ਪੱਛਮੀ ਤਰਜ ਦੀ ਆਧੁਨਿਕ ਸਿੱਖਿਆ ਦੇ ਨਾਲ ਨੈਤਿਕ ਮੁਨੱਖੀ ਕਦਰਾਂ ਕੀਮਤਾਂ ਲੈ ਕੇ ਚੱਲਣਾ ਜ਼ਰੂਰੀ: ਦਲਾਈ ਲਾਮਾ
ਚੰਡੀਗੜ੍ਹ ਯੂਨੀਵਰਸਿਟੀ ਵਿਖੇ 550ਵੇਂ ਪ੍ਰਕਾਸ਼ ਦਿਹਾੜੇ ਦੇ ਸਨਮੁੱਖ 40 ਦੇਸ਼ਾਂ ਦੇ ਵੱਖ-ਵੱਖ ਧਰਮਾਂ ਨਾਲ ਸਬੰਧਤ ਵਿਦਿਆਰਥੀਆਂ ਨੂੰ ਧਰਮ ਨਿਰੱਪਖ ਨੈਤਿਕਤਾ ਦਾ ਪੜ੍ਹਾਇਆ ਪਾਠ
ਚੀਨ ਅਤੇ ਭਾਰਤ ਦੀ ਪਰਸਪਰ ਵਪਾਰਕ ਨਿਰਭਰਤਾ ਕਰਕੇ ਦੋਵਾਂ ਦੇਸ਼ਾਂ ਵਿਚਾਲੇ ਸੰਜਮ ਜ਼ਰੂਰੀ: ਦਲਾਈ ਲਾਮਾ
ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ, ਉਪਦੇਸ਼ ਅਤੇ ਫਲਸਫ਼ਾ ਅੱਜ ਵੀ ਵਿਸ਼ਵ ਸ਼ਾਂਤੀ, ਭਾਈਚਾਰਕ ਸਾਂਝ, ਮਨੁੱਖੀ ਕਦਰਾਂ ਕੀਮਤਾਂ ਤੇ ਧਰਮ ਨਿਰਪੱਖਤਾ ਲਈ ਸਾਰਥਿਕ ਹਨ ਅਤੇ ਦੁਨੀਆਂ ਦੇ ਲੋਕਾਂ, ਰਾਜਸੀ ਆਗੂਆਂ ਨੂੰ ਬਾਬੇ ਨਾਨਕ ਦੀ ਵਿਚਾਰਧਾਰਾ ਤੋਂ ਸਬਕ ਲੈ ਕੇ ਚੱਲਣਾ ਚਾਹੀਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਤਿੱਬਤੀਆਂ ਦੇ ਅਧਿਆਤਮਿਕ ਤੇ ਰਾਜਸੀ ਆਗੂ ਸ੍ਰੀ ਦਲਾਈ ਲਾਮਾ ਨੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਸਬੰਧੀ ਜਾਣੂ ਕਰਵਾਉਂਦੇ ਹੋਏ ਵਿਦਿਆਰਥੀਆਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।ਇਸ ਮੌਕੇ ਵਿਸ਼ਵ ਪ੍ਰਸਿੱਧ ਅਧਿਆਤਮਿਕ ਤੇ ਰਾਜਸੀ ਆਗੂ ਸ੍ਰੀ ਦਲਾਈ ਲਾਮਾ ਨੇ 40 ਦੇਸ਼ਾਂ ਅਤੇ 29 ਭਾਰਤੀ ਸੂਬਿਆਂ ਦੇ ਦੇ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਹਜ਼ਾਰਾਂ ਵਿਦਿਆਰਥੀਆਂ ਨੂੰ 'ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਸੰਦਰਭ ਵਿੱਚ ਧਰਮ ਨਿਰਪੱਖ ਨੈਤਿਕਤਾ' ਵਿਸੇ 'ਤੇ ਵਿਦਿਆਰਥੀਆਂ ਨਾਲ ਵਿਚਾਰ ਗੋਸ਼ਟੀ ਕੀਤੀ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ ਆਰ.ਐਸ ਬਾਵਾ, ਪ੍ਰੋ ਵਾਈਸ ਚਾਂਸਲਰ ਬੀ.ਐਸ ਸੋਹੀ ਅਤੇ ਵਾਈਸ ਪ੍ਰੈਜ਼ੀਡੈਂਟ ਡੀ.ਪੀ. ਸਿੰਘ ਦੀ ਮੌਜੂਦਗੀ ਵਿੱਚ 'ਵਰਸਿਟੀ ਦੇ ਤਿੱਬਤੀ ਵਿਦਿਆਰਥੀਆਂ ਵੱਲੋਂ ਸ੍ਰੀ ਦਲਾਈ ਲਾਮ ਦਾ ਤਿੱਬਤਨ ਰਿਵਾਇਤੀ ਢੰਗ ਨਾਲ ਭਰਵਾਂ ਸਵਾਗਤ ਕੀਤਾ ਗਿਆ।ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸ੍ਰੀ ਦਲਾਈ ਲਾਮਾ ਜੀ ਨੂੰ ਵਿਸ਼ਵ ਅਧਿਆਤਮਕ ਆਗੂ ਦੇ ਖ਼ਿਤਾਬ ਨਾਲ ਸਨਮਾਨਿਆ ਗਿਆ। ਜ਼ਿਕਰਯੋਗ ਹੈ ਕਿ ਇਸ ਦੌਰਾਨ ਦਲਾਈ ਲਾਮਾ ਯੂਨੀਵਰਸਿਟੀ ਦੇ ਮੁੱਖ ਗੇਟ ਤੋਂ ਖੁੱਲ੍ਹੀ ਵੈਨ ਰਾਹੀਂ ਮੁੱਖ ਪੰਡਾਲ ਪਹੁੰਚੇ ਜਿਸ ਦੌਰਾਨ 'ਵਰਸਿਟੀ ਦੇ ਹਜ਼ਾਰਾਂ ਵਿਦਿਆਰਥੀਆਂ ਵੱਲੋਂ ਤਿੱਬਤੀ ਅਧਿਆਤਮਿਕ ਆਗੂ ਦਾ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ।
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਸਮਾਗਮ ਦੌਰਾਨ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਦਲਾਈ ਲਾਮਾ ਨੇ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਨਾਨਕ ਦੇਵ ਜੀ ਬੇਸ਼ੱਕ ਹਿੰਦੂ ਪਰਿਵਾਰ ਨਾਲ ਸੰਬੰਧਿਤ ਸਨ ਪਰ ਉਨ੍ਹਾਂ ਨੇ ਧਰਮ ਨਿਰਪੱਖਤਾ, ਭਾਈਚਾਰਕ ਸਾਂਝ ਦੇ ਉਪਦੇਸ਼ਾਂ ਨਾਲ ਇੱਕ ਨਵੀਂ ਵਿਚਾਰਧਾਰਾ ਨੂੰ ਜਨਮ ਦਿੱਤਾ।ਉਨ੍ਹਾਂ ਦੇ ਉਪਦੇਸ਼ਾਂ ਅਤੇ ਸਿੱਖਿਆਵਾਂ ਦੇ ਚਲਦੇ ਉਨ੍ਹਾਂ ਨੇ 15ਵੀਂ ਸਦੀ ਵਿੱਚ ਵਿਸ਼ਵ ਨੂੰ ਭਾਈਚਾਰਕ ਅਤੇ ਸਾਂਝ ਅਤੇ ਧਰਮਨਿਰਪੱਖਤਾ ਦਾ ਸੰਦੇਸ਼ ਦੇ ਕੇ ਮਨੁੱਖਤਾ ਦੀ ਭਲਾਈ ਲਈ ਵੱਡਮੁੱਲਾ ਯੋਗਦਾਨ ਪਾਇਆ।ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦਾ ਫਲਸਫ਼ਾ, ਉਨ੍ਹਾਂ ਦਾ ਮਾਰਗ ਹਰ ਦੇਸ਼ ਤੇ ਹਰ ਕੌਮ ਦੇ ਉਸ ਪ੍ਰਾਣੀ ਲਈ ਹੈ ਜੋ ਸੱਚ ਦਾ ਪਾਧੀ ਹੋਵੇ, ਸ਼ਾਂਤੀ ਤੇ ਮਨੁੱਖੀ ਏਕਤਾ ਦਾ ਚਾਹਵਾਨ ਹੋਵੇ।ਉਨ੍ਹਾਂ ਕਿਹਾ ਕਿ ਅਜੋਕੀ ਪੀੜ੍ਹੀ ਨੂੰ ਸ੍ਰੀ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨੂੰ ਗ੍ਰਹਿਣ ਕਰਦੇ ਹੋਏ ਸਮਾਜਿਕ ਕੁਰੀਤੀਆਂ ਤੋਂ ਦੂਰ ਹੁੰਦੇ ਹੋਏ ਕੁਦਰਤੀ ਖ਼ਜ਼ਾਨਿਆਂ ਨੂੰ ਸਾਂਭਣ ਅਤੇ ਧਰਮ ਨਿਰੱਪਖ ਨੈਤਿਕਤਾ ਵੱਲ ਕਾਰਜਸ਼ੀਲ ਹੋਣਾ ਚਾਹੀਦਾ ਹੈ।
ਚੰਡੀਗੜ੍ਹ ਯੂਨੀਵਰਸਿਟੀ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੱਛਮੀ ਤਰਜ਼ ਦੀ ਆਧੁਨਿਕ ਸਿੱਖਿਆ ਨੂੰ ਅਪਣਾਉਣ ਦੀ ਦੌੜ ਵਿੱਚ ਅਸੀਂ ਮਨੁੱਖ ਕਦਰਾਂ ਕੀਮਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਬਿਨ੍ਹਾਂ ਸ਼ੱਕ ਆਧੁਨਿਕ ਤਰਜ਼ ਦੀ ਸਿੱਖਿਆ ਨੇ ਸਾਇੰਸ, ਤਕਨਾਲੋਜੀ, ਖੋਜ਼ ਖੇਤਰ ਵਿੱਚ ਵੱਡੇ ਮੁਕਾਮ ਹਾਸਲ ਕਰ ਲਏ ਹੋਣਗੇ ਪਰ ਹੁਣ ਇਹ ਸਿੱਖਿਆ ਭੌਤਿਕ ਅਤੇ ਪਦਾਰਥਵਾਦੀ ਰੁਝਾਨ ਦੀ ਹੋੜ ਕਰਕੇ ਮੁਨੱਖੀ ਕਰਦਾਂ ਕੀਮਤਾਂ ਤੇ ਨੈਤਿਕਤਾ ਬਹੁਤ ਪਿੱਛੇ ਰਹਿ ਗਈਆਂ ਹਨ।ਉਨ੍ਹਾਂ ਕਿਹਾ ਕਿ ਉਹ ਜਦੋਂ ਅਮਰੀਕਾ ਦੇ ਅਰਬਾਂਪਤੀ ਅਤੇ ਖ਼ੁਸ਼ਹਾਲ ਲੋਕਾਂ ਨੂੰ ਮਿਲਦੇ ਹਨ ਤਾਂ ਪਤਾ ਚਲਦਾ ਹੈ ਕਿ ਭੌਤਿਕਵਾਦੀ ਲੋੜ੍ਹਾਂ ਦੀ ਅਸੀਮਤ ਪੂਰਤੀ ਦੇ ਬਾਵਜੂਦ ਉਨ੍ਹਾਂ ਦੇ ਜੀਵਨ ਵਿੱਚ ਖਾਲੀਪਣ, ਉਦਾਸਹੀਣਤਾ ਅਤੇ ਆਤਮਿਕ ਸ਼ਾਂਤੀ ਅਲੋਪ ਹੋ ਗਈ ਹੈ, ਜਿਸ ਦੇ ਅੰਤਰਗਤ ਜ਼ਰੂਰੀ ਹੈ ਕਿ ਆਧੁਨਿਕ ਸਿੱਖਿਆ ਦੇ ਨਾਲ ਨਾਲ ਭਾਰਤ ਦੀ ਮਹਾਨ ਨੈਤਿਕਤਾ ਅਤੇ ਵਿਰਾਸਤੀ ਸਿੱਖਿਆ ਨੂੰ ਨਾਲ ਲੈ ਕੇ ਚੱਲਿਆ ਜਾਵੇ, ਤਾਂ ਕਿ ਇਸ ਪਦਾਰਥਵਾਦੀ ਹੋੜ ਵਿੱਚ ਮਨੁੱਖਤਾ ਅਲੋਪ ਨਾ ਹੋ ਜਾਵੇ।ਇਸ ਦੌਰਾਨ ਉਨ੍ਹਾਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਮਨੁੱਖੀ ਕਦਰਾਂ ਕੀਮਤਾਂ ਅਤੇ ਮੁੱਲਾਂ 'ਤੇ ਆਧਾਰਿਤ ਵਿਸ਼ੇ ਅਪਣਾਉਣ ਦੀ ਸ਼ਲਾਘਾ ਕੀਤੀ।
ਪੱਤਰਕਾਰਾਂ ਵੱਲੋਂ ਚੀਨ ਦੇ ਪ੍ਰੈਜ਼ੀਡੈਂਟ ਜ਼ੀ ਜ਼ਿਨਪਿੰਗ ਦੀ ਭਾਰਤ ਫੇਰੀ ਸਬੰਧੀ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਸ੍ਰੀ ਦਲਾਈ ਲਾਮਾ ਨੇ ਕਿਹਾ ਕਿ ਭਾਰਤ ਅਤੇ ਚੀਨ ਦੁਨੀਆਂ ਦੇ ਸੱਭ ਤੋਂ ਵੱਡੀ ਆਬਾਦੀ ਵਾਲੇ ਦੇਸ਼ ਹਨ ਜਿਸ ਦੇ ਅੰਤਰਗਤ ਇਨ੍ਹਾਂ ਦਾ ਗੱਲਬਾਤ ਦੇ ਮੰਚ 'ਤੇ ਇਕੱਠਾ ਹੋਣਾ ਮਹੱਤਵਪੂਰਣ ਹੈ।ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਗੱਲਬਾਤ ਰਾਹੀਂ ਦੁਵੱਲੇ ਮਸਲਿਆਂ ਦੇ ਹੱਲ ਦਾ ਹਾਮੀ ਰਹੇ ਹਨ ਅਤੇ ਉਮੀਦ ਹੈ ਕਿ ਭਾਰਤ-ਚੀਨ ਦੀ ਗੱਲਬਾਤ ਦੇ ਭਵਿੱਖ ਵਿੱਚ ਸਾਰਥਕ ਨਤੀਜੇ ਸਾਹਮਣੇ ਆਉਣਗੇ।ਉਨ੍ਹਾਂ ਕਿਹਾ ਵਪਾਰਕ ਕਾਰਨਾਂ ਕਰਕੇ ਦੋਵੇਂ ਦੇਸ਼ ਇੱਕ ਦੂਜੇ 'ਤੇ ਨਿਰਭਰ ਹਨ ਜਿਸ ਦੇ ਚਲਦੇ ਭਾਰਤ-ਚੀਨ ਦਾ ਇੱਕ ਦੂਜੇ ਬਿਨ੍ਹਾਂ ਸਰ ਨਹੀਂ ਸਕਦਾ ਜੋ ਉਨ੍ਹਾਂ ਦੀ ਅਰਥਵਿਵਸਥਾ ਦੀ ਉਸਾਰੀ ਲਈ ਜ਼ਰੂਰੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਭਾਰਤ ਦਾ ਲੋਕਤੰਤਰੀ ਢਾਂਚਾ ਚੀਨ ਦੇ ਲੋਕਾਂ ਨੂੰ ਦੱਸਦਾ ਹੈ ਕਿ ਆਜ਼ਾਦੀ ਦੇ ਅਸਲ ਮਾਈਨੇ ਕੀ ਹਨ।ਪਾਕਿਸਤਾਨ ਅਤੇ ਭਾਰਤ ਦੇ ਸਬੰਧਾਂ ਬਾਰੇ ਬੋਲਦਿਆਂ ਸ੍ਰੀ ਦਲਾਈ ਲਾਮਾ ਨੇ ਕਿਹਾ ਕਿ ਪਾਕਿਸਤਾਨ ਦੀ ਆਪਣੇ ਗੁਆਂਢੀ ਮੁਲਕ ਭਾਰਤ ਦੀ ਆਰਥਿਕਤਾ 'ਤੇ ਨਿਰਭਰਤਾ ਹੋਣ ਕਰਕੇ ਪਾਕਿਸਤਾਨ ਨੂੰ ਵੀ ਭਾਰਤ ਨਾਲ ਗੱਲਬਾਤ ਰਾਹੀਂ ਸਬੰਧ ਬਿਹਤਰ ਕਰਨੇ ਚਾਹੀਦੇ ਹਨ। ਸ੍ਰੀ ਦਲਾਈ ਲਾਮਾ ਨੇ ਯੂਐਨ ਦੇ ਮੰਚ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਦਿਖਾਈ ਗਈ ਹਲੀਮੀ, ਸੰਜਮ ਅਤੇ ਸਹਿਜਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਵੱਲੋਂ ਬੁੱਧ ਧਰਮ ਦੀ ਉਦਾਹਰਨ ਨਾਲ ਸਾਂਤੀ ਦੀ ਗੱਲ ਕਰਨ ਦੇ ਵੱਡੇ ਮਾਇਨੇ ਹਨ ਜਦ ਕਿ ਇਸ ਦੇ ਉਲਟ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵੱਲੋਂ ਜ਼ਜਬਾਤੀ ਭਾਸ਼ਣ ਦੇਣ ਨਾਲ ਚੰਗਾ ਸੰਦੇਸ਼ ਨਹੀਂ ਗਿਆ।ਉਨ੍ਹਾਂ ਕਿਹਾ ਕਿ ਵਿਸ਼ਵ ਭਰ ਦੇ ਆਗੂਆਂ ਨੂੰ ਬੋਲਣ ਲੱਗਿਆਂ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਜਜ਼ਬਾਤੀ ਭਾਸ਼ਣ ਤੋਂ ਪ੍ਰਹੇਜ਼ ਕਰਨਾ ਚਾਹੀਦ ਹੈ।
ਇਸ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ 'ਵਰਸਿਟੀ ਲਈ ਮਾਣ ਵਾਲੀ ਗੱਲ ਹੈ ਕਿ ਵਿਸ਼ਵ ਪ੍ਰਸਿੱਧ ਅਧਿਆਤਮਿਕ ਤੇ ਰਾਜਸੀ ਆਗੂ ਸ੍ਰੀ ਦਲਾਈ ਲਾਮਾ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦਿਆਂ ਸ੍ਰੀ ਗੂਰੂ ਨਾਨਕ ਦੇਵ ਜੀ ਫਲਸਫ਼ੇ ਬਾਰੇ ਦੇਸ਼-ਵਿਦੇਸ਼ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਉਨ੍ਹਾਂ ਦੇ ਵਿਚਾਰਾਂ, ਸਿੱਖਿਆਵਾਂ ਨੂੰ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੱਤੀ।ਉਨ੍ਹਾਂ ਕਿਹਾ ਕਿ ਸ੍ਰੀ ਦਲਾਈ ਲਾਮਾ ਵਰਗੀ ਉੱਚ ਸਖ਼ਸ਼ੀਅਤ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੇ ਪਰਿਪੇਖ ਵਿੱਚ ਬੋਲਣਾ ਬਹੁਤ ਮਹੱਤਵਪੂਰਣ ਸਥਾਨ ਰੱਖਦਾ ਹੈ।