ਬਠਿੰਡਾ) ਸ਼ਹਿਰ ਬਠਿੰਡਾ ਦੇ ਤਕਰੀਬਨ ਸਾਰੇ ਹੀ ਇਲਾਕੇ ਅੱਜ ਕਲ੍ਹ ਪੀਣ ਵਾਲੇ ਸਾਫ ਪਾਣੀ ਦੀ ਗੰਭੀਰ ਕਿੱਲਤ/ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਅੱਜ ਇੱਥੇ ਜਾਰੀ ਕੀਤੇ ਇੱਕ ਬਿਆਨ ਵਿੱਚ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਪਿ੍ੰਸੀਪਲ ਬੱਗਾ ਸਿੰਘ, ਜਨਰਲ ਸਕੱਤਰ ਪਿ੍ਤਪਾਲ ਸਿੰਘ ਤੇ ਪੈੱਸ ਸਕੱਤਰ ਡਾ ਅਜੀਤਪਾਲ ਸਿੰਘ ਨੇ ਕਿਹਾ ਕਿ ਸਰਹਿੰਦ ਕਨਾਲ/ਨਹਿਰ ਦੀ ਬੰਦੀ ਹੋਣ ਤੋਂ ਪਹਿਲਾਂ ਇਲਾਕੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਪ੍ਸਾਸ਼ਨ ਨੇ ਪਹਿਲਾਂ ਢੁੱਕਵੇਂ ਬੰਦੋਬਸਤ ਨਹੀਂ ਕੀਤੇ ਅਤੇ ਜਿਸ ਕਰਕੇ ਜਲ ਘਰਾਂ ਵਿੱਚ ਪਾਣੀ ਦੇ ਭੰਡਾਰ ਦੀ ਸਮਰੱਥਾ ਅਜੋਕੀ ਨਹਿਰੀ ਬੰਦੀ ਦੇ ਮੁਕਾਬਲੇ ਨਿਗੂਣੀ ਸਿੱਧ ਹੋ ਰਹੀ ਹੈ। ਅਜਿਹਾ ਕੁੱਝ ਹਰ ਛਿਮਾਹੀ ਨਹਿਰੀ ਬੰਦੀਆਂ ਸਮੇਂ ਪਿਛਲੇ ਕਾਫੀ ਲੰਬੇ ਅਰਸੇ ਤੋਂ ਲਗਾਤਾਰ ਸਾਹਮਣੇ ਆ ਰਿਹਾ ਹੈ। ਨਹਿਰੀ ਮਹਿਕਮਾਂ ਤੇ ਮਿਊਸਪਲ ਕਾਰਪੋਰੇਸ਼ਨ ਵੱਲੋਂ ਇਸ ਸਬੰਧੀ ਕੀਤੇ ਠੋਸ ਤੇ ਭਰੋਸੇਯੋਗ ਪ੍ਰਬੰਧ ਕਿਧਰੇ ਵੀ ਨਜ਼ਰ ਨਹੀਂ ਆ ਰਹੇ। ਉਹਨਾਂ ਅੱਗੇ ਕਿਹਾ ਕਿ ਕਦੇ ਵੀ ਨਹਿਰੀ ਬੰਦੀ ਸਮੇਂ ਨਹਿਰਾਂ ਦਾ ਪਾਣੀ ਭੰਡਾਰ ਕਰਨ ਵਾਲੀਆਂ ਡਿੱਗੀਆਂ ਦੀ ਸਫਾਈ ਕਿਧਰੇ ਵੀ ਨਹੀਂ ਹੋ ਰਹੀ ਤੇ ਸ਼ਹਿਰ ਵਿੱਚ ਪਾਣੀ ਦਾ ਭੰਡਾਰ ਕਰਨ ਲਈ ਪਾਣੀ ਦੇ ਕਈ ਟੈਂਕ ਪਿਛਲੇ ਕਈ ਸਾਲਾਂ ਤੋਂ ਮੁਰੰਮਤ ਲਈ ਖਾਲੀ ਰੱਖੇ ਹੋਏ ਹਨ। ਉਨ੍ਹਾਂ ਦੀ ਕੋਈ ਮੁਰੰਮਤ ਵੀ ਨਹੀਂ ਹੋਈ ਅਤੇ ਪਾਣੀ ਦਾ ਭੰਡਾਰ ਵੀ ਨਹੀਂ ਕੀਤਾ ਗਿਆ। ਪੀਣ ਵਾਲੇ ਪਾਣੀ ਦੀ ਪੂਰਤੀ ਲਈ ਪ੍ਰਸ਼ਾਸਨ ਨੂੰ ਕੋਈ ਸਿਰਦਰਦੀ ਨਹੀਂ ਹੈ। ਨਹਿਰੀ ਪਾਣੀ ਦੀ ਬੰਦੀ ਦਾ ਨਿਰਧਾਰਤ ਕੀਤਾ ਅਰਸਾ ਲੋਕਾਂ ਦੀਆਂ ਪਾਣੀ ਦੀਆਂ ਲੋੜਾਂ ਨੂੰ ਅੱਖੋਂ ਪਰੋਖੇ ਕਰਦਿਆ ਤਹਿ ਕੀਤਾ ਜਾਂਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਲਾਇਨੋ ਪਾਰ ਸ਼ਹਿਰ ਦੀਆਂ ਬਸਤੀਆਂ ਜਿਵੇਂ ਅਮਰਪੁਰਾ,ਸੰਜੇ ਨਗਰ,ਵਰਤਮਾਨ ਕਾਲੋਨੀ,ਜਨਤਾ ਨਗਰ,ਪਰਸ ਰਾਮ,ਨਗਰ,ਲਾਲ ਸਿੰਘ ਬਸਤੀ, ਸੁੱਖਪੀਰ ਰੋਡ,ਮੁਲਤਾਨੀਆ ਰੋਡ ਦੇ ਇਲਾਕਿਆਂ ਵਿੱਚ ਤਾਂ ਸਾਰਾ ਸਾਲ ਹੀ ਪਾਣੀ ਦੀ ਕਿੱਲਤ ਚਲਦੀ ਰਹਿੰਦੀ ਹੈ,ਜੋ ਹੁਣ ਬਹੁਤ ਹੀ ਗੰਭੀਰ ਹੋ ਗਈ ਹੈ। ਪਾਣੀ ਦੀ ਲੋੜ ਪੂਰੀ ਕਰਨ ਵਿਚ ਹੀ ਰੁੱਝੇ ਰਹਿਣ ਕਾਰਨ ਲੋਕਾਂ ਦਾ ਰੁਜ਼ਗਾਰ ਵੀ ਪ੍ਰਭਾਵਤ ਹੋ ਰਿਹਾ ਹੈ। ਪਾਣੀ ਦੀ ਕਿੱਲਤ ਤੇ ਸਮੁੱਚੇ ਹਾਲਾਤ ਦੇ ਮੱਦੇਨਜ਼ਰ ਜਮਹੂਰੀ ਅਧਿਕਾਰ ਸਭਾ ਨੇ ਮੰਗ ਕੀਤੀ ਹੈ:-
ਲੋਕਾਂ ਨੂੰ ਲੋੜੀਂਦਾ ਪਾਣੀ ਸਪਲਾਈ ਕਰਨ ਲਈ ਨਹਿਰੀ ਬੰਦੀ ਖਤਮ ਕੀਤੀ ਜਾਵੇ। ਅੱਗੇ ਤੋਂ ਕਦੇ ਵੀ ਨਹਿਰੀ ਬੰਦੀ ਕਰਨ ਤੋਂ ਪਹਿਲਾਂ ਪਾਣੀ ਭੰਡਾਰ ਕਰਨ ਵਾਲੀਅਾਂ ਡਿੱਗੀਅਾਂ ਵਿਚ ਨੱਕੋ-ਨੱਕ ਭਰੀ ਪਈ ਗਾਰ ਨੂੰ ਕੱਢਵਾਇਆ ਜਾਵੇ ਤਾਂ ਕਿ ਉਨ੍ਹਾਂ ਦੀ ਕਪੈਸਟੀ ਪੂਰੀ ਹੋ ਸਕੇ। ਸ਼ਹਿਰ ਵਿੱਚ ਸਾਰੇ ਹੀ ਥਾਂਵਾਂ ਤੇ ਬਣੇ ਪਾਣੀ ਦੇ ਟੈਂਕਾਂ ਦੀ ਸਮਰੱਥਾ ਵੀ ਵਧਾਈ ਜਾਵੇ। ਲੋਕਾਂ ਦੀ ਪਾਣੀ ਦੀ ਲੋੜ ਨੂੰ ਧਿਆਨ ਵਿੱਚ ਰੱਖਿਆ ਜਾਵੇ ਅਤੇ ਲੰਮੀਆਂ ਨਹਿਰੀ ਬੰਦੀਆਂ ਨਾ ਕੀਤੀਆਂ ਜਾਣ। ਨਹਿਰੀ ਬੰਦੀ ਸਿਰਫ਼ ਉਨੇ ਦਿਨਾਂ ਲਈ ਹੀ ਕੀਤੀ ਜਾਵੇ ਜਿੰਨੇ ਦਿਨ ਦਾ ਪਾਣੀ ਇਹਨਾਂ ਡਿੱਗੀਅਾਂ ਵਿੱਚ ਪਹਿਲਾਂ ਸਟੋਰ ਕੀਤਾ ਹੋਵੇ। ਵਾਟਰ ਵਰਕਸ ਦੇ ਪਾਣੀ ਦੇ ਟੈਂਕਾਂ ਵਿੱਚੋਂ ਗਾਰ ਕੱਢਣ ਦਾ ਕੰਮ ਫੌਰੀ ਤੌਰ ਤੇ ਕਰਵਾਇਆ ਜਾਵੇ। ਪਾਣੀ ਦੀ ਸਪਲਾਈ ਵਧਾਉਣ ਲਈ ਹੋਰ ਵੱਧ ਗਿਣਤੀ ਵਿੱਚ ਡੂੰਘੇ ਟਿਊਬਵੈੱਲ ਲਾਏ ਜਾਣ। ਜਿੱਥੇ ਟਿਉੂਬਵੈਲ ਬੰਦ ਪਏ ਹਨ ਜਾਂ ਬੰਦ ਰੱਖੇ ਜਾ ਰਹੇ ਹਨ ਉਨ੍ਹਾਂ ਨੂੰ ਤੁਰੰਤ ਚਾਲੂ ਕੀਤਾ ਜਾਵੇ। ਪਾਣੀ ਦੀ ਜਿਸ ਟੈਂਕੀ ਤੋਂ ਇਲਾਕੇ ਨੂੰ ਪਾਣੀ ਛੱਡਿਅਾ ਜਾਂਦਾ ਹੈ ਉੱਥੇ ਜਨਰੇਟਰ ਦਾ ਪ੍ਰਬੰਧ ਜ਼ਰੂਰ ਹੋਵੇ ਤਾਂ ਕਿ ਬਿਜਲੀ ਫੇਲ ਹੋਣ ਤੇ ਪਾਣੀ ਦੀ ਸਿਖਲਾਈ ਵਿੱਚ ਕੋਈ ਅੜਿਕਾ ਪੈਦਾ ਨਾ ਹੋਵੇ। ਨਹਿਰ ਤੋਂ ਪਾਣੀ ਦੀ ਸਪਲਾਈ ਦੀ ਮਾਤਰਾ ਆਬਾਦੀ ਦੇ ਹਿਸਾਬ ਨਾਲ ਹੋਰ ਵਧਾਉਣੀ ਚਾਹੀਦੀ ਹੈ। ਸਭਾ ਨੇ ਨੋਟ ਕੀਤਾ ਹੈ ਕਿ ਪ੍ਰਸ਼ਾਸਨ ਇਸ ਸਮੱਸਿਆ ਦੀ ਗੰਭੀਰਤਾ ਦੇ ਹਿਸਾਬ ਨਾਲ ਕੋਈ ਤਸੱਲੀ ਬਖ਼ਸ਼ ਯੋਜਨਾ ਪੇਸ਼ ਨਹੀਂ ਕਰ ਰਿਹਾ, ਬਲਕਿ ਹਰੇਕ ਨਹਿਰੀ ਬੰਦੀ ਤੋਂ ਪਹਿਲਾਂ ਸਾਰੇ ਪ੍ਰਬੰਧ ਪੂਰੇ ਕਰ ਲੈਣ ਦਾ ਫੋਕਾ ਵਾਅਦਾ ਹੀ ਕਰਦਾ ਹੈ।