ਚੰਡੀਗੜ੍ਹ, 12 ਅਕਤੂਬਰ 2019 : ਸੂਬਾ ਸਰਕਾਰ ਨੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਾਸਤੇ ਹੈਪੀ ਸੀਡਰ ਜਾਂ ਹੋਰ ਸਬੰਧਤ ਮਸ਼ੀਨਰੀ ਦੀ ਕਮੀ ਹੋਣ ਤੋਂ ਸਪਸ਼ਟ ਤੌਰ ’ਤੇ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਮੰਗ ਅਨੁਸਾਰ 23000 ਮਸ਼ੀਨਾਂ ਸਪਲਾਈ ਕਰੇਗੀ।
ਸਕੱਤਰ ਖੇਤਬਾੜੀ ਸ੍ਰੀ ਕੇ. ਐਸ. ਪੰਨੂ ਨੇ ਬਾਬੂਸ਼ਾਹੀ ਨਾਲ ਗੱਲਬਾ ਕਰਦਿਆਂ ਦੱਸਿਆ ਕਿ ਸਾਨੰੂ ਪਰਾਲੀ ਦੇ ਪ੍ਰਬੰਧਨ ਵਾਸਤੇ ਹੈਪੀ ਸੀਡਰ ਤੇ ਹੋਰ ਮਸ਼ੀਨਰੀ ਦੀ ਸਪਲਾਈ ਵਾਸਤੇ 23000 ਅਰਜ਼ੀਆਂ ਪ੍ਰਾਪਤ ਹੋਈਆਂ ਹਨ ਜਿਸ ਵਿਚੋਂ 15000 ਅਰਜ਼ੀਆਂ ਗਰੁੱਪ ਦੀਆਂ ਹਨ ਜਦਕਿ 7500 ਅਰਜ਼ੀਆਂ ਵਿਅਕਤੀਗਤ ਮੰਗ ਦੀਆਂ ਸਨ। ਉਹਨਾਂ ਦੱਸਿਆ ਕਿ ਵਿਅਕਤੀਗਤ ਮਾਮਲੇ ਵਿਚ 50 ਫੀਸਦੀ ਅਤੇ ਗਰੁੱਪ ਦੇ ਮਾਮਲੇ ਵਿਚ 80 ਫੀਸਦੀ ਸਬਸਿਡੀ ਦੀ ਵਿਵਸਥਾ ਹੈ।
ਉਹਨਾਂ ਇਹ ਵੀ ਦੱਸਿਆ ਕਿ ਕੁੱਲ 23000 ਮਸ਼ੀਨਾਂ ਦੀ ਮੰਗ ਵਿਚੋਂ ਅਸੀਂ ਹੁਣ ਤੱਕ 12000 ਮਸ਼ੀਨਾਂ ਪ੍ਰਦਾਨ ਵੀ ਕਰ ਚੁੱਕੇ ਹਾਂ। ਉਹਨਾਂ ਕਿਹਾ ਕਿ ਮਸ਼ੀਨਰੀ ਕਿਸਾਨਾਂ ਨੇ ਆਪ ਖਰੀਦਣੀ ਹੁੰਦੀ ਹੈ ਤੇ ਵਿਭਾਗ ਸਿਰਫ ਸਬਸਿਡੀ ਦਿੰਦਾ ਹੈ, ਇਸ ਲਈ ਇਹ ਕਿਸਾਨਾਂ ’ਤੇ ਨਿਰਭਰ ਕਰਦਾ ਹੈ ਕਿ ਉਹ ਕਦੋਂ ਮਸ਼ੀਨਰੀ ਖਰੀਦਦੇ ਹਨ। ਉਹਨਾਂ ਕਿਹਾ ਕਿ ਜਿਵੇਂ ਜਿਵੇਂ ਵਾਢੀ ਦਾ ਸੀਜ਼ਨ ਚਲ ਰਿਹਾ ਹੈ, ਉਵੇਂ ਹੀ ਕਿਸਾਨ ਆਪਣੀ ਸਹੂਲਤ ਅਨੁਸਾਰ ਮਸ਼ੀਨਰੀ ਖਰੀਦ ਰਹੇ ਹਨ। ਉਹਨਾਂ ਮੁੜ ਦੁਹਰਾਇਆ ਕਿ ਮਸ਼ੀਨਰੀ ਦੀ ਕੋਈ ਕਮੀ ਨਹੀਂ ਹੈ ਤੇ ਵਿਭਾਗ ਕਿਸਾਨਾਂ ਦੀ ਸਹੂਲਤ ਅਨੁਸਾਰ ਇਹ ਸਪਲਾਈ ਕਰ ਰਿਹਾ ਹੈ।
ਮਸ਼ੀਨਰੀ ਦੀ ਕੀਮਤ 1.1 ਤੋਂ 2.15 ਲੱਖ ਰੁਪਏ ਪ੍ਰਤੀ ਯੂਨਿਟ ਵੱਖ ਵੱਖ ਕਿਸਮਾਂ ਅਨੁਸਾਰ ਹੈ।
ਸ੍ਰੀ ਪੰਨੂ ਨੇ ਆਖਿਆ ਕਿ ਸੂਬਾ ਸਰਕਾਰ ਇਹਨਾਂ ਅੱਗਾਂ ਨੂੰ ਰੋਕਣ ਲਈ ਦਿ੍ਰੜ੍ਹ ਸੰਕਲਪ ਹੈ ਤੇ ਇਸਨੇ ਪਹਿਲਾਂ ਹੀ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਵਿਆਪਕ ਮੁਹਿੰਮ ਵਿੱਢੀ ਹੋਈ ਹੈ।