ਜ਼ੀਰਕਪੁਰ, 4 ਅਕਤੂਬਰ 2019 - ਇੱਥੇ ਛੱਤਬੀੜ ਚਿੜੀਆਘਰ ਵਿਖੇ ਮਨਾਏ ਜਾ ਰਹੇ ‘ਜੰਗਲੀ ਜੀਵ ਸੁਰੱਖਿਆ ਹਫ਼ਤੇ’ ਦੇ ਮੁੱਖ ਸਮਾਗਮ ਵਿੱਚ ਅੱਜ ਕੈਬਨਿਟ ਮੰਤਰੀ, ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਸ. ਸਾਧੂ ਸਿੰਘ ਧਰਮਸੋਤ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ ਉਨ੍ਹਾਂ ਜਿੱਥੇ ਚਿੜੀਆਘਰ ਵਿੱਚ ਬੱਬਰ ਸ਼ੇਰਾਂ ਦੇ ਜੋੜੇ ਅਕਸ਼ਿਤ ਸ਼ੇਰ ਅਤੇ ਦ੍ਰਿਤੀ ਸ਼ੇਰਨੀ ਤੋਂ ਇਲਾਵਾ ਇਕ ਚਿੱਟੀ ਸ਼ੇਰਨੀ ਗੌਰੀ ਨੂੰ ਆਮ ਲੋਕਾਂ ਦੇ ਦੇਖਣ ਲਈ ਛੱਡਿਆ। ਇਹ ਜਾਨਵਰ ਹੋਰ ਥਾਵਾਂ ਤੋਂ ਇੱਥੇ ਲਿਆਂਦੇ ਗਏ ਹਨ। ਕੈਬਨਿਟ ਮੰਤਰੀ ਨੇ ਚਿੜੀਆਘਰ ਦੀ ਹੈਰੀਟੇਜ਼ ਬਿਲਡਿੰਗ ਨੂੰ ਪਬਲਿਕ ਇਨਫਰਮੇਸ਼ਨ ਸੈਂਟਰ ਵਜੋਂ ਲੋਕਾਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਸ. ਧਰਮਸੋਤ ਨੇ ਵਧੀਕ ਸਕੱਤਰ ਵਿੱਤ ਤੇ ਆਮਦਨ ਕਰ ਸਲਾਹਕਾਰ ਪੰਜਾਬ ਸਰਕਾਰ ਸ੍ਰੀਮਤੀ ਸੁਰਿੰਦਰ ਕੌਰ ਵੜੈਚ ਆਈ.ਆਰ.ਐਸ. ਵੱਲੋਂ ਬਣਾਈ ਚਿੱਤਰਕਲਾ ਪ੍ਰਦਰਸ਼ਨੀ ਵੀ ਦੇਖੀ ਅਤੇ ਉਨ੍ਹਾਂ ਦੇ ਹੁਨਰ ਦੀ ਸ਼ਲਾਘਾ ਕੀਤੀ। ਉਨ੍ਹਾਂ ਵੱਖ ਵੱਖ ਵਿਭਾਗਾਂ ਵੱਲੋਂ ਲਾਈਆਂ ਨੁਮਾਇਸ਼ਾਂ ਵੀ ਦੇਖੀਆਂ ਅਤੇ ਜਾਣਕਾਰੀ ਹਾਸਲ ਕੀਤੀ।
ਸਮਾਗਮ ਦੌਰਾਨ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਦਾ ਪ੍ਰਧਾਨ ਮੁੱਖ ਵਣਪਾਲ (ਜੰਗਲੀ ਜੀਵ) ਅਤੇ ਮੁੱਖ ਜੰਗਲੀ ਜੀਵ ਵਾਰਡਨ, ਪੰਜਾਬ ਡਾ. ਕੁਲਦੀਪ ਕੁਮਾਰ ਆਈ.ਐਫ.ਐਸ. ਨੇ ਸਵਾਗਤ ਕੀਤਾ। ਇਸ ਦੌਰਾਨ ਜੀਨੀਅਸ ਵਰਲਡ ਸਕੂਲ ਦੇ ਬੱਚਿਆਂ ਨੇ ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇਣ ਵਾਲਾ ਨਾਟਕ ਪੇਸ਼ ਕੀਤਾ, ਜਦੋਂ ਕਿ ਰੈੱਡ ਆਰਟ ਗਰੁੱਪ ਦੇ ਨੌਜਵਾਨਾਂ ਨੇ ਆਪਣੇ ਨਾਟਕ ਰਾਹੀਂ ਵਾਤਾਵਰਨ, ਜੰਗਲੀ ਜੀਵਾਂ ਤੇ ਪਾਣੀ ਨੂੰ ਬਚਾਉਣ ਦਾ ਹੋਕਾ ਦਿੱਤਾ। ਸ. ਧਰਮਸੋਤ ਨੇ ਮੋਬਾਈਲ ਉਤੇ ਬਟਨ ਦਬਾ ਕੇ ਚਿੜੀਆਘਰ ਦੇ ‘ਸਟੂਡੈਂਟਸ ਜ਼ੂ ਕਲੱਬ’ ਦਾ ਵੀ ਉਦਘਾਟਨ ਕੀਤਾ। ਇਸ ਤਹਿਤ ਬੱਚਿਆਂ ਨੂੰ ਜੰਗਲੀ ਜੀਵਾਂ ਸਬੰਧੀ ਵਧੇਰੇ ਜਾਣਕਾਰੀ ਦੇਣ ਲਈ ਸਿਰਫ਼ 10 ਰੁਪਏ ਪ੍ਰਤੀ ਵਿਦਿਆਰਥੀ ਦੀ ਟਿਕਟ ਉਤੇ ਗਾਈਡਿਡ ਟੂਰ ਕਰਵਾਇਆ ਜਾਵੇਗਾ।
ਵਾਤਾਵਰਣ ਬਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਪੌਦੇ ਲਾਉਣ ਦਾ ਹੋਕਾ ਦਿੰਦਿਆਂ ਕੈਬਨਿਟ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੰਗਲੀ ਜੀਵ ਰੱਖਾਂ ਜਿਵੇਂ ਕਿ ਬੀੜ ਮੋਤੀ ਬਾਗ, ਬੀੜ ਭੁੰਨਰਹੇੜੀ ਵਿਖੇ ਕੁਦਰਤੀ ਮਾਹੌਲ ਨੂੰ ਕਾਇਮ ਰੱਖਣ ਲਈ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੈਬਨਿਟ ਨੇ ਰਾਜ ਦੇ ਚਿੜੀਆਘਰਾਂ ਤੋਂ ਹੋਣ ਵਾਲੀ ਆਮਦਨ ਨੂੰ ਚਿੜੀਆਘਰਾਂ ਉਤੇ ਹੀ ਖਰਚਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ਨਾਲ ਚਿੜੀਆਘਰਾਂ ਦਾ ਵਿਕਾਸ ਸੁਚੱਜੇ ਢੰਗ ਨਾਲ ਹੋ ਸਕੇਗਾ। ਇਸ ਤੋਂ ਇਲਾਵਾ ਛੱਤਬੀੜ ਚਿੜੀਆਘਰ ਵਿੱਚ ਸਭ ਤੋਂ ਲੰਬੀ ਅਤੇ ਸਭ ਤੋਂ ਵੱਡੀ ‘ਵਾਕ ਇਨ ਏਵੀਅਰੀ’ ਮੁਕੰਮਲ ਕੀਤੀ ਗਈ।
ਸ. ਧਰਮਸੋਤ ਨੇ ਕਿਹਾ ਕਿ ਛੱਤਬੀੜ ਚਿੜੀਆਘਰ ਵਿੱਚ ਡਾਈਨਾਸੋਰ ਪਾਰਕ ਸਥਾਪਤ ਕਰਨ ਦਾ ਸਰਕਾਰ ਨੇ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਕਰਨ ਵਾਲੇ ਜੰਗਲੀ ਸੂਰ ਤੇ ਨੀਲ ਗਾਵਾਂ ਨੂੰ ਮਾਰਨ ਲਈ ਪਰਮਿਟ ਦੇਣ ਦਾ ਵੀ ਫੈਸਲਾ ਕੀਤਾ ਹੈ। ਉਨ੍ਹਾਂ ‘ਜੰਗਲੀ ਜੀਵ ਸੁਰੱਖਿਆ ਹਫ਼ਤੇ’ ਦੌਰਾਨ ਹੋਏ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ। ਇਸ ਹਫ਼ਤੇ ਦੌਰਾਨ ਯੋਗਦਾਨ ਪਾਉਣ ਵਾਲੇ ਕਰਮਚਾਰੀਆਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਗਏ। ਮੁੱਖ ਮਹਿਮਾਨ ਨੇ ਵਣ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਪੰਜਾਬ ਸਟੇਟ ਬੋਰਡ ਫਾਰ ਵਾਈਲਡ ਲਾਈਫ ਦੇ ਮੈਂਬਰਾਂ ਨੂੰ ਵੀ ਯਾਦਗਾਰੀ ਚਿੰਨ੍ਹ ਦਿੱਤੇ।
ਸਮਾਗਮ ਦੌਰਾਨ ਫੀਲਡ ਡਾਇਰੈਕਟਰ ਚਿੜੀਆ ਛੱਤਬੀੜ ਸ੍ਰੀ ਐਮ. ਸੁਦਾਗਰ ਆਈ.ਐਫ.ਐਸ. ਨੇ ਮੁੱਖ ਮਹਿਮਾਨ ਤੇ ਹੋਰਾਂ ਦਾ ਇੱਥੇ ਪੁੱਜਣ ਲਈ ਧੰਨਵਾਦ ਕੀਤਾ। ਇਸ ਮੌਕੇ ਮੁੱਖ ਵਣਪਾਲ (ਜੰਗਲੀ ਜੀਵ) ਪੰਜਾਬ ਸ੍ਰੀ ਬਸੰਤਾ ਕੁਮਾਰ, ਵਣਪਾਲ ਜੰਗਲੀ ਜੀਵ ਡਾ. ਮਨੀਸ਼ ਕੁਮਾਰ ਆਈ.ਐਫ.ਐਸ., ਵਣਪਾਲ ਜੰਗਲੀ ਜੀਵ ਡੀ. ਗਨਾਨਾ ਪ੍ਰਕਾਸ਼ ਆਈ.ਐਫ.ਐਸ., ਵਣਪਾਲ ਸ੍ਰੀ ਕੇ.ਕੰਨਨ, ਆਨਰੇਰੀ ਵਾਈਲਡ ਲਾਈਫ ਵਾਰਡਨ ਅਮਰਜੀਤ ਸਿੰਘ ਚੌਹਾਨ, ਆਨਰੇਰੀ ਵਾਈਲਡ ਲਾਈਫ ਵਾਰਡਨ ਨਿਖਿਲ ਸੈਂਗਰ ਅਤੇ ਹਰਪਾਲ ਸਿੰਘ ਚਿੜੀਆਘਰ ਸਿੱਖਿਆ ਅਫ਼ਸਰ ਤੇ ਹੋਰ ਹਾਜ਼ਰ ਸਨ।