ਵਿਪੁਲ ਉਜਵਲ ਡਿਪਟੀ ਕਮਿਸ਼ਨਰ , ਗੁਰਦਾਸਪੁਰ
ਗੁਰਦਾਸਪੁਰ,7 ਨਵੰਬਰ, 2019 : ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕਰਦਿਆਂ ਕਰਦਿਆਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਖੇਤੀ ਦੀਆਂ ਅਤਿ ਆਧੁਨਿਕ ਤਕਨੀਕਾਂ ਹੈਪੀਸੀਡਰ, ਮਲਚਰ ਤੇ ਰੋਟਾਵੇਟਰ ਆਦਿ ਸੰਦਾਂ ਉੱਪਰ ਸਬਸਿਡੀ ਦਿੱਤੀ ਜਾ ਰਹੀ ਹੈ। ਕਿਸਾਨ ਵਿਅਕਤੀਗਤ ਤੋਰ ਤੇ ਜਾਂ ਗਰੁੱਪ ਵਿਚ ਇਹ ਸੰਦ ਖਰੀਦ ਸਕਦੇ ਹਨ। ਉਨਾਂ ਕਿਹਾ ਕਿ ਜਿਲੇ ਅੰਦਰ ਕਈ ਕਿਸਾਨਾਂ ਵਲੋਂ ਪਰਾਲੀ ਨਾ ਸਾੜਨ ਦਾ ਅਹਿਦ ਲਿਆ ਗਿਆ ਹੈ, ਜੋ ਕਿ ਬਹੁਤ ਹੀ ਵਧੀਆ ਤੇ ਭਵਿੱਖ ਨੂੰ ਖੁਸ਼ਹਾਲ ਬਣਾਉਣ ਵਾਲਾ ਫੈਸਲਾ ਹੈ।
ਉਨਾਂ ਕਿਹਾ ਕਿ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਦੇ ਮੰਤਵ ਨਾਲ ਨਾੜ ਨੂੰ ਖੇਤਾਂ ਵਿਚ ਹੀ ਵਹਾਇਆ ਜਾਵੇ।
ਡਿਪਟੀ ਕਮਿਸ਼ਨਨ ਨੇ ਅੱਗੇ ਦੱਸਿਆ ਕਿ 4 ਨਵੰਬਰ ਤਕ ਮੰਡੀਆਂ ਵਿਚ 598023 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ, ਜਿਸ ਵਿਚੋਂ 594939ਮੀਟਰਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਮੰਡੀਆਂ ਵਿਚ 93 ਫੀਸਦੀ ਫਸਲ ਦੀ ਚੁਕਾਈ ਅਤੇ 83 ਫੀਸਦੀ ਕਰੀਬ 868.71 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿਚ ਝੋਨੇ ਦੀ ਫਸਲ ਸੁਕਾ ਕੇ ਹੀ ਲਿਆਂਦੀ ਜਾਵੇ। ਉਨ੍ਹਾਂ ਦੱਸਿਆ ਕਿ ਰਾਤ ਵੇਲੇ ਅਤੇ ਤੜਕਸਾਰ ਕਣਕ ਦੀ ਕਟਾਈ ਨਾ ਕੀਤੀ ਜਾਵੇ, ਕਿਉਂਕਿ ਇਸ ਸਮੇਂ ਦੌਰਾਨ ਕੀਤੀ ਕਟਾਈ ਨਾਲ ਨਮੀ ਜ਼ਿਆਦਾ ਹੁੰਦੀ ਹੈ ਅਤੇ ਕਿਸਾਨ ਨੂੰ ਨਮੀ ਵਾਲੀ ਫਸਲ ਸੁੱਕਣ ਤੱਕ ਮੰਡੀਆਂ ਵਿਚ ਰਹਿਣਾ ਪੈਂਦਾ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ 6 ਲੱਖ 23 ਹਜਾਰ 435 ਮੀਟਰਕ ਟਨ ਝੋਨੇ ਦੀ ਆਮਦ ਹੋਈ ਸੀ।