- ਵਿਸ਼ਵ ਸ਼ੂਗਰ ਦਿਵਸ ਮਨਾਇਆ
ਸੰਗਰੂਰ, 14 ਨਵੰਬਰ 2019 - ਸਿਹਤ ਵਿਭਾਗ ਵੱਲੋਂ ਵਿਸ਼ਵ ਸ਼ੂਗਰ ਦਿਵਸ ਸਰਕਾਰੀ ਨਰਸਿੰਗ ਟ੍ਰੇਨਿੰਗ ਇੰਸਟੀਚਿਊਟ ਵਿਖੇ ਮਨਾਇਆ ਗਿਆ। ਇਸ ਸਮਾਗਮ ਵਿੱਚ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਵੱਲੋਂ ਮੁੱਖ ਮਹਿਮਾਨ ਤਹਿਤ ਸ਼ਿਰਕਤ ਕੀਤੀ ਗਈ। ਸਮਾਗਮ ਦੌਰਾਨ ਆਪਣੇ ਵਿਚਾਰ ਸਾਂਝੇ ਕਰਦਿਆਂ ਸਿਵਲ ਸਰਜਨ ਸੰਗਰੂਰ ਡਾ. ਰਾਜ ਕੁਮਾਰ ਨੇ ਕਿਹਾ ਕਿ ਸ਼ੂਗਰ ਰੋਗ ਤੋਂ ਬਚਿਆ ਜਾ ਸਕਦਾ ਹੈ, ਸਾਦਾ ਖਾਣ ਪੀਣ ਅਤੇ ਰਹਿਣ ਸਹਿਣ ਸੂਗਰ ਰੋਗ ਤੋਂ ਬਚਾਅ ਦੀ ਕੂੰਜੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਰੋਜ਼ਮਰ੍ਹਾ ਦੇ ਆਮ ਕੰਮ-ਕਾਰ ਵਿੱਚ ਮਸ਼ੀਨਾਂ ਦੀ ਵਰਤੋਂ ਘੱਟ ਤੋਂ ਘੱਟ ਜਾਂ ਖ਼ਾਸ ਲੋੜ ਪੈਣ ਉੱਤੇ ਹੀ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਸਰੀਰਕ ਗਤੀਵਿਧੀਆਂ ਦੇ ਨਾਲ ਨਾਲ ਖਾਣ-ਪੀਣ ਦੀਆਂ ਆਦਤਾਂ ਸੁਧਾਰਨ ਨਾਲ ਕਾਫ਼ੀ ਹੱਦ ਤਕ ਸ਼ੂਗਰ ਨੂੰ ਕਾਬੂ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਵਿਅਕਤੀ ਨੂੰ ਨਜ਼ਦੀਕੀ ਸਫਰ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਘਿਓ, ਤੇਲ, ਮੈਦਾ ਅਤੇ ਚੀਨੀ ਦੀ ਘੱਟ ਵਰਤੋਂ, ਜ਼ਿਆਦਾ ਫਲ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ, ਰੋਜ਼ਾਨਾ ਅੱਧਾ ਘੰਟਾ ਸੈਰ, ਬੀੜੀ/ਸਿਗਰੇਟ/ਸ਼ਰਾਬ ਦੀ ਵਰਤੋ ਨਾ ਕਰਨਾ ਅਤੇ ਸਰੀਰ ਦੇ ਵਜ਼ਨ ਨੂੰ ਸੰਤੁਲਿਤ ਰੱਖ ਕੇ ਸ਼ੂਗਰ ਰੋਗ ਤੋ ਬਚਿਆ ਜਾ ਸਕਦਾ ਹੈ।ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਵਿੰਦਰ ਕਲੇਰ ਨੇ ਕਿਹਾ ਕਿ ਵਿਸ਼ਵ ਸ਼ੂਗਰ ਦਿਵਸ ਦੀ ਸ਼ੁਰੂਆਤ ਸ਼ੂਗਰ, ਡਾਇਬੀਟੀਜ਼ ਜਾਂ ਮਧੂਮੇਹ ਕਾਰਨ ਲੋਕਾਂ ਵਿੱਚ ਵਧਦੇ ਸਿਹਤ ਸਬੰਧੀ ਖਤਰਿਆਂ ਵੱਲ ਧਿਆਨ ਦਵਾਉਣ ਲਈ ਹੋਈ ਸੀ।ਉਨ੍ਹਾਂ ਕਿਹਾ ਕਿ ਸ਼ੂਗਰ ਸਬੰਧੀ ਬਚਾਅ ਲਈ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਵਿਭਾਗ ਵੱਲੋਂ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਮੌਕੇ ਐੱਸ.ਐੱਮ.ਓ ਸੰਗਰੂਰ ਡਾ. ਕਿਰਪਾਲ ਸਿੰਘ ਅਤੇ ਡਾ. ਜਗਮੋਹਨ ਸਿੰਘ ਨੇ ਸ਼ੂਗਰ ਸਬੰਧੀ ਜਾਣਕਾਰੀ ਦਿੰਦਿਆਂ ਦੱਦਿਆ ਕਿ ਮੋਟਾਪਾ, ਕਸਰਤ ਨਾ ਕਰਨਾ, ਸੰਤੁਲਿਤ ਭੋਜਨ ਨਾ ਲੈਣਾ, ਜ਼ਿੰਦਗੀ ਵਿੱਚ ਤਨਾਓ ਦਾ ਹੋਣਾ ਅਤੇ ਸਮੇਂ ਸਿਰ ਭੋਜਨ ਨਾ ਲੈਣਾ ਆਦਿ ਸ਼ੂਗਰ ਦੀ ਬਿਮਾਰੀ ਹੋਣ ਦੇ ਅਹਿਮ ਕਾਰਨ ਹਨ। ਉਨ੍ਹਾਂ ਦੱਸਿਆ ਕਿ ਵਾਰ ਵਾਰ ਪਿਸ਼ਾਬ ਆਉਣਾ, ਆਚਾਨਕ ਭਾਰ ਘਟ ਜਾਣਾ, ਜ਼ਖਮ ਦਾ ਦੇਰੀ ਨਾਲ ਠੀਕ ਹੋਣਾ, ਭੁੱਖ ਜ਼ਿਆਦਾ ਲੱਗਣਾ, ਹੱਥ ਪੈਰਾਂ ਦਾ ਸੁੰਨ ਹੋਣਾ, ਥਕਾਵਟ ਮਹਿਸੂਰ ਕਰਨਾ ਆਦਿ ਲੱਛਣ ਦਿਖਾਈ ਦੇਣ ਤੇ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।ਇਸ ਮੌਕੇ ਨਰਸਿੰਗ ਸਿਖਿਆਰਥਣਾਂ ਸਟਾਫ, ਪਰਨੀਤ ਕੌਰ, ਪੁਨੀਤਾ ਸ਼ਰਮਾ, ਜ਼ਿਲ੍ਹਾ ਮਾਸ ਮੀਡੀਆ ਵਿੰਗ ਤੋਂ ਵਿਜੈ ਕੁਮਾਰ ਅਤੇ ਡਾ. ਵਿਕਰਮ ਸਿੰਘ ਮੌਜੁਦ ਸਨ।