ਲੋਕੇਸ਼ ਰਿਸ਼ੀ
ਗੁਰਦਾਸਪੁਰ, 09 ਅਕਤੂਬਰ 2019 - ਇਸਾਈ ਭਾਈਚਾਰਾ ਬਟਾਲਾ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਆਪਣੇ ਹੀ ਧਰਮ ਦੇ ਉੱਘੇ ਪ੍ਰਚਾਰਕ ਅੰਕੁਰ ਨਰੂਲਾ ਉੱਪਰ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਨੂੰ ਲੈ ਕੇ ਗ੍ਰਿਫ਼ਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਮਾਮਲੇ ਦੇ ਸਬੰਧ ਵਿੱਚ ਬੁੱਧਵਾਰ ਨੂੰ ਇਸਾਈ ਭਾਈਚਾਰੇ ਦੇ ਆਗੂਆਂ ਵੱਲੋਂ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨਾਲ ਮੁਲਾਕਾਤ ਕਰਨ ਉਪਰੰਤ ਇੱਕ ਮੰਗ ਪੱਤਰ ਦਿੱਤਾ ਗਿਆ। ਜਿਸ ਮੁਤਾਬਿਕ ਧਰਮ ਦੀ ਬੇਅਦਬੀ ਕਰਨ ਵਾਲੇ ਪਾਸਟਰ ਨੂੰ ਗ੍ਰਿਫ਼ਤਾਰੀ ਕਰਨ ਦੀ ਮੰਗ ਰੱਖੀ ਗਈ। ਨਾਲ ਦੀ ਨਾਲ ਜਥੇਬੰਦੀਆਂ ਦੇ ਆਗੂਆਂ ਵੱਲੋਂ ਤਾੜਨਾ ਵੀ ਕੀਤੀ ਗਈ ਕਿ ਜੇਕਰ ਬਣਦੀ ਕਾਰਵਾਈ ਜਾਂ ਗ੍ਰਿਫ਼ਤਾਰੀ ਨਹੀਂ ਹੁੰਦੀ ਤਾਂ ਪੰਜਾਬ ਦਾ ਮਸੀਹ ਭਾਈਚਾਰਾ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਸਮਸੂਨ ਸੈਨਾ ਦੇ ਮੁਖੀ ਅਤੇ ਆਪ ਦੇ ਲੋਕ-ਸਭਾ ਉਮੀਦਵਾਰ ਰਹਿ ਚੁੱਕੇ ਪੀਟਰ ਚੀਦਾ ਅਤੇ ਇਸਾਈ ਭਾਈਚਾਰੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਦਾ ਕਹਿਣਾ ਸੀ ਕਿ ਜ਼ਿਲ੍ਹਾ ਜਲੰਧਰ ਦੇ ਪਾਸਟਰ ਅੰਕੁਰ ਨਰੂਲਾ ਵੱਲੋਂ ਅਤੇ ਉਸ ਦੀ ਧਰਮ ਪਤਨੀ ਵੱਲੋਂ ਆਪਣੇ ਪਰਿਵਾਰਿਕ ਮੈਂਬਰ ਦੇ ਜਨਮ ਦਿਨ ਤੇ ਜੋ ਕੇਕ ਕੱਟਿਆ ਗਿਆ ਉਸ ਤੇ ਨਾ ਪਵਿੱਤਰ ਬਾਈਬਲ ਦੀ ਆਕ੍ਰਿਤੀ ਤਰਾਸ਼ੀ ਗਈ, ਬਲ ਕੀ ਉਸ ਤੇ ਬਾਕਾਇਦਾ ਪਵਿੱਤਰ ਬਾਈਬਲ ਵੀ ਲਿਖਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਾਸਟਰ ਵੱਲੋਂ ਅੰਜਾਮ ਦਿੱਤੀ ਗਈ ਉਕਤ ਘਟਨਾ ਨਾਲ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਨਾ ਸਿਰਫ਼ ਧੱਕਾ ਲੱਗਾ ਹੈ, ਬਲ ਕਿ ਉਨ੍ਹਾਂ ਦੇ ਹਿਰਦੇ ਨੂੰ ਠੇਸ ਪਹੁੰਚੀ ਹੈ। ਇਸਾਈ ਭਾਈਚਾਰੇ ਨੇ ਬਟਾਲਾ ਪ੍ਰਸ਼ਾਸਨ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਉਕਤ ਮਾਮਲੇ ਸਬੰਧੀ ਬਣਦੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਇਸਾਈ ਭਾਈਚਾਰਾ ਸੜਕਾਂ ਤੇ ਉੱਤਰਨ ਲਈ ਮਜਬੂਰ ਹੋਵੇਗਾ।
ਉੱਥੇ ਦੂਜੇ ਪਾਸੇ ਐੱਸ.ਐੱਸ.ਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਨੇ ਬਣਦੀ ਕਾਰਵਾਈ ਕਰਨ ਦਾ ਧਰਵਾਸਾ ਦਿੰਦਿਆਂ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਸ਼ਾਂਤ ਕੀਤਾ।