ਚੰਡੀਗੜ੍ਹ, 17 ਅਕਤੂਬਰ 2019 - ਸੁਖਬੀਰ ਬਾਦਲ ਦੇ ਬੇਟੇ ਅਨੰਤਵੀਰ ਬਾਦਲ ਦਾ ਅੱਜ 18ਵਾਂ ਜਨਮਦਿਨ ਹੈ। ਇਸ ਜਨਮਦਿਨ ਮੌਕੇ ਅਨੰਤਵੀਰ ਨੇ ਆਪਣੇ ਦਾਦੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਗੁਰਦਾਸ ਸਿੰਘ ਬਾਦਲ ਨਾਲ ਖੁਸ਼ੀ ਦੇ ਪਲ ਸਾਂਝੇ ਕੀਤੇ। ਇਸ ਮੌਕੇ ਸੁਖਬੀਰ ਬਾਦਲ ਨੇ ਆਪਣੇ ਬੇੇੇਟੇ ਅਨੰਤਵੀਰ, ਚਾਚਾ ਗੁਰਦਾਸ ਬਾਦਲ ਤੇ ਪਿਤਾ ਪ੍ਰਕਾਸ਼ ਸਿੰਘ ਬਾਦਲ ਦੀਆਂ ਇਕੱਠੇ ਬੈਠਿਆਂ ਦੀ ਤਸਵੀਰ ਆਪਣੀ ਫੇਸਬੁੱਕ 'ਤੇ ਸ਼ੇਅਰ ਕਰਦਿਆਂ ਲਿਖਿਆ -
"ਅਨੰਤਵੀਰ ਨੇ ਹੁਣੇ ਇਹ ਤਸਵੀਰ ਦਿਖਾਈ ਜਿਹੜੀ ਬੱਚਿਆਂ ਨੇ ਕੱਲ੍ਹ ਸ਼ਾਮੀ ਖਿੱਚੀ ਸੀ। ਅੱਜ ਉਸ ਦਾ18ਵਾਂ ਜਨਮਦਿਨ ਹੈ ਅਤੇ ਬਾਦਲ ਪਿੰਡ ਵਿਖੇ ਆਪਣੇ ਦਾਦਿਆਂ ਨਾਲ ਸਾਂਝੇ ਕੀਤੇ ਇਸ ਪਲ ਨੂੰ ਲੈ ਕੇ ਉਹ ਬਹੁਤ ਖੁਸ਼ੀ ਦਾ ਅਨੁਭਵ ਕਰ ਰਿਹਾ ਹੈ। ਇਹ ਵੀ ਉਸ ਪਰਮਾਤਮਾ ਦੀ ਬਖਸ਼ਿਸ਼ ਹੀ ਹੈ ਕਿ ਅਨੰਤਵੀਰ ਨੂੰ ਐਸੇ ਮਹਾਨ ਸੁਲਝੇ ਹੋਏ ਤੇ ਤਜਰਬਿਆਂ ਵਾਲੇ ਚਾਨਣ ਮੁਨਾਰਿਆਂ ਕੋਲੋਂ ਸਿੱਖਣ ਨੂੰ ਮਿਲ ਰਿਹਾ ਹੈ।"
ਇਹ ਹੋਰ ਬੜੀ ਅਹਿਮ ਖਬਰ ਹੈ ਕਿ ਅੱਜ ਦੇ ਦਿਨ ਅਨੰਤਵੀਰ ਬਾਲਗ ਹੋ ਗਿਆ ਤੇ ਹੁਣ ਸਿਆਸਤ 'ਚ ਆਪਣੀ ਕਿਸਮਤ ਅਜ਼ਮਾਉਣ ਲਈ ਉਡਾਰੀ ਲਾਉਣੀ ਸਿੱਖਣਾ ਸ਼ੁਰੂ ਕਰੇਗਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸੇ ਸਾਲ ਦੇ ਮਈ ਮਹੀਨੇ 'ਚ ਅਨੰਤਵੀਰ ਬਾਦਲ ਦੁਆਰਾ ਹਲਕਾ ਗਿੱਦੜਬਾਹਾ ਵਿੱਚ ਦੋ ਵੱਖ-ਵੱਖ ਥਾਵਾਂ 'ਤੇ ਅਕਾਲੀ ਦਲ ਦੇ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦੇ ਦੋ ਚੋਣ ਦਫ਼ਤਰਾਂ ਦਾ ਉਦਘਾਟਨ ਕੀਤਾ ਗਿਆ ਸੀ ਅਤੇ ਆਪਣੇ ਪਿਤਾ ਸੁਖਬੀਰ ਨਾਲ ਚੋਣ ਪ੍ਰਚਾਰ ਦੌਰਾਨ ਵੀ ਕਈ ਸਟੇਜਾਂ 'ਤੇ ਦਿਖਾਈ ਦਿੱਤੇ ਸਨ।