ਯਾਦਵਿੰਦਰ ਸਿੰਘ ਤੂਰ
ਲੁਧਿਆਣਾ, 22 ਅਕਤੂਬਰ 2019 - ਵਿਧਾਇਕ ਸ੍ਰ. ਕੁਲਦੀਪ ਸਿੰਘ ਵੈਦ ਨੇ ਹਲਕਾ ਗਿੱਲ ਅੰਦਰ ਦਿਨੋਂ ਦਿਨ ਵਿਕਸਤ ਹੋ ਰਹੀਆਂ ਗੈਰਕਾਨੂੰਨੀਆਂ ਕਾਲੋਨੀਆਂ 'ਤੇ ਗੰਭੀਰ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਕਲੋਨੀਆਂ ਦੇ ਕਲੋਨਾਈਜ਼ਰਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਪਿੰਡ ਲਾਦੀਆਂ, ਜੱਸੀਆਂ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਕਈ ਨਜਾਇਜ਼ ਕਲੋਨੀਆਂ ਵਿਕਸਤ ਹੋਈਆਂ ਪਈਆਂ ਹਨ। ਉਨ੍ਹਾਂ ਸਮੂਹ ਕਲੋਨਾਈਜ਼ਰਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਗਈ ਰੈਗੁਲਰਾਈਜੇਸ਼ਨ ਪਾਲਸੀ ਤਹਿਤ ਆਪਣੀਆਂ ਕਲੋਨੀਆਂ ਨੂੰ ਅਧਿਕਾਰਤ ਕਰਵਾ ਲੈਣ।
ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਲੋਨਾਈਜ਼ਰ ਨੇ ਇਹ ਕਲੋਨੀਆਂ ਅਧਿਕਾਰਤ ਨਾ ਕਰਵਾਈਆਂ ਤਾਂ ਉਨ੍ਹਾਂ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧੀ ਗਲਾਡਾ ਨੂੰ ਬਣਦੀ ਕਾਰਵਾਈ ਆਰੰਭਣ ਲਈ ਕਿਹਾ ਗਿਆ ਹੈ।