ਮਾਨਸਾ, 18 ਅਕਤੂਬਰ 2019 - ਜ਼ਿਲ੍ਹਾ ਮੈਜਸਟਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਮਾਨਸਾ ਦੇ ਆਮ ਬਾਜ਼ਾਰਾਂ ਵਿਚ ਕਿਸੇ ਕਿਸਮ ਦੇ ਉੱਚੀ ਆਵਾਜ਼ ਵਾਲੇ ਪਟਾਖੇ, ਆਤਿਸ਼ਬਾਜ਼ੀ, ਜਿਨ੍ਹਾਂ ਵਿਚ ਬੰਬ ਅਤੇ ਮਿਜ਼ਾਇਲਾਂ ਆਦਿ ਸ਼ਾਮਲ ਹਨ ਨੂੰ ਬਣਾਉਣ, ਸਟੋਰ ਕਰਨ, ਖਰੀਦਣ ਅਤੇ ਵੇਚਣ ਤੇ ਪਾਬੰਦੀ ਲਗਾਈ ਹੈ।
ਜ਼ਿਲ੍ਹਾ ਮੈਜਸਟਰੇਟ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ। ਇਹ ਤਿਉਹਾਰ ਮਨਾਉਣ ਲਈ ਆਮ ਤੌਰ ਤੇ ਲੋਕਾਂ ਵੱਲੋਂ ਵੱਡੇ ਪਟਾਖਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਅਜਿਹੇ ਪਟਾਖਿਆਂ ਨਾਲ ਸ਼ੋਰ ਸ਼ਰਾਬਾ ਪੈਦਾ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਫੈਲਦਾ ਹੈ। ਪਿਛਲੇ ਸਮੇਂ ਦੌਰਾਨ ਇਸ ਤਿਉਹਾਰ ਤੇ ਪਟਾਖੇ ਆਦਿ ਚਲਾਉਣ ਸਮੇਂ ਘਟਨਾਵਾਂ ਵੀ ਹੋਈਆਂ ਹਨ। ਪਾਬੰਦੀ ਅਤੇ ਸਾਵਧਾਨੀ ਤੋਂ ਬਿਨਾਂ ਹੁਣ ਵੀ ਆਮ ਜਨ ਜੀਵਨ ਅਤੇ ਜਨ ਸੰਪਤੀ ਨੂੰ ਖਤਰਾ ਪੈਦਾ ਹੋ ਸਕਦਾ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮਾਨਸਾ ਅੰਦਰ ਛੋਟੇ ਪਟਾਖਿਆਂ ਨੂੰ ਵੇਚਣ ਲਈ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ ਜਿੰਨ੍ਹਾਂ ਵਿਚ ਮਾਨਸਾ ਸ਼ਹਿਰ ਵਿਖੇ ਖਾਲਸਾ ਸਕੂਲ ਗਰਾਊਂਡ ਮਾਨਸਾ, ਰਮਦਿੱਤਾ ਚੌਂਕ ਮਾਨਸਾ (ਰੈਡ ਕਰਾਸ ਦੀ ਜਗ੍ਹਾ), ਜੋਗ ਵਿਖੇ ਫੋਕਲ ਪੁਆਇੰਟ ਜੋਗਾ, ਭੀਖੀ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੀਖੀ ਦੇ ਗਰਾਊਂਡ ਵਿਚ, ਬੁਢਡਾਲਾ ਵਿਖੇ ਰਾਮਲੀਲਾ ਗਰਾਊਂਡ, ਗੁਰੂ ਤੇਗ ਬਹਾਦਰ ਸਟੇਡੀਅਮ (ਆਈ.ਟੀ.ਆਈ.) ਬੁਢਲਾਡਾ, ਬਰੇਟਾ ਵਿਖੇ ਪਸ਼ੂ ਮੇਲਾ ਗਰਾਊਂਡ ਬਰੇਟਾ, ਸ੍ਰੀ ਕ੍ਰਿਸ਼ਨਾ ਗਊਸ਼ਾਲਾ ਬਰੇਟਾ, ਬੋਹਾ ਵਿਖੇ ਪੰਜਾਬ ਮਹਾਵੀਰ ਦਲ ਗਰਾਊਂਡ, ਬੋਹਾ। ਸਰਦੂਲਗੜ੍ਹ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਰਦੂਲਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਫੱਤਾ ਮਾਲੋਕਾ। ਝੁਨੀਰ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਝੁਨੀਰ ਸ਼ਾਮਲ ਹਨ।
ਇਹ ਹੁਕਮ 18 ਅਕਤੂਬਰ 2019 ਤੋਂ 28 ਅਕਤੂਬਰ 2019 ਤੱਕ ਲਾਗੂ ਰਹਿਣਗੇ।