ਸ੍ਰ .ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਜਗਦੀਸ਼ ਥਿੰਦ
ਸਿਰਸਾ 14 ਅਕਤੂਬਰ : ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਆਗੂਆਂ ਦਰਮਿਆਨ ਚੱਲ ਰਹੇ ਸਿਆਸੀ ਘਟਨਾ ਕ੍ਰਮ ਨੇ ਸਿਆਸੀ ਵਿਸ਼ਲੇਸ਼ਕਾਂ ਦਾ ਆਪਣੇ ਵੱਲ ਧਿਆਨ ਖਿੱਚਿਆ ਹੈ ।
ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹ ਕੇ ਅਸ਼ੀਰਵਾਦ ਲੈਂਦੇ ਹੋਏ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ
--------------------------------------------
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਗੂ ਹੁਣ ਤੱਕ ਇਹ ਹੀ ਕਹਿੰਦੇ ਆ ਰਹੇ ਸਨ ਕਿ ਸਾਡਾ ਆਪਸ ਵਿੱਚ ਨਹੂੰ ਮਾਸ ਦਾ ਰਿਸ਼ਤਾ ਹੈ ।
ਵਾਕਿਆ ਹੀ ਕਿਸੇ ਸਮੇਂ ਨਹੂੰ ਮਾਸ ਦੇ ਰਿਸ਼ਤੇ ਵਾਲੇ ਰਹੇ ਹਨ ਸਬੰਧ
---------------------------------------------
ਲੋਕ ਸਭਾ ਚੋਣਾਂ ਮੌਕੇ ਨਾਮਜ਼ਦਗੀ ਪੱਤਰ ਭਰਨ ਸਮੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹੇ ਜਾਂਦੇ ਹਨ ।
ਮੌਜੂਦਾ ਸਮੇਂ ਵਿੱਚ ਚੱਲ ਰਹੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਅਤੇ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਦੀ ਹੋਣ ਜਾ ਰਹੀ ਜ਼ਿਮਨੀ ਚੋਣ ਵਿੱਚ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ ਦੀ ਸਮਝ ਪਰੇ ਤੋਂ ਬਾਹਰ ਦੀ ਗੱਲ ਹੋ ਰਹੀ ਹੈ ।
ਪੰਜਾਬ ਭਾਜਪਾ ਦੇ ਪ੍ਰਧਾਨ ਸ਼ਵੇਤ ਮਲਿਕ ਇਸ ਸਬੰਧੀ ਕਹਿੰਦੇ ਹਨ ਕਿ ਅਕਾਲੀ ਦਲ ਭਾਜਪਾ ਗੱਠਜੋੜ ਪੂਰੀ ਤਰ੍ਹਾਂ ਕਾਇਮ ਹੈ ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਦੇ ਵੀ ਕੁਝ ਇਸ ਤਰ੍ਹਾਂ ਦੇ ਹੀ ਵਿਚਾਰ ਹਨ ।
ਜਦ ਕਿ ਹਰਿਆਣੇ ਅੰਦਰ ਸਥਿਤੀ ਇਸ ਦੇ ਬਿਲਕੁਲ ਉਲਟ ਹੈ ।
ਸੁਖਬੀਰ ਸਿੰਘ ਬਾਦਲ ਵੱਲੋਂ ਹਰਿਆਣਾ ਅੰਦਰ ਵਿਧਾਨ ਸਭਾ ਚੋਣਾਂ ਭਾਜਪਾ ਦੀ ਬਜਾਏ ਇੰਡੀਅਨ ਨੈਸ਼ਨਲ ਲੋਕ ਦਲ ਨਾਲ ਮਿਲ ਕੇ ਲੜੀਆਂ ਜਾ ਰਹੀਆਂ ਹਨ ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲਾਂਵਾਲੀ ਹਲਕੇ ਤੋਂ ਚੋਣ ਲੜਦੇ ਆ ਰਹੇ ਵਿਧਾਇਕ ਬਲਕੌਰ ਸਿੰਘ ਨੂੰ ਭਾਰਤੀ ਜਨਤਾ ਪਾਰਟੀ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਤਾਂ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਰਹੇ ਆਗੂ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਆਪਣੀ ਪਾਰਟੀ ਵਿੱਚ ਸ਼ਾਮਲ ਕਰਕੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ ।
ਪ੍ਰਕਾਸ਼ ਸਿੰਘ ਬਾਦਲ ਦੇ ਭਾਰਤੀ ਜਨਤਾ ਪਾਰਟੀ ਨਾਲ ਕਈ ਦਹਾਕੇ ਪੁਰਾਣੇ ਸਬੰਧ ਹਨ ।
ਕੁਝ ਹਲਕਿਆਂ ਦਾ ਇਸ ਸਬੰਧੀ ਕਹਿਣਾ ਹੈ ਕਿ ਸੋਚੀ ਸਮਝੀ ਇਕ ਰਣਨੀਤੀ ਤਹਿਤ ਸੁਖਬੀਰ ਸਿੰਘ ਬਾਦਲ ਇਨੈਲੋ ਨਾਲ ਗੱਠਜੋੜ ਕਰਕੇ ਚੋਣ ਲੜ ਰਹੇ ਹਨ ਤਾਂ ਜੋ ਭਾਜਪਾ ਦੀ ਮੌਜੂਦਾ ਹਰਿਆਣਾ ਸਰਕਾਰ ਤੋਂ ਖਫ਼ਾ ਵੋਟਰਾਂ ਨੂੰ ਕਾਂਗਰਸ ਵੱਲ ਜਾਣ ਤੋਂ ਰੋਕਿਆ ਜਾ ਸਕੇ ।
ਚੋਣ ਰੈਲੀਆਂ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਜਿਸ ਤਰ੍ਹਾਂ ਭਾਜਪਾ ਉਪਰ ਹਮਲੇ ਕੀਤੇ ਜਾ ਰਹੇ ਹਨ ਉਸ ਤੋਂ ਇਸ ਤਰ੍ਹਾਂ ਦੀ ਭਾਈਚਾਰੇ ਵਾਲੀ ਫਰੈਂਡਲੀ ਮੈਚ ਹੁੰਦਾ ਪ੍ਰਤੀਤ ਨਹੀਂ ਹੋ ਰਿਹਾ ।
ਸੁਖਬੀਰ ਸਿੰਘ ਬਾਦਲ ਇਹ ਕਹਿ ਰਹੇ ਹਨ ਕਿ ਸਿਰਸਾ ਅਤੇ ਹਿਸਾਰ ਤੋਂ ਭਾਜਪਾ ਨੂੰ ਇੱਕ ਵੀ ਸੀਟ ਨਹੀਂ ਮਿਲ ਰਹੀ ।
ਸੁਖਬੀਰ ਸਿੰਘ ਬਾਦਲ ਆਪਣੇ ਸੰਬੋਧਨ ਵਿੱਚ ਚੌਧਰੀ ਦੇਵੀ ਲਾਲ ਦਾ ਵੀ ਜ਼ਿਕਰ ਕਰਦੇ ਹਨ । ਉਹ ਕਹਿੰਦੇ ਹਨ ਕਿ ਇੱਕ ਜੋ ਹੋ ਜਾਓ ।
ਉਹ ਇੰਡੀਅਨ ਨੈਸ਼ਨਲ ਲੋਕ ਦਲ ਅਤੇ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ ।
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬੀਮਾਰੀ ਦੀ ਹਾਲਤ ਵਿੱਚ ਬਾਕਾਇਦਾ ਹਾਲ ਜਾਨਣ ਲਈ ਪੁੱਜੇ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ
---------------------------------------------
ਜਲਾਲਾਬਾਦ , ਮੁੱਲਾਂਪੁਰ ਦਾਖਾ , ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਹਲਕਿਆਂ ਜਿਨ੍ਹਾਂ ਤੋਂ ਦੋ ਹਲਕਿਆਂ ਉੱਪਰ ਅਕਾਲੀ ਦਲ ਅਤੇ ਦੋ ਹਲਕਿਆਂ ਉਪਰ ਭਾਜਪਾ ਜ਼ਿਮਨੀ ਚੋਣ ਲੜ ਰਹੀ ਹੈ । ਇੱਥੇ ਹੋਣ ਵਾਲੀ ਜਿੱਤ ਹਾਰ ਦਾ ਠੀਕਰਾ ਭਾਈਵਾਲ ਪਾਰਟੀ ਦੇ ਸਿਰ ਭੱਜ ਸਕਦਾ ਹੈ ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਪਹਿਲਾਂ ਨਾਲੋਂ ਜ਼ਿਆਦਾ ਹਲਕਿਆਂ ਤੋਂ ਟਿਕਟ ਮੰਗੇ ਜਾਣ ਦੀ ਸੰਭਾਵਨਾ ਹੈ ।
ਭਾਰਤੀ ਜਨਤਾ ਪਾਰਟੀ ਜੋ ਕਿ ਕਹਿੰਦੀ ਸੀ ਕਿ ਪੰਜਾਬ ਅੰਦਰ ਅਕਾਲੀ ਦਲ ਸਾਡਾ ਵੱਡਾ ਭਰਾ ਹੈ , ਉਸਦੇ ਆਗੂ ਪਿਛਲੇ ਸਮੇਂ ਵਿੱਚ ਆਮ ਹੀ ਵਧੇਰੇ ਸੀਟਾਂ ਲੈਣ ਦੀ ਗੱਲ ਕਰਦੇ ਆ ਰਹੇ ਹਨ ।
ਸਿਆਸੀ ਪੰਡਤ ਇਸ ਗੱਲ ਉੱਤੇ ਵਿਸ਼ਲੇਸ਼ਣ ਕਰ ਰਹੇ ਹਨ ਕਿ ਕੀ ਲੋਕ ਸਭਾ ਚੋਣਾਂ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਮਿਤ ਸ਼ਾਹ ਵੱਲੋਂ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪੈਰ ਛੂਹਣ ਪਿੱਛੇ ਦੇਸ਼ ਭਰ ਅੰਦਰ ਸਿੱਖ ਵੋਟਰਾਂ ਨੂੰ ਭਾਰਤੀ ਜਨਤਾ ਪਾਰਟੀ ਨਾਲ ਜੋੜਨ ਲਈ ਕੀਤਾ ਗਿਆ ਸੀ ।
ਇੱਥੇ ਇਸ ਗੱਲ ਦੀ ਵੀ ਸੰਭਾਵਨਾ ਵਧੇਰੇ ਹੈ ਕਿ ਆਰ ਐੱਸ ਐੱਸ ਹਰਿਆਣਾ ਅੰਦਰ ਚੱਲ ਰਹੇ ਘਟਨਾਕ੍ਰਮ ਤੋਂ ਇਹ ਅਨੁਮਾਨ ਲਗਾਉਣਾ ਚਾਹੁੰਦੀ ਹੋਵੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਹਰਿਆਣਾ ਅੰਦਰ ਕਿੰਨਾ ਕੁ ਪ੍ਰਭਾਵ ਹੈ ।
ਇਸੇ ਪ੍ਰਯੋਗ ਤੋਂ ਬਾਅਦ ਪੰਜਾਬ ਅੰਦਰ ਇਕੱਲੇ ਆਪਣੇ ਦਮ ਤੇ ਚੋਣ ਲੜਨ ਦਾ ਟੀਚਾ ਹੋ ਸਕਦਾ ਹੈ ।
ਨਹੂੰ ਮਾਸ ਦੇ ਰਿਸ਼ਤੇ ਉੱਪਰ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਜਾਖੜ , ਰਾਜਿੰਦਰ ਕੌਰ ਭੱਠਲ , ਸੁਖਜਿੰਦਰ ਸਿੰਘ ਰੰਧਾਵਾ ਅਤੇ ਹੋਰ ਮੰਤਰੀਆਂ ਵੱਲੋਂ ਵੱਖੋ ਵੱਖਰੇ ਤਰੀਕੇ ਨਾਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ ।
ਕੁਝ ਵੀ ਹੋਵੇ ਲੰਬੇ ਅਰਸੇ ਤੋਂ ਚੱਲੇ ਆ ਰਹੇ ਇਸ ਗੱਠਜੋੜ ਵਿੱਚ ਦਰਾੜ ਪੈਣ ਦਾ ਮੁੱਢ ਬੱਝ ਚੁੱਕਿਆ ਹੈ ।