ਲੁਧਿਆਣਾ 14 ਅਕਤੂਬਰ 2019: ਪੰਜਾਬੀ ਸਾਹਿੱਤ ਅਕਾਡਮੀ ਦੇ ਜੀਵਨ ਮੈਂਬਰ ਤੇ ਉੱਘੇ ਪੰਜਾਬੀ ਲੇਖਕ ਸ:ਈਸ਼ਰ ਸਿੰਘ ਸੋਬਤੀ ਜੀ ਜੂਨ ਮਹੀਨੇ ਸੌ ਸਾਲ ਦੀ ਉਮਰ ਮਾਣ ਚੁਕੇ ਹਨ। ਉਨ੍ਹਾਂ ਦੀ ਸ਼ਾਨ ਚ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਯੰਗ ਰਾਈਟਰਜ਼ ਅਸੋਸੀਏਸ਼ਨ ਦੇ ਸਹਿਯੋਗ ਨਾਲ 15
ਅਕਤੂਬਰ, ਮੰਗਲਵਾਰ ਸ਼ਾਮ ਤਿੰਨ ਵਜੇ
ਸ: ਈਸ਼ਰ ਸਿੰਘ ਸੋਬਤੀ ਸਨਮਾਨ ਸਮਾਗਮ ਕੀਤਾ ਜਾ ਰਿਹਾ ਹੈ।
ਯੂਨੀਵਰਸਿਟੀ ਵਿਦਿਆਰਥੀਆਂ ਦੇ ਰੂਬਰੂ ਹੋਣ ਸਮੇਂ ਸ਼ਤਾਬਦੀ ਜਿੱਡੇ ਲੇਖਕ ਸ: ਈਸ਼ਰ ਸਿੰਘ ਸੋਬਤੀ ਆਪਣੇ ਜੀਵਨ ਤਜ਼ਰਬੇ ਵੀ ਸਾਂਝੇ ਕਰਨਗੇ।
ਸ: ਈਸ਼ਰ ਸਿੰਘ ਸੋਬਤੀ ਬਾਰੇ ਯੰਗ ਰਾਈਟਰਟਰਜ਼ ਅਸੋਸੀਏਸ਼ਨ ਦੇ ਬਾਨੀ ਪ੍ਰੋਫੈਸਰ ਇੰਚਾਰਜ ਤੇ ਉੱਘੇ ਵਿਦਵਾਨ ਡਾ: ਸ ਨ ਸੇਵਕ, ਪ੍ਰਿੰ: ਕ੍ਰਿਸ਼ਨ ਸਿੰਘ,ਸ: ਜਸਵੰਤ ਸਿੰਘ ਅਮਨ ਤੇ ਡਾ: ਗੁਲਜ਼ਾਰ ਸਿੰਘ ਪੰਧੇਰ ਵਿਚਾਰ ਪੇਸ਼ ਕਰਨਗੇ।
ਸਮਾਗਮ ਦੇ ਪ੍ਰਧਾਨਗੀ ਮੰਡਲ ਚ ਡਾ: ਰਵਿੰਦਰ ਕੌਰ ਧਾਲੀਵਾਲ ਨਿਰਦੇਸ਼ਕ ਵਿਦਿਆਰਥੀ ਭਲਾਈ, ਪ੍ਰੋ: ਰਵਿੰਦਰ ਭੱਠਲ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ, ਦਰਸ਼ਨ ਬੁੱਟਰ ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਗੁਰਭਜਨ ਗਿੱਲ ਕਰਨਗੇ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਸਵਾਗਤੀ ਸ਼ਬਦ ਕਹਿਣਗੇ। ਮੰਚ ਸੰਚਾਲਨ ਡਾ: ਦੇਵਿੰਦਰ ਦਿਲਰੂਪ ਪ੍ਰੋਫੈਸਰ ਇੰਚਾਰਜ ਯੰਗ ਰਾਈਟਰਜ਼ ਅਸੋਸੀਏਸ਼ਨ ਕਰਨਗੇ।
ਇਹ ਜਾਣਕਾਰੀ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਤੇ ਸਕੱਤਰ ਤੇ ਕਨਵੀਨਰ ਪ੍ਰਿੰ: (ਡਾ: )ਗੁਰਇਕਬਾਲ ਸਿੰਘ ਨੇ ਦਿੱਤੀ।