ਜਲੰਧਰ 18 ਅਕਤੂਬਰ - ਇੰਡੀਅਨ ਆਇਲ ਮੁੰਬਈ ਅਤੇ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਦੀਆਂ ਟੀਮਾਂ ਭਾਰਤ ਦੇ ਸਭ ਤੋਂ ਵੱਧ ਇਨਾਮੀ ਰਾਸ਼ੀ ਵਾਲੇ 36ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਇਨਲ ਵਿੱਚ ਆਹਮਣੇ ਸਾਹਮਣੇ ਹੋਣਗੇ। ਸਥਾਨਕ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਟੂਰਨਾਮੈਂਟ ਦੇ ਸੈਮੀਫਾਇਨਲ ਖੇਡੇ ਗਏ। ਪਹਿਲੇ ਸੈਮੀਫਾਇਨਲ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਿੱਲੀ ਨੇ ਪੈਨਲਟੀ ਸ਼ੂਟ ਆਊਟ ਰਾਹੀਂ ਪਿਛਲੇ ਸਾਲ ਦੀ ਜੇਤੂ ਆਰਮੀ ਇਲੈਵਨ ਨੂੰ 5-4 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕਰ ਲਿਆ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਸਨ। ਦੂਜੇ ਸੈਮੀਫਾਇਨਲ ਵਿੱਚ ਇੰਡੀਅਨ ਆਇਲ ਨੇ ਪੰਜਾਬ ਪੁਲਿਸ ਨੂੰ 4-2 ਦੇ ਫਰਕ ਨਾਲ ਹਰਾ ਕੇ ਫਾਇਨਲ ਵਿੱਚ ਥਾਂ ਬਣਾਈ। ਫਾਇਨਲ ਮੁਕਾਬਲੇ ਦਾ ਸਿੱਧਾ ਪ੍ਰਸਾਰਣ ਪੀਟੀਸੀ ਚੈਨਲ ਵਲੋਂ ਕੀਤਾ ਜਾਵੇਗਾ। ਫਾਇਨਲ ਮੈਚ ਤੋਂ ਪਹਿਲਾਂ ਪੰਜਾਬੀ ਗਾਇਕ ਅਤੇ ਅਦਾਕਾਰ ਗੁਰਨਾਮ ਭੁੱਲਰ ਵਲੋਂ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਾਵੇਗਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਕਰਨਗੇ।
ਪਹਿਲੇ ਸੈਮੀਫਾਇਨਲ ਵਿੱਚ ਪੰਜਾਬ ਐਂਡ ਸਿੰਧ ਬੈਂਕ ਨੇ ਮੈਚ ਦੇ ਪਹਿਲੇ ਅੱਧ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। 6ਵੇਂ ਮਿੰਟ ਵਿੱਚ ਬੈਂਕ ਦੇ ਗਗਨਪ੍ਰੀਤ ਸਿੰਘ ਨੇ ਪਹਿਲੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ। ਅੱਧੇ ਸਮੇਂ ਤੱਕ ਬੈਂਕ 1-0 ਨਾਲ ਅੱਗੇ ਸੀ। ਅੱਧੇ ਸਮੇਂ ਤੋਂ ਬਾਅਦ 31ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਰਾਹੁਲ ਰਾਠੀ ਨੇ ਗੋਲ ਕਰਕੇ ਬਰਾਬਰੀ ਕੀਤੀ। 33ਵੇਂ ਮਿੰਟ ਵਿੱਚ ਬੈਂਕ ਨੂੰ ਗੋਲ ਕਰਨ ਲਈ ਪੈਨਲਟੀ ਸਟਰੋਕ ਮਿਲਿਆ ਪਰ ਕਪਤਾਨ ਅੰਤਰਰਾਸ਼ਟਰੀ ਸੰਤਾ ਸਿੰਘ ਗੋਲ ਕਰਨ ਵਿੱਚ ਨਾਕਾਮ ਰਿਹਾ। ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆਊਟ ਰਾਹੀਂ ਬੈਂਕ ਦੇ ਹੱਕ ਵਿੱਚ 4-3 ਨਾਲ ਰਿਹਾ। ਬੈਂਕ ਵਲੋਂ ਗਗਨਪ੍ਰੀਤ ਸਿੰਘ, ਹਰਮਨਜੀਤ ਸਿੰਘ, ਜਸਕਰਨ ਸਿੰਘ, ਸੰਤਾ ਸਿੰਘ ਨੇ ਗੋਲ ਕੀਤੇ ਜਦ ਕਿ ਆਰਮੀ ਵਲੋਂ ਰਾਜੰਤ ਰਾਜਪੂਤ, ਸੰਜੇ ਟੋਪੋ ਅਤੇ ਰਾਹੁਲ ਰਾਠੀ ਨੇ ਗੋਲ ਕੀਤੇ।
ਦੂਜੇ ਸੈਮੀਫਾਇਨਲ ਵਿੱਚ ਇੰਡੀਅਨ ਆਇਲ ਅਤੇ ਪੰਜਾਬ ਪੁਲਿਸ ਨੇ ਤੇਜ ਤਰਾਰ ਹਾਕੀ ਖੇਡੀ। 7ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਗੋਲ ਕਰਕੇ ਲੀਡ ਹਾਸਲ ਕੀਤੀ। 15ਵੇਂ ਮਿੰਟ ਵਿੱਚ ਉਲੰਪੀਅਨ ਗੁਰਵਿੰਦਰ ਸਿੰਘ ਚੰਦੀ ਨੇ ਮੈਦਾਨੀ ਗੋਲ ਕਰਕੇ ਪੁਲਿਸ ਨੂੰ ਬਰਾਬਰੀ ਤੇ ਲਿਆਂਦਾ। ਦੂਜੇ ਕਵਾਰਟਰ ਦੇ 17ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 2-1 ਕੀਤਾ। ਅੱਧੇ ਸਮੇਂ ਤੱਕ ਇੰਡੀਅਨ ਆਇਲ 2-1 ਨਾਲ ਅੱਗੇ ਸੀ। ਤੀਜੇ ਕਵਾਰਟਰ ਦੇ 41ਵੇਂ ਮਿੰਟ ਵਿੱਚ ਪੰਜਾਬ ਪੁਲਿਸ ਦੇ ਪਵਨਦੀਪ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 2-2 ਕੀਤਾ। 53ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 3-2 ਕੀਤਾ। 56ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਮੈਦਾਨੀ ਗੋਲ ਕਰਕੇ ਸਕੋਰ 456ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਰੋਸ਼ਨ ਮਿੰਜ ਨੇ ਮੈਦਾਨੀ ਗੋਲ ਕਰਕੇ ਸਕੋਰ 4-2 ਕਰਕੇ ਮੈਚ ਆਪਣੇ ਨਾਂਅ ਕੀਤਾ।
ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਚੋਧਰੀ ਸੰਤੋਖ ਸਿੰਘ ਮੈਂਬਰ ਪਾਰਲੀਮੈਂਟ, ਜਲੰਧਰ ਮੰਡਲ ਦੇ ਕਮਿਸ਼ਨਰ ਬੀ ਪੁਰਸ਼ਾਰਥਾ ਅਤੇ ਬਾਬਾ ਤਲਵਿੰਦਰ ਸਿੰਘ ਸਿੰਘ ਕਾਹਨਾ ਢੇਸੀਆਂ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਪੰਜਾਬ ਸਰਕਾਰ ਵਲੋਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਦੀ ਐਸਟਰੋਟਰਫ ਮੈਦਾਨ ਦੀ ਟਰਫ ਜਲਦੀ ਹੀ ਬਦਲ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਨ੍ਹਾਂ ਨੇ ਸੁਰਜੀਤ ਹਾਕੀ ਸੋਸਾਇਟੀ ਨੂੰ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ। ਬਾਬਾ ਤਲਵਿੰਦਰ ਸਿੰਘ ਨੇ ਸੋਸਾਇਟੀ ਨੂੰ 2 ਲੱਖ ਰੁਪਏ ਦਾ ਚੈਕ ਭੇਂਟ ਕੀਤਾ।
ਅੱਜ ਦੇ ਮੈਚਾਂ ਸਮੇਂ ਵਿਧਾਇਕ ਪਰਗਟ ਸਿੰਘ, ਵਰਿੰਦਰ ਕੁਮਾਰ ਸ਼ਰਮਾ ਡੀ ਸੀ, ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅਮਰੀਕ ਸਿੰਘ ਪੁਆਰ ਡੀਸੀਪੀ, ਲਖਵਿੰਦਰ ਪਾਲ ਸਿੰਘ ਖਹਿਰਾ, ਹਰਪ੍ਰੀਤ ਮੰਡੇਰ ਉਲੰਪੀਅਨ, ਰਜਿੰਦਰ ਸਿੰਘ, ਜੁਗਰਾਜ ਸਿੰਘ, ਅਮੋਲਕ ਸਿੰਘ ਗਾਖਲ, ਨਰਿੰਦਰਪਾਲ ਸਿੰਘ ਜੱਜ, ਐਲ ਆਰ ਨਈਅਰ, ਰਾਮ ਪ੍ਰਤਾਪ, ਕਿਰਪਾਲ ਸਿੰਘ ਮਠਾਰੂ, ਜਰਨੈਲ ਸਿੰਘ ਕੁਲਾਰ, ਗੁਰਵਿੰਦਰ ਸਿੰਘ ਗੁਲੂ, ਸੁਰਿੰਦਰ ਸਿੰਘ ਭਾਪਾ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।