ਸਰੀ, 23 ਅਕਤੂਬਰ, 2019 : ਬੀਤੀ ਰਾਤ ਐਬਟਸਫੋਰਡ ਨੇੜਲੇ ਸ਼ਹਿਰ ਚਿਲੀਵਾਕ ਵਿਚ ਗੋਲੀਬਾਰੀ ਦੀ ਇਕ ਘਟਨਾ ਵਿਚ ਇਕ 27 ਸਾਲਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਸਥਿਰ ਬਣੀ ਹੋਈ ਦੱਸੀ ਜਾਂਦੀ ਹੈ।
ਲੋਕਲ ਪੁਲਿਸ ਆਰਸੀਐਮਪੀ ਦਾ ਕਹਿਣਾ ਹੈ ਕਿ ਅੱਜ ਸਵੇਰੇ 12:30 ਵਜੇ ਫਲੈਚਰ ਸਟ੍ਰੀਟ ਅਤੇ ਯੇਲ ਰੋਡ ਨੇੜੇ ਇਕ ਵਿਅਕਤੀ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਸੂਚਨਾ ਮਿਲੀ ਤਾਂ ਘਟਨਾ ਸਥਾਨ ਤੇ ਜਾ ਕੇ ਦੇਖਿਆ ਕਿ ਇਕ 27 ਸਾਲਾ ਨੌਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਪਿਆ ਸੀ। ਉਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਉਸ ਦੇ ਬਚਣ ਦੀ ਉਮੀਦ ਨਹੀਂ ਹੈ।
ਹੋਮੀਸਾਈਡ ਇਨਵੈਸਟੀਗੇਟਰ ਟੀਮ ਨੇ ਇਸ ਘਟਨਾਂ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ ਅਤੇ ਆਰਸੀਐਮਪੀ ਦੇ ਗੰਭੀਰ ਕ੍ਰਾਈਮ ਯੂਨਿਟ ਦੇ ਨਾਲ ਮਿਲ ਕੇ ਘਟਨਾ ਵਾਲੇ ਸਥਾਨ ਦੇ ਆਲੇ ਦੁਆਲੇ ਦੀ ਹਾਲਤ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਇਸ ਸਬੰਧ ਵਿਚ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ। ਪੁਲਿਸ ਅਨੁਸਾਰ ਇਸ ਗੋਲੀਬਾਰੀ ਤੋਂ ਲੋਕਾਂ ਨੂੰ ਕੋਈ ਖ਼ਤਰਾ ਨਹੀਂ ਹੈ, ਕਿਉਂਕਿ ਗੋਲੀਬਾਰੀ ਕਿਸੇ ਨੂੰ ਨਿਸ਼ਾਨਾ ਬਣਾ ਕੇ ਕੀਤੀ ਜਾਪਦੀ ਹੈ। ਜਾਂਚਕਰਤਾ ਅਜੇ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਪੀੜਤ ਨੌਜਵਾਨ ਦਾ ਕਿਸੇ ਗੈਂਗ ਜਾਂ ਨਸ਼ਿਆਂ ਦੇ ਕਾਰੋਬਾਰ ਨਾਲ ਸਿੱਧਾ ਸੰਪਰਕ ਸੀ ਜਾਂ ਨਹੀਂ। ਪੁਲਿਸ ਨੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਸ ਘਟਨਾ ਸਬੰਧੀ ਜੇ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ 1-877-551-4448 ਤੇ IHIT ਦੀ ਜਾਣਕਾਰੀ ਲਾਈਨ ਤੇ ਕਾਲ ਕੀਤੀ ਜਾ ਸਕਦੀ ਹੈ,ਜਾਂ ihitinfo@rcmp-grc.gc.ca ਤੇ ਈਮੇਲ ਕੀਤੀ ਜਾ ਸਕਦੀ ਹੇ।