ਹਰਦਮ ਮਾਨ
ਸਰੀ, 22 ਅਕਤੂਬਰ 2019 - ਸਰੀ ਦੇ ਪੋਰਟ ਕੈਲਜ਼ ਖੇਤਰ ਵਿਚ ਇਕ ਗੈਸ ਸਟੇਸ਼ਨ 'ਤੇ ਅੱਜ ਸਵੇਰੇ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਅੱਗ ਤੇ ਕਾਬੂ ਪਾਉਣ ਲਈ ਸਵੇਰੇ 5:30 ਵਜੇ ਦੇ ਕਰੀਬ ਫਾਇਰ ਬਿਰਗੇਡ ਅਮਲਾ ਹਾਰਵੀ ਰੋਡ ਦੇ 8700 ਬਲਾਕ ਵਿੱਚ ਪੁੱਜਿਆ।
ਸਰੀ ਆਰ.ਸੀ.ਐਮ.ਪੀ. ਵੱਲੋਂ ਮੀਡੀਆ ਲਈ ਜਾਰੀ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਅੱਗ ਤੇ ਕਾਬੂ ਕਰ ਲੈਣ ਤੋਂ ਬਾਅਦ ਜਦ ਉਸ ਖੇਤਰ ਦੀ ਜਾਂਚ ਕੀਤੀ ਗਈ ਤਾਂ ਗੈਸ ਸਟੇਸ਼ਨ ਦੇ ਅੰਦਰ ਇਕ ਵਿਅਕਤੀ ਮ੍ਰਿਤਕ ਪਾਇਆ ਗਿਆ। ਪੁਲਿਸ ਵੱਲੋਂ ਉਸ ਵਿਅਕਤੀ ਦਾ ਲਿੰਗ, ਨਾਮ ਜਾਂ ਉਮਰ ਸਬੰਧੀ ਕੋਈ ਜਾਣਕਾਰੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ। ਪੁਲਿਸ ਅਨੁਸਾਰ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਸਰੀ ਆਰ ਸੀ ਐਮ ਪੀ ਦਾ ਜਨਰਲ ਇਨਵੈਸਟੀਗੇਸ਼ਨ ਯੂਨਿਟ, ਸਰੀ ਫਾਇਰ ਸਰਵਿਸ ਦੇ ਸਹਿਯੋਗ ਨਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਿਹਾ ਹੈ।
ਇਸ ਦੌਰਾਨ ਸਰੀ ਆਰਸੀਐਮਪੀ ਨੇ ਅਪੀਲ ਕੀਤੀ ਹੈ ਕਿ ਇਸ ਘਟਨਾ ਬਾਰੇ ਜੇਕਰ ਕਿਸੇ ਵਿਅਕਤੀ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ ਫੋਨ ਨੰਬਰ 604-599-0502 ਤੇ ਜਾਂ ਕ੍ਰਾਈਮ ਸਟਾਪਰਜ਼ ਨੂੰ 1-800-222-ਟਿਪਸ ਤੇ ਕਾਲ ਕਰਕੇ ਜਾਂ solvecrime.ca ਤੇ ਸੰਪਰਕ ਕਰੇ।