ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਨਾਲ ਹਮੇਸ਼ਾ ਡਟ ਕੇ ਖੜ੍ਹੀ ਰਹੀ ਹੈ: ਐਸ.ਐਸ.ਪੀ.
· ਕਾਲੇ ਦੌਰ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਜ਼ਿਲ੍ਹੇ ਦੇ 35 ਜਵਾਨਾਂ ਦੇ ਆਸ਼ਰਿਤਾਂ ਨੂੰ ਪੈਨਸ਼ਨਾਂ, ਨੌਕਰੀਆਂ ਤੇ ਬਣਦਾ ਮਾਣ-ਸਤਿਕਾਰ ਦਿੱਤਾ ਗਿਆ
· 21 ਅਕਤੂਬਰ ਨੂੰ ਦਿੱਤੀ ਜਾਵੇਗੀ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ
ਐਸ.ਏ.ਐਸ. ਨਗਰ, 14 ਅਕਤੂਬਰ, 2019:
ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਅੱਜ ਇੱਥੇ ਕਿਹਾ ਕਿ ਪੰਜਾਬ ਪੁਲਿਸ ਆਪਣੇ ਮੁਲਾਜ਼ਮਾਂ ਨਾਲ ਹਮੇਸ਼ਾ ਡਟ ਕੇ ਖੜ੍ਹੀ ਰਹੀ ਹੈ। ਪੰਜਾਬ ਵਿੱਚ ਕਾਲੇ ਦੌਰ ਸਮੇਤ ਵੱਖ-ਵੱਖ ਕਾਰਵਾਈਆਂ ਦੌਰਾਨ ਖ਼ਿੱਤੇ ਵਿੱਚ ਸ਼ਾਂਤੀ ਬਹਾਲੀ ਲਈ ਜੂਝਣ ਵਾਲੇ ਜਵਾਨਾਂ ਦੀ ਸ਼ਹਾਦਤ ਪਿੱਛੋਂ ਉਨ੍ਹਾਂ ਦੇ ਆਸ਼ਰਿਤਾਂ ਨੂੰ ਢੁਕਵੀਆਂ ਨੌਕਰੀਆਂ, ਪੈਨਸ਼ਨਾਂ ਅਤੇ ਬਣਦਾ ਮਾਣ ਸਤਿਕਾਰ ਦਿੱਤਾ ਗਿਆ ਹੈ।
ਇੱਥੇ ਜਾਰੀ ਬਿਆਨ ਵਿੱਚ ਸ੍ਰੀ ਚਾਹਲ ਨੇ ਦੱਸਿਆ ਕਿ ਕਾਲੇ ਦੌਰ ਦੌਰਾਨ ਜ਼ਿਲ੍ਹੇ ਦੇ 35 ਜਵਾਨਾਂ ਨੇ ਆਪਣੀਆਂ ਜਾਨਾਂ ਵਾਰ ਕੇ ਰਾਜ ਵਿੱਚ ਅਮਨ ਬਹਾਲੀ ਲਈ ਯੋਗਦਾਨ ਪਾਇਆ। ਇਨ੍ਹਾਂ ਵਿੱਚ 1 ਕਮਾਡੈਂਟ, 1 ਇੰਸਪੈਕਟਰ, 2 ਥਾਣੇਦਾਰ, 2 ਸਹਾਇਕ ਥਾਣੇਦਾਰ, 4 ਹੌਲਦਾਰ, 18 ਸਿਪਾਹੀ ਅਤੇ ਪੰਜਾਬ ਹੋਮਗਾਰਡਜ਼ ਦੇ 7 ਜਵਾਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਵਿਭਾਗ ਨੇ ਇਨ੍ਹਾਂ ਸ਼ਹੀਦਾਂ ਦੇ ਆਸ਼ਰਿਤਾਂ ਦੀਆਂ ਢੁਕਵੀਆਂ ਪੈਨਸ਼ਨਾਂ ਲੁਆਈਆਂ ਅਤੇ ਆਸ਼ਰਿਤਾਂ ਨੂੰ ਬਣਦੀਆਂ ਨੌਕਰੀਆਂ ਦਿੱਤੀਆਂ ਗਈਆਂ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਹਰੇਕ ਸਾਲ 21 ਅਕਤੂਬਰ ਦਾ ਦਿਨ ਸ਼ਹੀਦ ਹੋਏ ਪੁਲਿਸ ਕਰਮਚਾਰੀਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ 'ਤੇ ਸੱਦ ਕੇ ਜਿੱਥੇ ਉਨ੍ਹਾਂ ਨੂੰ ਆਪਸ ਵਿੱਚ ਮਿਲਣ ਦਾ ਮੌਕਾ ਦਿੱਤਾ ਜਾਂਦਾ ਹੈ, ਉੱਥੇ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 21 ਅਕਤੂਬਰ 1959 ਦੇ ਹਾਟ ਸਪਰਿੰਗ ਵਿਖੇ ਚੀਨ ਦੀ ਫ਼ੌਜ ਨੇ ਗਸ਼ਤ ਕਰ ਰਹੇ ਭਾਰਤੀ ਪੁਲਿਸ ਦੇ ਜਵਾਨਾਂ ਉੱਤੇ ਅਚਾਨਕ ਹਮਲਾ ਕਰਕੇ ਡੀ.ਐਸ.ਪੀ. ਸਮੇਤ 10 ਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਅਤੇ ਬਾਕੀ ਬੰਦੀ ਬਣਾ ਲਏ ਸਨ। ਉਨ੍ਹਾਂ ਮਹਾਨ ਸ਼ਹੀਦਾਂ ਅਤੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਦੇ ਸ਼ਹੀਦ ਜਵਾਨਾਂ ਨੂੰ ਯਾਦ ਕਰਨ ਲਈ 21 ਅਕਤੂਬਰ, 1960 ਤੋਂ ਲਗਾਤਾਰ ਦੇਸ਼ ਭਰ ਵਿੱਚ ਪੁਲਿਸ ਸ਼ਹੀਦ ਯਾਦਗਾਰੀ ਦਿਵਸ ਮਨਾਇਆ ਜਾਂਦਾ ਹੈ।
ਸ੍ਰੀ ਚਾਹਲ ਨੇ ਦੱਸਿਆ ਕਿ 21 ਅਕਤੂਬਰ ਨੂੰ ਮੋਹਾਲੀ ਵਿੱਚ ਵੀ ਸ਼ਹੀਦ ਜਵਾਨਾਂ ਦੀ ਯਾਦ ਵਿੱਚ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਜ਼ਿਲ੍ਹੇ ਨਾਲ ਸਬੰਧਤ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ।
: