ਫੋਟੋ ਕੈਪਸ਼ਨ- ਸਰੀ ਵਿਖੇ ਕੈਂਸਰ ਜਾਗਰੂਕਤਾ ਸੈਮੀਨਾਰ ਦੌਰਾਨ ਹੋਮੀਓਪੈਥੀ ਦੇ ਪ੍ਰਸਿੱਧ ਡਾ. ਤਨਵੀਰ ਹੁਸੈਨ ਦਾ ਸਨਮਾਨ ਕਰਦੇ ਹੋਏ ਪੰਜਾਬ ਭਵਨ ਦੇ ਸਰਪ੍ਰਸਤ ਸੁੱਖੀ ਬਾਠ।
ਸਰੀ, 23 ਅਕਤੂਬਰ, 2019 : ਪੰਜਾਬ ਭਵਨ ਸਰੀ ਵਿਖੇ ਨਾ-ਮੁਰਾਦ ਬੀਮਾਰੀ ਕੈਂਸਰ ਬਾਰੇ ਇਕ ਸੈਮਨਾਰ ਕਰਵਾਇਆ ਗਿਆ ਜਿਸ ਵਿਚ ਭਾਰਤ ਤੋਂ ਪੁੱਜੇ ਵਿਸ਼ਵ ਪ੍ਰਸਿੱਧ ਹੋਮੀਓਪੈਥਿਕ ਡਾ. ਤਨਵੀਰ ਹੁਸੈਨ ਨੇ ਸੈਮੀਨਾਰ ਵਿੱਚ ਆਏ ਸਰੋਤਿਆਂ ਨਾਲ ਕੈਂਸਰ ਤੋਂ ਬਚਾਅ ਅਤੇ ਇਲਾਜ ਬਾਰੇ ਵਿਦਵਤਾ ਪੂਰਨ ਜਾਣਕਾਰੀ ਦਿੱਤੀ। ਡਾ. ਰਮਨਪ੍ਰੀਤ ਕੌਰ ਰੰਧਾਵਾ ਦੇ ਸਹਿਯੋਗ ਨਾਲ ਹੋਏ ਇਸ ਸੈਮੀਨਾਰ ਵਿਚ ਡਾ. ਹੁਸੈਨ ਨੇ ਕੈਂਸਰ ਨੂੰ ਜੜੋਂ ਖਤਮ ਕਰਨ ਅਤੇ ਕੀਮੋਥਰੈਪੀ ਦੇ ਮਾਰੂ ਪ੍ਰਭਾਵ ਘਟਾਉਣ ਲਈ ਹੋਮੀਓਪੈਥੀ ਦੀ ਅਹਿਮ ਭੂਮਿਕਾ ਦਾ ਵਰਨਣ ਕੀਤਾ ਅਤੇ ਕੈਂਸਰ ਦੀਆਂ ਵੱਖ ਵੱਖ ਕਿਸਮਾਂ ਅਤੇ ਵੱਖ ਵੱਖ ਸਟੇਜਾਂ ਤੇ ਹੋਮੀਓਪੈਥੀ ਦੇ ਪ੍ਰਮਾਣਿਤ ਨਤੀਜਿਆਂ ਸਬੰਧੀ ਸਲਾਈਡਾਂ ਵੀ ਦਿਖਾਈਆਂ ਅਤੇ ਕੁਝ ਮਰੀਜ਼ਾਂ ਦੇ ਪ੍ਰਤੀਕਰਮ ਵੀ ਪੇਸ਼ ਕੀਤੇ।
ਡਾ. ਤਨਵੀਰ ਹੁਸੈਨ ਨੇ ਤਣਾਓ ਨੂੰ ਇਕ ਗੰਭੀਰ ਬੀਮਾਰੀ ਦੱਸਿਆ ਅਤੇ ਤਣਾਓ ਕਾਰਨ ਸਰੀਰ ਵਿਚਲੇ ਸਾਰੇ ਗਲੈਂਡਜ਼ ਉਪਰ ਪੈਂਦੇ ਮਾਰੂ ਪ੍ਰਭਾਵਾਂ ਸਬੰਧੀ ਬਹੁਤ ਹੀ ਅਨਮੋਲ ਜਾਣਕਾਰੀ ਬਹੁਤ ਹੀ ਸੁਚਾਰੂ ਢੰਗ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਗੁੱਸੇ ਅਤੇ ਤਣਾਓ ਤੇ ਕਾਬੂ ਕਰ ਲਿਆ ਜਾਵੇ ਤਾਂ ਬਹੁਤ ਸਾਰੀਆਂ ਸਰੀਰਕ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਡਾ. ਹੁਸੈਨ ਨੇ ਸੈਮੀਨਾਰ ਦੌਰਾਨ ਲੋਕਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਇਸ ਸੈਮੀਨਾਰ ਦਾ ਸੰਚਾਲਨ ਡਾ. ਰਮਨਪ੍ਰੀਤ ਕੌਰ ਰੰਧਾਵਾ ਅਤੇ ਡਾ. ਜੱਸ ਮਲਕੀਤ ਨੇ ਕੀਤਾ। ਪੰਜਾਬ ਭਵਨ ਦੇ ਸਰਪ੍ਰਸਤ ਸੁੱਖੀ ਬਾਠ ਨੇ ਕੈਂਸਰ ਸਬੰਧੀ ਜਾਗਰੂਕਤਾ ਲਿਆਉਣ ਲਈ ਕੀਤੇ ਜਾ ਰਹੇ ਅਜਿਹੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਪੰਜਾਬ ਭਵਨ ਵੱਲੋਂ ਡਾ.ਤਨਵੀਰ ਹੁਸੈਨ ਦਾ ਸਨਮਾਨ ਕੀਤਾ।