ਗੁਰਦਾਸਪੁਰ ਦੇ ਨੌਜਵਾਨ ਨੂੰ 1.17 ਕਰੋੜ ਦਾ ਵਜ਼ੀਫ਼ਾ ਮੋਦੀ ਸਰਕਾਰ ਨੇ
ਅਸਟ੍ਰੇਲੀਆ ਜਾ ਕੇ ਪ੍ਰਾਪਤ ਕਰੇਗਾ ਮਕੈਨੀਕਲ ਇੰਜੀਨੀਅਰਿੰਗ ਦੀ ਉਚੇਰੀ ਸਿੱਖਿਆ
ਲੋਕੇਸ਼ ਰਿਸ਼ੀ
ਗੁਰਦਾਸਪੁਰ, 17 ਨਵੰਬਰ 2019- ਸੋਸ਼ਲ ਜਸਟਿਸ ਐਂਡ ਇੰਪਰੂਵਮੈਂਟ ਵਿਭਾਗ ਭਾਰਤ ਸਰਕਾਰ ਵੱਲੋਂ ਗੁਰਦਾਸਪੁਰ ਦੇ ਨੌਜਵਾਨ ਸੁਰਿੰਦਰ ਪਾਲ ਨੂੰ ਵਿਦੇਸ਼ 'ਚ ਜਾ ਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ 1,17,56,352 ਰੁਪਏ ਦਾ ਵਜ਼ੀਫ਼ਾ ਦਿੱਤਾ ਗਿਆ ਹੈ।ਜ਼ਿਲ੍ਹਾ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਤੁੰਗ ਵਿਖੇ ਰਹਿਣ ਵਾਲੇ ਗ਼ਰੀਬ ਪਰਿਵਾਰ ਦਾ ਨੌਜਵਾਨ ਸੁਰਿੰਦਰ ਪਾਲ ਜਿੱਥੇ ਇੱਕ ਪਾਸੇ ਭਾਰਤ ਸਰਕਾਰ ਦਾ ਧੰਨਵਾਦ ਕਰਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਹੁਣ ਸੁਰਿੰਦਰ ਪਾਲ ਹੁਣ ਅਸਟ੍ਰੇਲੀਆ ਵਿਖੇ ਜਾ ਕੇ ਮਕੈਨੀਕਲ ਇੰਜੀਨੀਅਰਿੰਗ ਦੀ ਉੱਚ ਸਿੱਖਿਆ ਪ੍ਰਾਪਤੀ ਦੀਆਂ ਤਿਆਰੀਆਂ ਵਿੱਚ ਜੁੱਟ ਚੁੱਕਾ ਹੈ।ਨੌਜਵਾਨ ਸੁਰਿੰਦਰ ਦਾ ਕਹਿਣਾ ਹੈ ਕਿ ਉਹ ਵਿਦੇਸ਼ ਵਿਖੇ ਸਿੱਖਿਆ ਪ੍ਰਾਪਤ ਕਰਨ ਮਗਰੋਂ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।
ਬਾਬੂਸ਼ਾਹੀ ਡਾਟ ਕਾਮ ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਨੌਜਵਾਨ ਸੁਰਿੰਦਰ ਪਾਲ ਅਤੇ ਉਸ ਦੀ ਮਾਤਾ ਸੁਨੀਤਾ ਦੇਵੀ ਦੇ ਨਾਲ ਨਾਲ ਪਿੰਡ ਤੁੰਗ ਦੇ ਸਰਪੰਚ ਸਤਵੰਤ ਸਿੰਘ ਨੇ ਦੱਸਿਆ ਕਿ ਨੌਜਵਾਨ ਸੁਰਿੰਦਰ ਸ਼ੁਰੂ ਤੋਂ ਹੀ ਪੜਾਈ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਉਹ ਐਮ.ਟੈਕ ਵਿੱਚ ਗੋਲਡ ਮੈਡਲ ਪ੍ਰਾਪਤ ਕਰ ਚੁੱਕਾ ਹੈ।ਸੁਰਿੰਦਰ ਪਾਲ ਨੇ ਦੱਸਿਆ ਕਿ ਉਹ ਮਕੈਨੀਕਲ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ ਅਤੇ ਵਿਦੇਸ਼ ਜਾ ਕੇ ਇਸੇ ਵਿਸ਼ੇ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕਰਨਾ ਚਾਹੁੰਦਾ ਸੀ।ਪਰ ਘਰੇਲੂ ਆਰਥਿਕ ਹਾਲਤ ਨੂੰ ਵੇਖਦਿਆਂ ਅਜਿਹਾ ਕਰਨਾ ਮੁਮਕਿਨ ਨਹੀਂ ਸੀ।ਇਸੇ ਦੌਰਾਨ ਉਸ ਨੂੰ ਭਾਰਤ ਸਰਕਾਰ ਦੇ ਸੋਸ਼ਲ ਜਸਟਿਸ ਐਂਡ ਇੰਪਰੂਵਮੈਂਟ ਵਿਭਾਗ ਵੱਲੋਂ ਉਚੇਰੀ ਸਿੱਖਿਆ ਸਬੰਧੀ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਸਕੀਮ ਦੀ ਜਾਣਕਾਰੀ ਪ੍ਰਾਪਤ ਹੋਈ ਅਤੇ ਉਸ ਨੇ ਸਾਲ 2017 ਬੈਚ ਵਿੱਚ ਇਸ ਸਬੰਧੀ ਆਨ ਲਾਈਨ ਅਪਲਾਈ ਕਰ ਦਿੱਤਾ।ਸੁਰਿੰਦਰ ਨੇ ਦੱਸਿਆ ਕਿ ਹਾਲਾਂ ਕੀ ਉਸ ਤੋਂ ਬਾਦ ਸਬੰਧਿਤ ਵਿਭਾਗ ਵੱਲੋਂ ਉਸ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ, ਪਰ ਹੁਣ 2019 ਵਿੱਚ ਉਸ ਨੂੰ ਭਾਰਤ ਸਰਕਾਰ ਵੱਲੋਂ ਭੇਜੀ ਗਈ ਇੱਕ ਚਿੱਠੀ ਮੁਤਾਬਿਕ ਵਿਦੇਸ਼ ਜਾ ਕੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ 1 ਕਰੋੜ 17 ਲੱਖ ਰੁਪਏ ਦੀ ਮਾਲੀ ਸਹਾਇਤਾ ਦੇਣ ਦੀ ਗੱਲ ਕਹੀ ਗਈ ਹੈ।
ਸੁਰਿੰਦਰ ਪਾਲ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਸ ਪੈਸੇ ਨਾਲ ਉਸ ਦੇ ਅਸਟ੍ਰੇਲੀਆ ਜਾ ਕੇ ਦਾਖਲਾ ਲੈਣ, ਰਹਿਣ-ਸਹਿਣ ਅਤੇ ਭੋਜਨ ਆਦੀ ਦਾ ਮੁਕੰਮਲ ਪ੍ਰਬੰਧ ਹੋ ਚੁੱਕਾ ਹੈ, ਇਸ ਲਈ ਉਹ ਭਾਰਤ ਸਰਕਾਰ ਦਾ ਸ਼ੁਕਰ ਗੁਜ਼ਾਰ ਹੈ।ਉਸ ਨੇ ਦੱਸਿਆ ਕਿ ਹੁਣ ਉਹ ਅਸਟ੍ਰੇਲੀਆ ਜਾ ਕੇ ਮਕੈਨੀਕਲ ਇੰਜੀਨੀਅਰਿੰਗ ਦੀ ਉੱਚ ਸਿੱਖਿਆ ਪ੍ਰਾਪਤ ਕਰੇਗਾ ਅਤੇ ਉਸ ਤੋਂ ਬਾਦ ਵਾਪਸ ਭਾਰਤ ਪਰਤ ਕੇ ਆਪਣੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ।
ਪਿੰਡ ਤੁੰਗ ਦੇ ਸਰਪੰਚ ਸਤਵੰਤ ਸਿੰਘ ਨੇ ਭਾਰਤ ਸਰਕਾਰ ਦਾ ਚੰਦਾ ਅਦਾ ਕਰਦਿਆਂ ਦੱਸਿਆ ਕਿ ਸੁਰਿੰਦਰ ਪਾਲ ਇੱਕ ਪ੍ਰਤਿਭਾ ਸ਼ਾਲੀ ਨੌਜਵਾਨ ਹੈ ਅਤੇ ਉਸ ਨੇ ਆਪਣੇ ਪਿੰਡ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸੁਰਿੰਦਰ ਸ਼ੁਰੂ ਤੋਂ ਹੀ ਪੜਾਈ ਲਿਖਾਈ ਵਿੱਚ ਅੱਗੇ ਰਿਹਾ ਹੈ, ਪਰ ਉਸ ਦੀ ਪਰਿਵਾਰਿਕ ਮਾਲੀ ਹਾਲਤ ਉਸ ਦੀ ਉਚੇਰੀ ਸਿੱਖਿਆ ਅੱਗੇ ਰੋੜਾ ਬਣ ਰਹੀ ਸੀ।ਪਰ ਭਾਰਤ ਸਰਕਾਰ ਵੱਲੋਂ ਦਿੱਤੇ ਗਏ ਵਜ਼ੀਫ਼ੇ ਨਾਲ ਸੁਰਿੰਦਰ ਆਪਣੇ ਅਤੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਨਾਲ ਨਾਲ ਆਪਣੇ ਦੇਸ਼ ਦੀ ਸੇਵਾ ਵੀ ਕਰ ਸਕੇਗਾ।