ਸਿੱਖ ਕੱਕਾਰਾਂ ਦਾ ਨਿਰਾਦਰ ਕਰਨ ਲਈ ਕਾਂਗਰਸੀ ਮੰਤਰੀ ਖਿਲ਼ਾਫ ਕੇਸ ਦਰਜ ਕਰਨ ਅਤੇ ਗਿਰਫ਼ਤਾਰੀ ਦੀ ਮੰਗ ਕੀਤੀ
ਮੁੱਲਾਂਪੁਰ ਦਾਖਾ/15 ਅਕਤੂਬਰ:ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਰੋਡ ਸ਼ੋਅ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਇਆ ਅਤੇ ਕਾਂਗਰਸ ਸਰਕਾਰ ਨੂੰ ਮੁੱਖ ਮੰਤਰੀ ਦੇ ਕਾਫ਼ਲੇ ਉਤੇ ਫੁੱਲਾਂ ਦੀ ਵਰਖਾ ਕਰਨ ਲਈ ਪੰਜਾਬ ਪੁਲਿਸ ਦੇ ਕਰਮਚਾਰੀਆਂ ਦੀ ਮੱਦਦ ਲੈਣ ਪਈ, ਕਿਉਂਕਿ ਆਮ ਲੋਕਾਂ ਵੱਲੋਂ ਇਸ ਰੋਡ ਸ਼ੋਅ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਆਮ ਲੋਕ ਇਸ ਰੋਡ ਸ਼ੋਅ ਤੋਂ ਦੂਰ ਰਹੇ ਅਤੇ ਉਹਨਾਂ ਨੇ ਮੁੱਖ ਮੰਤਰੀ ਦਾ ਮੁਕੰਮਲ ਬਾਈਕਾਟ ਕੀਤਾ, ਕਿਉਂਕਿ ਉਹ ਕੈਪਟਨ ਨੂੰ ਆਮ ਲੋਕਾਂ ਨਾਲ ਵਿਸ਼ਵਾਸ਼ਘਾਤ ਦਾ ਦੋਸ਼ੀ ਮੰਨਦੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਹੁਣ ਛੋਟੇ ਕੈਪਟਨ ਯਾਨੀ ਕਾਂਗਰਸੀ ਉਮੀਦਵਾਰ ਸੰਦੀਪ ਸੰਧੂ ਵਿਚ ਵੀ ਕੋਈ ਭਰੋਸਾ ਨਹੀਂ ਰਿਹਾ, ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਆਪਣੇ ਬੌਸ ਕੈਪਟਨ ਅਮਰਿੰਦਰ ਵਾਂਗ ਉਹਨਾਂ ਨੂੰ ਧੋਖਾ ਦੇਵੇਗਾ। ਉਹਨਾਂ ਕਿਹਾ ਕਿ ਕਾਂਗਰਸੀ ਉਮੀਦਵਾਰ ਨੂੰ ਪਹਿਲਾਂ ਉਸ ਦੇ ਆਪਣੇ ਪਿੰਡ ਭਾਗ ਸਿੰਘ ਵਾਲਾ ਵੱਲੋਂ ਨਕਾਰਿਆ ਜਾ ਚੁੱਕਾ ਹੈ ਅਤੇ ਹੁਣ ਦਾਖਾ ਦੇ ਲੋਕਾਂ ਵੱਲੋਂ ਵੀ ਨਕਾਰਿਆ ਜਾਵੇਗਾ।
ਸਰਦਾਰ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਦਸਤਾਰ ਦਾ ਨਿਰਾਦਰ ਕਰਨ ਲਈ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵਿਰੁੱਧ ਕੇਸ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਇੱਕ ਸਿੱਖ ਨੌਜਵਾਨ ਉੱਤੇ ਹਮਲਾ ਅਤੇ ਉਸ ਦੇ ਕੱਕਾਰਾਂ ਦਾ ਨਿਰਾਦਰ ਕਰਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕਾਂਗਰਸੀ ਮੰਤਰੀ ਨੂੰ ਤੁਰੰਤ ਗਿਰਫ਼ਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਇਸ ਕੇਸ ਵਿਚ ਕਾਨੂੰਨ ਮੁਤਾਬਿਕ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਕਾਂਗਰਸ ਪਾਰਟੀ ਦੀ ਮਾਨਸਿਕਤਾ ਝਲਕਦੀ ਹੈ, ਜਿਸ ਨੇ ਹਮੇਸ਼ਾਂ ਸਿੱਖਾਂ ਨਾਲ ਵਿਤਕਰਾ ਕੀਤਾ ਹੈ, ਉਹਨਾਂ ਦੇ ਧਾਰਮਿਕ ਅਸਥਾਨਾਂ ਉਤੇ ਹਮਲੇ ਕੀਤੇ ਹਨ ਅਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਹੈ।
ਇਸ ਤੋਂ ਪਹਿਲਾਂ ਜਨਤਕ ਮੀਟਿੰਗਾਂ ਵਿਚ ਅਕਾਲੀ ਦਲ ਦੇ ਉਮੀਦਵਾਰ ਸਰਦਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬ ਦੇ ਲੋਕੀ ਅਜਿਹੇ ਮੁੱਖ ਮੰਤਰੀ ਕੋਲੋਂ ਕੋਈ ਉਮੀਦ ਨਹੀਂ ਰੱਖ ਸਕਦੇ, ਜਿਹੜਾ ਸ੍ਰੀ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੀ ਝੂਠੀ ਸਹੁੰ ਖਾ ਚੁੱਕਿਆ ਹੋਵੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਦੀ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਿਚ ਨਾਕਾਮੀ ਕਰਕੇ 1400 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਕਿਹਾ ਕਿ ਖੇਤੀ ਕਰਜ਼ੇ ਮੁਆਫ ਨਹੀਂ ਕੀਤੇ ਗਏ ਹਨ। ਪਰ ਕਿਸਾਨਾਂ ਦੀ ਕੁਰਕੀ ਸ਼ੁਰੂ ਹੋ ਗਈ ਹੈ।ਇਸੇ ਤਰ੍ਹਾਂ ਨੌਜਵਾਨਾਂ ਨੂੰ ਵਾਅਦੇ ਅਨੁਸਾਰ ਘਰ ਘਰ ਨੌਕਰੀ ਸਕੀਮ ਅਧੀਨ ਨੌਕਰੀਆਂ ਨਹੀਂ ਦਿੱਤੀਆਂ ਗਈਆਂ। ਆਪਣੀ ਜਾਇਜ਼ ਮੰਗਾਂ ਲਈ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੂੰ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਿਸਾਨਾਂ, ਖੇਤ ਮਜ਼ਦੂਰਾਂ, ਨੌਜਵਾਨਾਂ, ਦਲਿਤਾਂ ਅਤੇ ਸਰਕਾਰੀ ਕਰਮਚਾਰੀਆਂ ਲਈ ਇਨਸਾਫ ਮੰਗਣ ਦਾ ਸਮਾਂ ਆ ਗਿਆ ਹੈ,ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਸਾਰਿਆਂ ਦੀ ਦੁਰਦਸ਼ਾ ਲਈ ਛੋਟਾ ਕੈਪਟਨ ਸੰਦੀਪ ਸੰਧੂ ਵੀ ਵੱਡੇ ਕੈਪਟਨ ਅਮਰਿੰਦਰ ਸਿੰਘ ਜਿੰਨਾ ਹੀ ਜ਼ਿੰਮੇਵਾਰ ਹੈ। ਉਹਨਾਂ ਲੋਕਾਂ ਨੂੰ ਕਾਂਗਰਸੀ ਉਮੀਦਵਾਰ ਨੂੰ ਨਕਾਰ ਕੇ ਇਹ ਸੁਨੇਹਾ ਭੇਜਣ ਦੀ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਹੱਥੋਂ ਦੁਬਾਰਾ ਬੇਵਕੂਫ ਨਹੀਂ ਬਣਨਗੇ।