ਜਗਦੀਸ਼ ਥਿੰਦ
ਜਲਾਲਾਬਾਦ 24 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਅਤੇ ਸਤਾਧਾਰੀ ਕਾਂਗਰਸ ਪਾਰਟੀ ਲਈ ਵੱਕਾਰ ਦਾ ਸਵਾਲ ਬਣੇ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਅਸਲੀ ਵਾਰਿਸ ਦਾ ਫੈਸਲਾ ਕੁਝ ਘੰਟਿਆਂ ਅੰਦਰ ਹੋਣ ਜਾ ਰਿਹਾ ਹੈ ।
ਸਥਾਨਕ ਆਈ ਟੀ ਆਈ ਅੰਦਰ ਚੋਣ ਲੜਨ ਵਾਲੇ ਉਮੀਦਵਾਰਾਂ , ਚੋਣ ਅਬਜਰਵਰ , ਰਿਟਰਨਿੰਗ ਅਫਸਰ , ਪੁਲਿਸ ਅਤੇ ਸਿਵਲ ਦੇ ਹੋਰ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ।
ਇਸ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਚਾਹੇ ਰਮਿੰਦਰ ਸਿੰਘ ਆਵਲਾ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਿੰਘ ਡਿੱਬੀਪੁਰਾ ਉਮੀਦਵਾਰ ਸਨ ਪਰ ਅਸਲ ਸਿਆਸੀ ਲੜਾਈ ਸੁਖਬੀਰ ਸਿੰਘ ਬਾਦਲ ਅਤੇ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਜਾਖੜ ਦਰਮਿਆਨ ਹੁੰਦੀ ਦੇਖੀ ਗਈ ।
ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ , ਸੁਖਬੀਰ ਸਿੰਘ ਬਾਦਲ , ਬਿਕਰਮ ਸਿੰਘ ਮਜੀਠੀਆ , ਜਨਮੇਜਾ ਸਿੰਘ ਸੇਖੋਂ ਅਤੇ ਹੋਰਨਾਂ ਵੱਡੇ ਆਗੂਆਂ ਨੇ ਆਪਣੀ ਸਿਆਸੀ ਹਲਕੇ ਤੇ ਸਰਦਾਰੀ ਕਾਇਮ ਰੱਖਣ ਲਈ ਦਿਨ ਰਾਤ ਇੱਕ ਕੀਤਾ ਉੱਥੇ ਹਲਕੇ ਦੇ ਚੋਣ ਪ੍ਰਚਾਰ ਦੇ ਮੁਖੀ ਵਜੋਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਇੱਥੇ ਪੱਕੇ ਡੇਰੇ ਲਗਾਈ ਰੱਖੇ ।
ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਯੁਵਰਾਜ ਰਣਇੰਦਰ ਸਿੰਘ , ਸੁਨੀਲ ਜਾਖੜ , ਸਾਧੂ ਸਿੰਘ ਧਰਮਸੋਤ , ਰਾਜਾ ਵੜਿੰਗ , ਰਾਣਾ ਗੁਰਮੀਤ ਸਿੰਘ ਸੋਢੀ , ਬੀਬੀ ਰਜਿੰਦਰ ਕੌਰ ਭੱਠਲ , ਜਸਬੀਰ ਸਿੰਘ ਡਿੰਪਾ ਤੋਂ ਇਲਾਵਾ ਦਰਜਨਾਂ ਵਿਧਾਇਕ , ਮੰਤਰੀ ਅਤੇ ਕਾਂਗਰਸੀ ਆਗੂਆਂ ਨੇ ਜੀ ਜਾਣ ਦਾ ਜ਼ੋਰ ਲਗਾ ਕੇ ਕਾਂਗਰਸ ਪਾਰਟੀ ਨੂੰ ਜੇਤੂ ਬਣਾਉਣ ਲਈ ਪੂਰੀ ਵਾਹ ਲਗਾਈ ਹੈ ।
ਕਾਂਗਰਸ ਪਾਰਟੀ ਤੋਂ ਬਾਗੀ ਹੋ ਕੇ ਆਜ਼ਾਦ ਮਹੀਨਵਾਰ ਵਜੋਂ ਚੋਣ ਲੜੇ ਜਗਦੀਪ ਕੰਬੋਜ ਗੋਲਡੀ ਭਵਿੱਖ ਵੀ ਇੰਨ੍ਹਾਂ ਈ ਵੀ ਐਮ ਮਸ਼ੀਨਾਂ ਵਿੱਚ ਬੰਦ ਹੈ ।
ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਕਚੂਰਾ ਵੀ ਕਿੰਨੇ ਪਾਣੀ ਵਿੱਚ ਹਨ ਉਸ ਦਾ ਫੈਸਲਾ ਕੁਝ ਸਮੇਂ ਅੰਦਰ ਹੀ ਹੋਣ ਜਾ ਰਿਹਾ ਹੈ ।