ਡੀ. ਯੂ. ਰੋਹਤਕ ਨੂੰ 2-1 ਨਾਲ ਹਰਾਇਆ। ਜੀ.ਐਨ.ਡੀ.ਯੂ. ਲਈ ਬੇਬੀ ਅਤੇ ਸਿਮਰਨ ਨੇ 1-1 ਗੋਲ ਬਣਾਇਆ ਜਦੋਂਕਿ ਰੋਹਤਕ ਲਈ ਮਨੀਸ਼ਾ ਨੇ ਇਕ ਗੋਲ ਬਣਾਇਆ।
ਇਹਨਾਂ ਮੁਕਾਬਲਿਆਂ ਦੇ ਅੰਤਿਮ ਦਿਨ ਪੰਜਾਬੀ ਯੂਨੀਵਰਸਿਟੀ ਦੀ ਗੋਲ ਕੀਪਰ ਕਰਮਜੀਤ ਕੌਰ ਅਤੇ ਕੁਰੂਕਸ਼ੇਤਰ ਯੂਨੀਵਰਸਿਟੀ ਦੀ ਨਿਸ਼ਾ ਯਾਦਵ ਨੂੰ ਫਾਈਨਲ ਮੈਚ ਲਈ ਸਰਵੋਤਮ ਖਿਡਾਰਨਾਂ ਦਾ ਇਨਾਮ ਮਿਲਿਆ ਜਦੋਂਕਿ ਦੂਜੇ ਮੈਚ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੁਰਲੀਨ ਕੌਰ ਅਤੇ ਰੋਹਤਕ ਯੂਨੀਵਰਸਿਟੀ ਦੀ ਰਮੱਈਆ ਨੂੰ ਵੀ ਫਾਈਨਲ ਮੈਚ ਲਈ ਸਰਵੋਤਮ ਖਿਡਾਰਨਾਂ ਦਾ ਇਨਾਮ ਮਿਲਿਆ।
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ਼੍ਰੀਮਤੀ ਮਹਿੰਦਰਪਾਲ ਕੌਰ ਸਹਾਇਕ ਖੇਡ ਨਿਰਦੇਸ਼ਕਾਂ, ਡਾ. ਦਲਬੀਰ ਸਿੰਘ ਰੰਧਾਵਾ ਸਹਾਇਕ ਖੇਡ ਨਿਰਦੇਸ਼ਕ, ਡਾ. ਖੁਸ਼ਵਿੰਦਰ ਕੁਮਾਰ, ਪ੍ਰਿੰ. ਮੁਲਤਾਨੀ ਮੱਲ ਮੋਦੀ ਕਾਲਜ ,ਡਾ. ਨਿਸ਼ਾਨ ਸਿੰਘ ਮੋਦੀ ਕਾਲਜ, ਸ. ਹਰਦੀਪ ਸਿੰਘ ਡੀ.ਆਮ.ਡਬਲਿਊ., ਸ. ਦਲ ਸਿੰਘ ਬਰਾੜ, ਸ. ਗੁਰਵਿੰਦਰ ਸਿੰਘ ਹਾਕੀ ਕੋਚ ਖੇਡ ਵਿਭਾਗ ਪੰਜਾਬ, ਸ. ਮਨਪ੍ਰੀਤ ਸਿੰਘ ਰੰਧਾਵਾ ਮੈਨੇਜਰ ਪੰਜਾਬੀ ਯੂਨੀਵਰਸਿਟੀ ਮਹਿਲਾ ਹਾਕੀ ਟੀਮ, ਸ. ਪ੍ਰਿੰਸਇੰਦਰ ਸਿੰਘ ਘੁੰਮਣ, ਮਿਸ ਰੇਨੂੰ ਬਾਲਾ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀਮਤੀ ਦੇਵਕੀ ਦੇਵੀ, ਸ. ਸੁਰਿੰਦਰ ਸਿੰਘ, ਸ. ਧਰਮਿੰਦਰ ਪਾਲ ਸਿੰਘ, ਸ਼੍ਰੀ ਪਰਵੇਸ਼ ਕੁਮਾਰ, ਧਰਮਰਾਜ, ਸੁਨੀਲ ਕੁਮਾਰ, ਕਨੱਈਆ ਪ੍ਰਸ਼ਾਦ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ। ਇਹਨਾਂ ਮੁਕਾਬਲਿਆਂ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਤਕਨੀਕੀ ਟੀਮ ਜਿਸ ਵਿਚ ਕੁਲਵੰਤ ਕਲਸੀ, ਰਣਧੀਰ ਬਠਿੰਡਾ, ਇੰਦਰਜੀਤ ਮੋਗਾ, ਮਨਿੰਦਰ ਮਨੀ, ਕਰਨਦੀਪ, ਰਾਜੇਸ਼ ਕਾਲੀ, ਰਣਜੀਤ ਸਿੰਘ, ਲਵਜੋਤ ਸਿੰਘ, ਅਜੀਤਪਾਲ ਸਿੰਘ, ਬਲਜਿੰਦਰ ਸਿੰਘ, ਵਰਿੰਦਰ ਸਿੰਘ ਅਤੇ ਰੰਜਨਾ ਦੇਵੀ ਦਾ ਉਚੇਚਾ ਯੋਗਦਾਨ ਰਿਹਾ।