ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਨ ਮੌਕੇ ਪ੍ਰਧਾਨ ਪ੍ਰਦੇਸ਼ ਕਾਂਗਰਸ ਕਮੇਟੀ ਸੁਨੀਲ ਜਾਖੜ ਨਾਲ ਹਨ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹੋਰ ਆਗੂ । ਤਸਵੀਰ : ਜਗਦੀਸ਼ ਥਿੰਦ
ਜਗਦੀਸ਼ ਥਿੰਦ
ਜਲਾਲਾਬਾਦ /,ਚੰਡੀਗੜ੍ਹ 9 ਅਕਤੂਬਰ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਵਿਧਾਨ ਸਭਾ ਸੀਟ ਦੀ ਰਜਿਸਟਰੀ ਆਪਣੇ ਨਾਂਅ ਹੋਣ ਦੇ ਦਿੱਤੇ ਬਿਆਨ ਨੂੰ ਲੋਕਤੰਤਰ ਦਾ ਨਿਰਾਦਰ ਕਰਾਰ ਦਿੰਦਿਆਂ ਕਿਹਾ ਹੈ ਕਿ ਦੇਸ਼ ਵਿਚ ਲੋਕਤੰਤਰ ਹੈ ਅਤੇ ਲੋਕ ਵੋਟਾਂ ਨਾਲ ਆਪਣਾ ਨੁੰਮਾਇੰਦਾ ਚੁਣਦੇ ਹਨ।
ਕਾਂਗਰਸ ਵਿੱਚ ਸ਼ਮੂਲੀਅਤ ਕਰਨ ਵਾਲੇ ਆਗੂਆਂ ਦਾ ਸਵਾਗਤ ਕਰਦੇ ਹੋਏ ਸੁਨੀਲ ਜਾਖੜ ਨਾਲ ਹਨ ਜ਼ਿਲ੍ਹਾ ਪ੍ਰਧਾਨ ਰੰਜ਼ਮ ਕਾਮਰਾ ਅਤੇ ਹੋਰ ਆਗੂ । ਤਸਵੀਰ :-ਜਗਦੀਸ਼ ਥਿੰਦ
---------------------------------------------------------
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਇਹ ਕਹੇ ਜਾਣ ਕਿ ਜਲਾਲਾਬਾਦ ਦੀ ਰਜਿਸਟਰੀ ਅਤੇ ਗਿਰਦਾਵਰੀ ਦੋਨੋਂ ਉਸਦੇ ਨਾਂਅ ਹਨ ਅਤੇ ਉਸ ਵੱਲੋਂ ਇਹ ਸੀਟ ਆਪਣੀ ਪਾਰਟੀ ਦੇ ਉਮੀਦਵਾਰ ਨੂੰ ਢਾਈ ਸਾਲ ਲਈ ਠੇਕੇ ਤੇ ਦਿੱਤੀ ਹੈ , ਦਾ ਕਰਾਰਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਇਹ ਸੀਟ ਕੋਈ ਐਸ.ਜੀ.ਪੀ.ਸੀ. ਦੀ ਪ੍ਰਧਾਨਗੀ ਨਹੀਂ ਹੈ ਜੋ ਜੇਤੂ ਦਾ ਨਾਂਅ ਸੁਖਬੀਰ ਸਿੰਘ ਬਾਦਲ ਦੀ ਜੇਬ ਵਿਚੋਂ ਨਿਕਲੇਗਾ , ਸਗੋਂ ਇੱਥੋਂ ਕਿਸਨੇ ਵਿਧਾਇਕ ਬਣਨਾ ਹੈ ਇਸਦਾ ਫੈਸਲਾ ਇੱਥੋਂ ਦੇ ਸੂਝਵਾਨ ਵੋਟਰ ਆਪਣੇ ਵੋਟ ਹੱਕ ਨਾਲ ਕਰਣਗੇ ।
ਉਨਾਂ ਕਿਹਾ ਕਿ ਕਾਂਗਰਸ ਦੇ ਉਮੀਦਵਾਰ ਰਮਿੰਦਰ ਆਂਵਲਾ ਵੱਡੇ ਫਰਕ ਨਾਲ ਇੱਥੋਂ ਜੇਤੂ ਰਹਿਣਗੇ। ਜਾਖੜ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੱਛਲੇ ਢਾਈ ਸਾਲ ਵਿਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖ ਕੇ ਯੋਜਨਾਵਾਂ ਬਣਾਈਆਂ ਹਨ ਅਤੇ ਵਿਕਾਸ ਨੂੰ ਵੀ ਮੁੜ ਲੀਹ 'ਤੇ ਲਿਆਂਦਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਰੋਂ ਵਿਧਾਨ ਸਭਾ ਸੀਟਾਂ ਕਾਂਗਰਸ ਨੂੰ ਦੇ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਮਜਬੂਤ ਕਰਣਗੇ।
ਜਾਖੜ ਨੇ ਕਿਹਾ ਕਿ ਪਿੱਛਲੇ ਸਮੇਂ ਵਿਚ ਲੋਕਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬਲਕਿ ਉਪ ਮੁੱਖ ਮੰਤਰੀ ਨੂੰ ਇਹ ਸੋਚ ਕੇ ਵੋਟ ਪਾਈ ਸੀ ਕਿ ਹਲਕੇ ਦਾ ਵਿਕਾਸ ਹੋਵੇਗਾ ਪਰ 10 ਸਾਲਾਂ ਵਿਚ ਹਲਕਾ ਜਲਾਲਾਬਾਦ ਨਾਲ ਅਕਾਲੀ ਸਰਕਾਰ ਨੇ ਵੱਡਾ ਧੋਖਾ ਕੀਤਾ ਅਤੇ ਵਿਕਾਸ ਦੇ ਨਾਂਅ ਤੇ ਸਿਰਫ ਹਵਾਈ ਗੱਲਾਂ ਕੀਤੀਆਂ ਗਈਆਂ।
ਉਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਅਕਾਲੀ ਦਲ ਦੇ 10 ਸਾਲ ਦੇ ਉਸ ਭੈੜੇ ਰਾਜ ਨੂੰ ਹਾਲੇ ਭੁੱਲੇ ਨਹੀਂ ਹਨ , ਜਿਸ ਰਾਜ ਦੌਰਾਨ ਸੂਬੇ ਦੇ ਜਵਾਨੀ ਨੂੰ ਚਿੱਟੇ ਨੇ ਨਿਗਲ ਲਿਆ ਸੀ ਅਤੇ ਰਾਜ ਦੀ ਆਰਥਿਕਤਾ ਆਪਣੇ ਸਭ ਤੋਂ ਕਾਲੇ ਦੌਰ ਵਿਚ ਪੁੱਜ ਗਈ ਸੀ। ਉਨਾਂ ਨੇ ਕਿਹਾ ਕਿ ਲੋਕਾਂ ਨੇ 2017 ਦੀਆਂ ਚੋਣਾਂ ਵਿਚ ਅਕਾਲੀ ਦਲ ਨੂੰ ਉਸਦੀ ਸਿਆਸੀ ਸਥਿਤੀ ਦੱਸ ਦਿੱਤੀ ਸੀ ਪਰ ਪੰਜਾਬ ਦਾ ਜਿੰਨਾਂ ਨੁਕਸਾਨ ਅਕਾਲੀ ਭਾਜਪਾ ਸਰਕਾਰ ਨੇ ਕੀਤਾ ਹੈ ਉਸ ਨੂੰ ਵੇਖਦਿਆਂ ਲੋਕਾਂ ਨੂੰ ਹਾਲੇ ਤਸੱਲੀ ਨਹੀਂ ਹੋਈ ਅਤੇ ਉਪਚੋਣਾਂ ਵਿਚ ਲੋਕ ਚਾਰੇ ਵਿਧਾਨ ਸਭਾ ਹਲਕਿਆਂ ਵਿਚ ਅਕਾਲੀ ਭਾਜਪਾ ਗਠਜੋੜ ਨੂੰ ਮਾਤ ਦੇਣਗੇ।
ਇਸ ਮੌਕੇ ਕੈਬਨਿਟ ਮੰਤਰੀ ਸ: ਬਲਬੀਰ ਸਿੰਘ ਸਿੱਧੂ, ਕਾਂਗਰਸ ਜ਼ਿਲਾ ਪ੍ਰਧਾਨ ਸ੍ਰੀ ਰੰਜਮ ਕਾਮਰਾ, ਸ਼ੇਰਬਾਜ ਸਿੰਘ ਸੰਧੂ ਵੀ ਹਾਜਰ ਸਨ।