ਰਜਨੀਸ਼ ਸਰੀਨ
ਐੱਸ.ਏ.ਐੱਸ ਨਗਰ 22 ਅਕਤੂਬਰ ,2019 -ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਦਿਵਿਆਂਗ ਵਿਦਿਆਰਥੀਆਂ ਦੁਆਰਾ ਦੀਵਾਲੀ ਦੇ ਖਾਸ ਮੌਕੇ ਬਣਾਏ ਸਜਾਵਟੀ ਸਮਾਨ ਦੀ ਪ੍ਰਦਰਸ਼ਨੀ ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਵਿਖੇ ਲਗਾਈ ਗਈ| ਪ੍ਰਦਰਸ਼ਨੀ ਦਾ ਉਦਘਾਟਨ ਮੁਹੰਮਦ ਤਾਇਅਬ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਕੀਤਾ|
ਇਸ ਪ੍ਰਦਰਸ਼ਨੀ ਵਿੱਚ ਉਚੇਚੇ ਤੌਰ 'ਤੇ ਡੀਪੀਆਈ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਅਤੇ ਡਾਇਰੈਕਟਰ ਐੱਸ.ਸੀ.ਈ.ਆਰ.ਟੀ.-ਕਮ-ਡੀ.ਪੀ.ਆਈ ਐਲੀਮੈਂਟਰੀ ਪੰਜਾਬ ਇੰਦਰਜੀਤ ਸਿੰਘ ਨੇ ਪਹੁੰਚ ਕੇ ਵਿਦਿਆਰਥੀਆਂ ਦੁਆਰਾ ਬਣਾਏ ਸਮਾਨ ਦੀ ਪ੍ਰਸ਼ੰਸਾ ਕੀਤੀ ਅਤੇ ਸਾਰੇ ਜ਼ਿਲ੍ਹਾ ਕੋਆਰਡੀਨੇਟਰਜ਼ ਨੂੰ ਬੱਚਿਆਂ ਦਾ ਹੌਂਸਲਾ ਵਧਾਉਣ ਲਈ ਸ਼ੁਭ-ਇੱਛਾਵਾਂ ਦਿੱਤੀਆਂ|
ਇਸ ਪ੍ਰਦਰਸ਼ਨੀ ਸਬੰਧੀ ਜਾਣਕਾਰੀ ਦਿੰਦਿਆਂ ਮੈਡਮ ਸਲੋਨੀ ਨੇ ਦੱਸਿਆ ਕਿ ਵਿੱਚ ਦਿਵਿਆਂਗ ਵਿਦਿਆਰਥੀਆਂ ਦੁਆਰਾ ਬਣਾਏ ਮਿੱਟੀ ਦੇ ਸਜਾਵਟੀ ਦੀਵੇ, ਜੈੱਲ ਅਤੇ ਵੈਕਸ ਦੀਆਂ ਵੱਖ-ਵੱਖ ਤਰ੍ਹਾਂ ਦੀਆਂ ਸੁੰਦਰ ਮੋਮਬੱਤੀਆਂ, ਸਜਾਵਟੀ ਥਾਲੀਆਂ, ਹੱਥੀ ਬਣਾਈਆਂ ਪੇਟਿੰਗਾਂ, ਸਿਰਹਾਣੇ, ਡੀਲਕਸ਼ ਸ਼ੀਟਸ ਦੇ ਡਿਸਪੋਸਏਬਲ ਬੈੱਗ ਅਤੇ ਸਜਾਵਟ ਦੇ ਹੋਰ ਬਹੁਤ ਸਾਰੇ ਸਮਾਨ ਦੀ ਪ੍ਰਦਰਸ਼ਨੀ ਲਗਾਈ ਗਈ| ਦਿਵਿਆਂਗ ਵਿਦਿਆਰਥੀਆਂ ਦੁਆਰਾ ਬਣਾਈਆਂ ਸਾਰੀਆਂ ਵਸਤੂਆਂ ਹੀ ਬਹੁਤ ਦਿਲ-ਖਿੱਚਵੀਆਂ ਅਤੇ ਸ਼ਲਾਘਾਯੋਗ ਹਨ| ਇਸ ਪ੍ਰਦਰਸ਼ਨੀ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਨੇ ਭਾਗ ਲਿਆ ਅਤੇ ਆਪਣੇ-ਆਪਣੇ ਜ਼ਿਲ੍ਹੇ ਦੇ ਵਿਦਿਆਰਥੀਆਂ ਦੀ ਹੱਥੀਂ ਬਣਾਈਆਂ ਚੀਜਾਂ ਦੀ ਪ੍ਰਦਰਸ਼ਨੀ ਲਗਾਈ |