ਕੁਲਵੰਤ ਸਿੰਘ ਬੱਬੂ
-ਵਿੱਤ ਸੈਕਟਰੀ ਸ੍ਰੀਮਤੀ ਠਾਕੁਰੀ ਖੁਰਾਨਾ ਨੇ ਹੱਥ ਫੜਾ ਕੇ ਕੀਤਾ ਆਗਾਜ਼
ਰਾਜਪੁਰਾ, 8 ਨਵੰਬਰ 2019 - ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇੰਟਰ ਕਾਲਜ ਤਾਇਕਵਾਂਡੋ ਚੈਂਪੀਅਨਸ਼ਿਪ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਰਾਜਪੁਰਾ ਵਿਖੇ ਕਾਲਜ਼ ਪ੍ਰਬੰਧਕ ਕਮੇਟੀ ਦੀ ਅਗਵਾਈ ਹੇਠ ਸ਼ੁਰੂਆਤ ਹੋਈ। ਚੈਂਪੀਅਨਸ਼ਿਪ ਦਾ ਆਗਾਜ਼ ਕਾਲਜ ਪ੍ਰਬੰਧਕੀ ਕਮੇਟੀ ਦੇ ਵਿੱਤ ਸੈਕਟਰੀ ਸ੍ਰੀਮਤੀ ਠਾਕੁਰੀ ਖੁਰਾਨਾ ਨੇ ਖਿਡਾਰੀਆਂ ਦੇ ਹੱਥ ਫੜਾ ਕੇ ਕੀਤਾ।
ਇਸ ਤੋਂ ਪਹਿਲਾਂ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁੱਖੀ ਡਾ. ਮਨਦੀਪ ਕੌਰ, ਪ੍ਰੋ. ਤਰਿਸ਼ਰਨਦੀਪ ਸਿੰਘ ਗਰੇਵਾਲ ਅਤੇ ਕੋਚ ਹਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ਆਰੰਭ ਹੋਏ ਇੰਟਰ ਕਾਲਜ ਮੁਕਾਬਲਿਆਂ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ 'ਤੇ ਵਿੱਤ ਸੈਕਟਰੀ ਸ੍ਰੀਮਤੀ ਠਾਕੁਰੀ ਖੁਰਾਨਾ ਸਮੇਤ ਵਿਸ਼ੇਸ਼ ਮਹਿਮਾਨ ਡਾਇਰੈਕਟਰ ਪੀ.ਆਈ.ਐੱਮ.ਟੀ. ਤੇ ਵਾਇਸ ਪ੍ਰਿੰਸੀਪਲ ਡਾ. ਜਗੀਰ ਸਿੰਘ ਢੇਸਾ, ਵਾਈਸ ਪ੍ਰਿੰਸੀਪਲ ਡਾ. ਪਵਨ ਕੁਮਾਰ, ਡੀਨ ਤੇ ਬਰਸਰ ਡਾ. ਸੁਰੇਸ਼ ਨਾਇਕ ਤੇ ਪ੍ਰੋ. ਰਾਜੀਵ ਬਾਹੀਆ ਦਾ ਡਾ. ਮਨਦੀਪ ਕੌਰ ਵੱਲੋਂ ਸ਼ਬਦੀ ਤੇ ਫ਼ੁਲਾਂ ਨਾਲ ਸਵਾਗਤ ਕੀਤਾ ਗਿਆ।
ਇਨ੍ਹਾਂ 2 ਦਿਨਾਂ ਮੁਕਾਬਲਿਆਂ ਵਿਚ ਮੁੰਡੇ ਅਤੇ ਕੁੜੀਆਂ ਦੀਆਂ 15 ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਭਾਗ ਲੈ ਰਹੀਆਂ ਹਨ। ਜਿਨ੍ਹਾਂ ਲਈ ਪੰਜਾਬੀ ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਕੁੜੀਆਂ ਦੇ 49, 53, 57,67 ਤੇ 69 ਕਿਲੋ ਵਰਗ ਭਾਰ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਮੁੰਡਿਆਂ ਦੇ 58, 63, 68, 80 ਤੇ 80 ਪਲੱਸ ਕਿਲੋ ਵਰਗ ਦੇ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਦੇ ਆਰੰਭ ਸਮੇਂ ਸੰਬੋਧਨ ਕਰਦੇ ਹੋਏ ਡਾ. ਸੁਰੇਸ਼ ਨਾਇਕ ਨੇ ਬਾਹਰੋਂ ਆਈਆਂ ਵੱਖ-ਵੱਖ ਟੀਮਾਂ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਕਿਸੇ ਵੀ ਖਿਡਾਰੀ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਜਦਕਿ ਖਿਡਾਰੀਆਂ ਨੂੰ ਸਬੋਧਨ ਕਰਦੇ ਹੋਏ ਮੁੱਖ ਮਹਿਮਾਨ ਵਿੱਤ ਸੈਕਟਰੀ ਸ੍ਰੀਮਤੀ ਠਾਕੁਰੀ ਖੁਰਾਨਾ ਨੇ ਸ੍ਰੀ. ਗੁਰੂ ਨਾਨਕ ਦੇਵ ਜੀ ਦੇ 550ਵੇੰ ਗੁਰਪੁਰਬ ਨੂੰ ਸਮਰਪਿਤ ਇੰਟਰ ਕਾਲਜ ਤਾਇਕਵਾਂਡੋ ਚੈਂਪੀਅਨਸ਼ਿਪ ਦੇ ਪਟੇਲ ਕਾਲਜ 'ਚ ਆਯੋਜਨ ਲਈ ਸਬੰਧਤ ਵਿਭਾਗ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਤੇ ਜਿੱਤ ਹਾਰ ਦੀ ਸੋਚ ਤੋਂ ਉੱਪਰ ਉੱਠ ਕੇ ਖੇਡਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਵੱਲੋਂ ਨਿਯੁਕਤ ਕੀਤੇ ਗਏ ਪ੍ਰਬੰਧਕ ਕੋਚ ਸਮੇਤ ਪਟੇਲ ਕਾਲਜ ਦਾ ਸਟਾਫ਼ ਹਾਜ਼ਰ ਰਿਹਾ।