ਜ਼ਿਲ੍ਹਾ ਪੁਲਿਸ ਵੱਲੋਂ 21 ਅਕਤੂਬਰ ਨਵਾਂਸ਼ਹਿਰ ਵਿਖੇ ਜ਼ਿਲ੍ਹਾ ਪੱਧਰੀ ਸ਼ਹੀਦੀ ਸਮਾਗਮ ਨੂੰ ਕੀਤਾ ਜਾਵੇਗਾ
ਬੰਗਾ, 15 ਅਕਤੂਬਰ,2019: ਪੰਜਾਬ ਦੇ ਕਾਲੇ ਦਿਨਾਂ ਦੌਰਾਨ ਅੰਦਰੂਨੀ ਏਕਤਾ ਤੇ ਅਖੰਡਤਾ ਲਈ ਬੰਗਾ ਇਲਾਕੇ ਦੇ ਸ਼ਹਾਦਤਾਂ ਦੇਣ ਵਾਲੇ 6 ਪੁਲਿਸ ਕਰਮੀਆਂ ਨੂੰ ਅੱਜ ਵੀ ਉਨ੍ਹਾਂ ਵੱਲੋਂ ਅਮਨ ਦੀ ਬਹਾਲੀ ’ਚ ਪਾਏ ਮਾਣਮੱਤੇ ਯੋਗਦਾਨ ਲਈ ਯਾਦ ਕੀਤਾ ਜਾਂਦਾ ਹੈ। ਜ਼ਿਲ੍ਹਾ ਪੁਲਿਸ ਵੱਲੋਂ ਇਸ ਵਾਰ ਵੀ ਆਪਣੇ ਸ਼ਹੀਦਾਂ ਨੂੰ 21 ਅਕਤੂਬਰ ਨੂੰ ਨਵਾਂਸ਼ਹਿਰ ਵਿਖੇ ਆਈ ਟੀ ਆਈ ਗਰਾਊਂਡ ਵਿਖੇ ਕੀਤੇ ਜਾਣ ਵਾਲੇ ਜ਼ਿਲ੍ਹਾ ਪੱਧਰੀ ਸ਼ਹੀਦੀ ਸਮਾਗਮ ਦੌਰਾਨ ਯਾਦ ਕੀਤਾ ਜਾਵੇਗਾ।
ਡੀ.ਐਸ.ਪੀ. ਬੰਗਾ ਸਬ ਡਵੀਜ਼ਨ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਪੰਜਾਬ ਪੁਲਿਸ ਆਪਣੇ ਇਨ੍ਹਾਂ ਸ਼ਹੀਦਾਂ ਦੀ ਗੌਰਵਮਈ ਗਾਥਾ ਨੂੰ ਕਦੇ ਵੀ ਨਹੀਂ ਭੁਲਾ ਸਕਦੀ ਅਤੇ ਪੁਲਿਸ ਨੂੰ ਹਮੇਸ਼ਾਂ ਆਪਣੇ ਇਨ੍ਹਾਂ ਸ਼ਹੀਦਾਂ ਦੇ ਬਲੀਦਾਨ ’ਤੇ ਮਾਣ ਰਹੇਗਾ। ਉਨ੍ਹਾਂ ਬੰਗਾ ਇਲਾਕੇ ਦੇ ਅਤਿਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਕਰਮੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ ਏ.ਐਸ.ਆਈ ਅਵਤਾਰ ਸਿੰਘ (ਨੰ. 563/ਜਲੰਧਰ ਵਾਸੀ ਗਾਂਧੀ ਨਗਰ, ਬੰਗਾ) ਜੋ 06-01-1946 ਨੂੰ ਜਨਮੇ ਸਨ, 01-03-1966 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ ਮਿਤੀ 07-07-1990 ਨੂੰ ਪਿੰਡ ਜਮਾਲਪੁਰ ਥਾਣਾ ਸਦਰ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਿਖੇ ਪੈਟਰੋੋਲਿੰਗ ਕਰਦੇ ਸਮੇਂ ਮਾਰੂਤੀ ਕਾਰ ਵਿੱਚ ਸਵਾਰ ਅਤਿਵਾਦੀਆ ਵੱਲੋਂ ਕੀਤੀ ਫਾਇਰਿੰਗ ਵਿੱਚ ਸ਼ਹੀਦ ਹੋ ਗਏ ਸਨ।
ਸ਼ਹੀਦ ਮੁੱਖ ਸਿਪਾਹੀ ਪਰਵੀਨ ਕੁਮਾਰ (ਨੰ. 1026/ਰੋਪੜ ਵਾਸੀ ਮੁਹੱਲਾ ਕਿ੍ਰਸ਼ਨਾ ਨਗਰ, ਬੰਗਾ) 09-04-1960 ਨੂੰ ਜਨਮੇ ਸਨ ਤੇ ਮਿਤੀ 17-09-1979 ਨੂੰ ਪੁਲਿਸ ’ਚ ਭਰਤੀ ਹੋਏ ਸਨ। ਉਹ ਮਿਤੀ 18-11-1992 ਨੂੰ ਪੈਟਰੋਲਿੰਗ ਡਿਊਟੀ ਦੌਰਾਨ ਖਰੜ ਵਿਖੇ ਅਤਿਵਾਦੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਇਸੇ ਤਰ੍ਹਾਂ ਸ਼ਹੀਦ ਸਿਪਾਹੀ ਗੁਰਦਾਵਰ ਰਾਮ (ਨੰ. 4587/ਮਜੀਠਾ ਵਾਸੀ ਪਿੰਡ ਘੁੰਮਣਾ, ਤਹਿਸੀਲ ਬੰਗਾ) 12-04-1965 ਨੂੰ ਜਨਮੇ ਸਨ ਤੇ 11-08-1989 ਨੂੰ ਪੁਲਿਸ ’ਚ ਭਰਤੀ ਹੋਏ। ਉਹ ਮਿਤੀ 20-11-1989 ਨੂੰ ਪੈਟਰੋਲਿੰਗ ਡਿਊਟੀ ਦੌਰਾਨ ਪਿੰਡ ਫੱਤੂ ਤਿਲਾ ਜ਼ਿਲ੍ਹਾ ਅੰਮਿ੍ਰਤਸਰ ਵਿਖੇ ਅਤਿਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਏ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਸ਼ਹੀਦ ਪੀ.ਐਚ.ਜੀ ਸੁਸ਼ੀਲ ਕੁਮਾਰ (ਨੰ. 14165 ਵਾਸੀ ਪਿੰਡ ਸੰਧਵਾ ਤਹਿਸੀਲ ਬੰਗਾ) ਮਿਤੀ 01-06-1991 ਨੂੰ ਨੂਰਮਹਿਲ ਜ਼ਿਲ੍ਹਾ ਜਲੰਧਰ ਵਿਖੇ ਅਤਿਵਾਦੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਪੀ.ਐਚ.ਜੀ. ਅਵਤਾਰ ਸਿੰਘ (ਨੰ. 27179 ਵਾਸੀ ਪਿੰਡ ਭਰੋਮਜਾਰਾ ਤਹਿਸੀਲ ਬੰਗਾ) 08-03-1988 ਨੂੰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਅੱਤਵਾਦੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ। ਸ਼ਹੀਦ ਪੀ.ਐਚ.ਜੀ. ਅਮਰਜੀਤ ਸਿੰਘ ਵਾਸੀ ਪਿੰਡ ਬਾੜ੍ਹਮਜਾਰਾ ਤਹਿਸੀਲ ਬੰਗਾ 06-05-1990 ਨੂੰ ਅੱਤਵਾਦੀ ਮੁਕਾਬਲੇ ਦੌਰਾਨ ਸ਼ਹੀਦ ਹੋ ਗਏ ਸਨ।
ਸ੍ਰੀ ਮਾਹਲ ਨੇ ਕਿਹਾ ਕਿ ਸਾਨੂੰ ਆਪਣੇ ਇਨ੍ਹਾਂ ਬਹਾਦਰ ਸਾਥੀਆਂ ਵੱਲੋਂ ਸ਼ਾਂਤੀ ਬਰਕਰਾਰ ਰੱਖਣ ਲਈ ਅਤੇ ਬਾਹਰੀ ਤਾਕਤਾਂ ਦੇ ਮਨਸੂਬਿਆਂ ਨੂੰ ਅਸਫ਼ਲ ਬਣਾਉਣ ਲਈ ਦਿੱਤੀਆਂ ਕੁਰਬਾਨੀਆਂ ’ਤੇ ਹਮੇਸ਼ਾਂ ਮਾਣ ਰਹੇਗਾ ਅਤੇ ਜ਼ਿਲ੍ਹਾ ਪੁਲਿਸ ਸ਼ਹੀਦ ਪੁਲਿਸ ਕਰਮੀਆਂ ਦੇ ਪਰਿਵਾਰਾਂ ਨਾਲ ਹਮੇਸ਼ਾਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।