ਕੈਂਪ ਦਾ ਉਦਘਾਟਨ ਕਰਦੇ ਹੋਏ ਐਸ ਡੀ ਐਮ ਅਬੋਹਰ
ਜਗਦੀਸ਼ ਥਿੰਦ
ਅਬੋਹਰ, 6 ਨਵੰਬਰ
ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਜਾਣ ਵਾਲੇ ਨਾਗਰਿਕਾਂ ਦੇ ਪਾਸਪੋਰਟ ਬਣਾਉਣ ਲਈ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਹਨੂੰਮਾਨਗੜ੍ਹ ਰੋਡ ਅਬੋਹਰ ਵਿਖੇ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ 181 ਨਾਗਰਿਕਾਂ ਦੀਆਂ ਪਾਸਪੋਰਟ ਦੀ ਦਰਖਾਸਤਾਂ ਦਰੁਸਤ ਪਾਈਆਂ ਗਈਆਂ। ਕੈਂਪ ਦਾ ਉਦਘਾਟਨ ਕਰਨ ਮੌਕੇ ਪਹੰੁਚੇ ਐਸ.ਡੀ.ਐਮ. ਅਬੋਹਰ ਮੈਡਮ ਪੂਨਮ ਸਿੰਘ ਨੇ ਕਿਹਾ ਕਿ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ ਵਿਚ ਭਾਰੀ ਉਤਸਾਹ ਨੂੰ ਵੇਖਦਿਆਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਨੂੰ ਪਾਸਪੋਰਟ ਬਣਾਉਣ ਲਈ ਸ਼ਹਿਰ ਤੋਂ ਬਾਹਰ ਨਹੀਂ ਜਾਣਾ ਪਿਆ। ਉਨ੍ਹਾਂ ਕਿਹਾ ਕਿ ਨਾਗਰਿਕਾਂ ਨੂੰ ਇਹ ਸੁਵਿਧਾ ਸ਼ਹਿਰ ਅੰਦਰ ਕੈਂਪ ਲਗਾ ਕੇ ਹੀ ਮੁਹੱਈਆ ਕਰਵਾਈ ਗਈ।
ਪਾਸਪੋਰਟ ਦਫਤਰ ਅੰਮਿ੍ਰਤਸਰ ਦੇ ਏ.ਪੀ.ਓ ਬਲਰਾਜ ਕੁਮਾਰ ਨੇ ਦੱਸਿਆ ਕਿ ਲਗਾਏ ਗਏ ਕੈਂਪ ਦੌਰਾਨ 181 ਚਾਹਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਵਾਸਤੇ ਯੋਗ ਚੁਣਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਯੋਗ ਚੁਣੇ ਗਏ ਨਾਗਰਿਕਾਂ ਦੇ ਪਾਸਪੋਰਟ ਪੁਲਿਸ ਵੱਲੋਂ ਵੈਰੀਫਿਕੇਸਨ ਕਰਨ ਉਪਰੰਤ ਬਿਨੈਕਾਰ ਦੇ ਘਰ ਵਿੱਚ ਭੇਜ ਦਿੱਤੇ ਜਾਣਗੇ।