550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਕੀਤੀ ਸੁੰਦਰ ਦੀਪਮਾਲਾ
ਸ੍ਰੀ ਨਨਕਾਣਾ ਸਾਹਿਬ, 7 ਨਵੰਬਰ, 2019 : ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਸਥਿਤ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਬਹੁਤ ਹੀ ਸੁੰਦਰ ਦੀਪਮਾਲਾ ਕੀਤੀ ਗਈ ਹੈ।
ਗੁਰਦੁਆਰਾ ਸ੍ਰੀ ਨਨਕਾਦਾ ਸਾਹਿਬ ਉਹ ਅਸਥਾਨ ਹੈ ਜਿਥੇ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ। ਉਹਨਾਂ ਦੇ ਇਸ ਜਨਮ ਅਸਥਾਨ 'ਤੇ ਗੁਰਦੁਆਰਾ ਜਨਮ ਅਸਥਾਨ ਸਥਾਪਿਤ ਹੈ ਜਿਥੇ 12 ਨਵੰਬਰ ਨੂੰ 550 ਸਾਲਾ ਪ੍ਰਕਾਸ਼ ਪੁਰਬ ਮਨਾਇਆ ਜਾਣਾ ਹੈ। ਇਸ ਪ੍ਰਕਾਸ਼ ਪੁਰਬ 'ਤੇ ਇਕ ਹਜ਼ਾਰ ਤੋਂ ਵੱਧ ਸਿੱਖ ਸ਼ਰਧਾਲੂਆਂ ਦਾ ਜੱਥਾ ਦਰਸ਼ਨਾਂ ਵਾਸਤੇ ਇਥੇ ਪੁੱਜਾ ਹੈ।
ਇਹ ਜੱਥਾ ਸ੍ਰੀ ਨਨਕਾਣਾ ਸਾਹਿਬ ਤੋਂ ਇਲਾਵਾ ਗੁਰਦੁਆਰਾ ਸੱਚਾ ਸੌਦਾ ਫਾਰੂਖਾਬਾਦ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨਗੇ ਤੇ ਅਖੀਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ ਜਿਥੇ ਸੋਨੇ ਦੀ ਪਾਲਕੀ ਸੁਸ਼ੋਭਿਤ ਕੀਤੀ ਗਈ ਹੈ।
ਭਾਰਤ ਅਤੇ ਪਾਕਿਸਤਾਨ ਦੋਵੇਂ ਪਾਸੇ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ 9 ਨਵੰਬਰ ਨੂੰ ਹੋਣਾ ਹੈ। ਇਸ ਲਾਂਘੇ ਬਾਰੇ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਮਝੌਤਾ 24 ਅਕਤੂਬਰ ਨੂੰ ਸਹੀਬੱਧ ਕੀਤਾ ਗਿਆ ਸੀ। ਇਹ ਲਾਂਘਾ ਡੇਰਾ ਬਾਬਾ ਨਾਨਕ ਨੂੰ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਲ ਜੋੜਦਾ ਹੈ। ਕੋਰੀਡੋਰ ਦੀ ਬਦੌਲਤ ਭਾਰਤ ਤੋਂ ਸ਼ਰਧਾਲੂ ਬਿਨਾਂ ਵੀਜ਼ੇ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਇਸ ਲਾਂਘੇ ਦਾ ਨੀਂਹ ਪੱਥਰ 26 ਨਵੰਬਰ 2018 ਨੂੰ ਭਾਰਤ ਵਾਲੇ ਪਾਸੇ ਅਤੇ ਦੋ ਦਿਨ ਉਪਰੰਤ ਪਾਕਿਸਤਾਨ ਵਾਲੇ ਪਾਸੇ ਰੱਖਿਆ ਗਿਆ ਸੀ।