ਅੰਮ੍ਰਿਤਸਰ, 17 ਅਕਤੂਬਰ 2019 - ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੀ ਸੀ.ਆਈ.ਏ ਸਟਾਫ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਿਲ ਹੋਈ ਜਦੋਂ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਨੇ ਏ.ਐਸ.ਆਈ. ਜੈਬੀਰ ਸਿੰਘ ਸੀ.ਆਈ.ਏ ਸਟਾਫ ਦੀ ਇਤਲਾਹ 'ਤੇ ਏ.ਐੱਸ.ਆਈ. ਕਾਬਲ ਸਿੰਘ ਵੱਲੋਂ ਮੌਕੇ 'ਤੇ ਪੁੱਜ ਕੇ ਸਹਾਇਕ ਕਮਿਸ਼ਨਰ ਪੁਲਿਸ ਸ੍ਰੀ ਪਲਵਿੰਦਰ ਸਿੰਘ ਦੀ ਹਾਜਰੀ 'ਚ ਦਿਲਬਾਗ ਸਿੰਘ ਨਾਂਅ ਦੇ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ 265 ਗ੍ਰਾਮ ਹੈਰੋਇਨ ਸਮੇਤ ਇੱਕ ਐਕਟਿਵਾ ਬਰਾਮਦ ਕੀਤੀ ਗਈ। ਪੁਲਿਸ ਵੱਲੋਂ ਬਣਦੀਆਂ ਧਰਾਵਾਂ ਸਹਿਤ ਦਿਲਬਾਗ ਸਿੰਘ 'ਤੇ ਕੇਸ ਦਰਜ ਕਰ ਲਿਆ ਗਿਆ। ਜਿਸ ਤੋਂ ਬਾਅਦ ਮੁਢਲੀ ਤਫਤੀਸ ਤੋਂ ਪਤਾ ਲੱਗਿਆ ਹੈ ਕਿ ਮੁਲਜ਼ਮ ਦਿਲਬਾਗ 'ਤੇ ਪਹਿਲਾਂ ਹੀ ਨਸ਼ੀਲੇ ਪਦਾਰਥ ਵੇਚਣ ਦਾ ਇੱਕ ਕੇਸ ਦਰਜ ਹੈ ਅਤੇ ਜਿਸ 'ਚ ਉਸ ਕੋਲੋਂ 500 ਗ੍ਰਾਮ ਹੈਰੋਇਨ ਅਤੇ 2,50,000 ਦੀ ਜਾਅਲੀ ਕਰੰਸੀ ਵੀ ਬਰਾਮਦ ਕੀਤੀ ਗਈ ਸੀ। ਇਸ ਕੇਸ 'ਚ ਦਿਲਬਾਗ ਸਿੰਘ ਨੂੰ ਦਸ ਸਾਲ ਦੀ ਸਜ਼ਾ ਵੀ ਹੋਈ ਸੀ। ਉਕਤ ਮੁਲਜ਼ਮ ਜ਼ਮਾਨਤ 'ਤੇ ਬਾਹਰ ਆਇਆ ਹੋਇਆ ਸੀ। ਜਿਸ ਤੋਂ ਬਾਅਦ ਪੁਲਿਸ ਉਸ ਦਾ ਅਦਾਲਤ 'ਚੋਂ ਰਿਮਾਂਡ ਲੈ ਕੇ ਮੁਲਜ਼ਮ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕਰੇਗੀ।