ਪਟਿਆਲਾ, 18 ਸਤੰਬਰ 2019 - ਪਟਿਆਲਾ ਪੁਲਿਸ ਨੇ ਥਾਣਾ ਘੱਗਾ 'ਚ ਪੈਂਦੇ ਪਿੰਡ ਬਰਾਸ ਨੇੜੇ ਕਰੀਬ 6 ਮਹੀਨੇ ਪਹਿਲਾਂ ਵਾਪਰੀ ਲੁੱਟ ਖੋਹ ਦੀ ਇੱਕ ਵਾਰਦਾਤ ਦੇ ਮਾਮਲੇ ਨੂੰ ਹੱਲ ਕਰਦਿਆਂ ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਸ. ਮਨਦੀਪ ਸਿੰਘ ਨੇ ਦੱਸਿਆ ਕਿ ਪਿੰਡਾਂ ਵਿੱਚ ਔਰਤਾਂ ਨੂੰ ਰੁਜ਼ਗਾਰ ਲਈ ਲੋਨ ਦੇਣ ਵਾਲੀ ਕੰਪਨੀ ਡੀ.ਸੀ.ਐਲ. 'ਚ ਰਿਲੇਸਨਸ਼ਿਪ ਅਫ਼ਸਰ ਵਜੋਂ ਕੰਮ ਕਰਦੇ ਰਾਹੁਲ ਰਾਏ ਵਾਸੀ ਅੰਬਾਲਾ ਤੇ ਪਰਵੀਨ ਲਾਲ ਵਾਸੀ ਕੋਟ ਪੁਤਲੀ ਜੈਪੁਰ ਰਾਜਸਥਾਨ ਮਿਤੀ 29 ਮਾਰਚ 2019 ਨੂੰ ਜਦੋਂ ਲੋਨ ਦੀਆਂ ਕਿਸ਼ਤਾਂ ਦੇ ਪੈਸੇ ਇਕੱਠੇ ਕਰਕੇ ਆਪਣੇ ਮੋਟਰਸਾਇਕਲ 'ਤੇ ਪਿੰਡ ਬ੍ਰਾਹਮਣ ਮਾਜਰਾ ਤੋਂ ਬਰਾਸ ਨੇੜੇ ਜਾ ਰਹੇ ਸਨ ਤਾਂ ਇਨ੍ਹਾਂ ਤੋਂ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ 84,880 ਰੁਪਏ ਤੇ ਇਕ ਮੋਬਾਇਲ ਫੋਨ ਦੀ ਖੋਹ ਕਰ ਲਈ ਸੀ।
ਐਸ.ਐਸ.ਪੀ. ਨੇ ਦੱਸਿਆ ਕਿ ਇਨ੍ਹਾਂ ਦੇ ਮੋਟਰਸਾਇਕਲ ਦੇ ਬਰਾਬਰ ਲਗਾ ਕੇ ਇੱਕ ਹੋਰ ਮੋਟਰਸਾਇਕਲ 'ਤੇ ਸਵਾਰ ਅਣਪਛਾਤਿਆਂ ਨੇ ਇਨ੍ਹਾਂ ਦੀਆਂ ਅੱਖਾਂ 'ਚ ਮਿਰਚਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਇਨ੍ਹਾਂ ਦੇ ਹੈਲਮਟ ਪਾਏ ਹੋਣ ਕਰਕੇ ਬਚਾ ਹੋ ਗਿਆ ਪਰੰਤੂ ਦੇ ਲੱਤ ਮਾਰਕੇ ਇਨ੍ਹਾਂ ਦਾ ਮੋਟਰਸਾਇਕਲ ਹੇਠਾਂ ਸੁੱਟ ਲਿਆ ਤੇ ਅਣਪਛਾਤਿਆਂ ਨੇ ਕ੍ਰਿਪਾਨ ਦਿਖਾਕੇ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਸਬੰਧੀ ਮੁਕੱਦਮਾ ਨੰਬਰ 15 ਮਿਤੀ 29/03/2019 ਅ/ਧ 379 ਬੀ.34 ਹਿੰ:ਦਿੰ; ਥਾਣਾ ਘੱਗਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਨੂੰ ਹੱਲ ਕਰਨ ਲਈ ਐਸ.ਪੀ. ਜਾਂਚ ਸ੍ਰੀ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਜਾਂਚ ਸ੍ਰੀ ਕ੍ਰਿਸਨ ਕੁਮਾਰ ਪੈਥੇਂ ਦੀ ਅਗਵਾਈ ਵਿੱਚ ਇੰਚਾਰਜ ਸੀ.ਆਈ.ਏ ਸਟਾਫ ਪਟਿਆਲਾ ਇੰਸਪੈਕਟਰ ਸ਼ਮਿੰਦਰ ਸਿੰਘ ਅਤੇ ਥਾਣਾ ਘੱਗਾ ਦੀ ਪੁਲਿਸ ਪਾਰਟੀ ਦੀ ਟੀਮ ਦਾ ਗਠਨ ਕੀਤਾ ਗਿਆ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਟੀਮ ਨੇ ਜਾਂਚ ਕਰਕੇ ਪਤਾ ਲਾਇਆ ਕਿ ਇਸ ਵਾਰਦਾਤ ਦਾ ਮਾਸਟਰ ਮਾਈਂਡ ਜਗਸੀਰ ਸਿੰਘ ਉਰਫ ਜੱਗੂ ਪੁੱਤਰ ਦਾਰ ਸਿੰਘ ਵਾਸੀ ਪਿੰਡ ਬੁਜਰਕ ਸਮਾਣਾ ਹੈ। ਇਸਨੇ ਆਪਣੇ ਸਾਥੀਆਂ ਮਨਦੀਪ ਸਿੰਘ ਪੁੱਤਰ ਟੇਕ ਸਿੰਘ, ਸਲਾਮ ਦੀਨ ਪੁੱਤਰ ਰੋਹੀ ਰਾਮ, ਲਵਪ੍ਰੀਤ ਸਿੰਘ ਉਰਫ ਲਿਪੀ ਪੁੱਤਰ ਭੁਪਿੰਦਰ ਸਿੰਘ ਵਾਸੀਆਨ ਪਿੰਡ ਖਡਿਆਲ ਸੰਗਰੂਰ ਅਤੇ ਲਵਪ੍ਰੀਤ ਸਿੰਘ ਲਿਪੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿੰਡ ਬੁਜਰਕ ਜਿਲਾ ਪਟਿਆਲਾ ਨਾਲ ਮਿਲਕੇ ਪਹਿਲਾਂ ਰੈਕੀ ਕੀਤੀ ਤੇ ਲੁੱਟ ਖੋਹ ਦੀ ਵਾਰਦਾਤ ਅੰਜਾਮ ਦਿੱਤਾ। ਜਗਸੀਰ ਸਿੰਘ ਉਰਫ ਜੱਗੂ ਮੁਕੱਦਮਾ ਨੰਬਰ 153 ਮਿਤੀ 11/08/2018 ਅ/ਧ 392,394,323,324 , 34 ਹਿੰ:ਦਿੰ: 25 ਅਸਲਾ ਐਕਟ ਥਾਣਾ ਸਦਰ ਸਮਾਣਾ ਲੁੱਟ ਖੋਹ ਦੇ ਕੇਸ ਵਿੱਚ ਪਟਿਆਲਾ ਜ਼ੇਲ੍ਹ ਵਿੱਚ ਬੰਦ ਸੀ।
ਸ. ਸਿੱਧੂ ਨੇ ਦੱਸਿਆ ਕਿ ਜਗਸੀਰ ਸਿੰਘ ਜੱਗੂ ਨੂੰ ਮਿਤੀ 16 ਸਤੰਬਰ 2019 ਨੂੰ ਪ੍ਰੋਡਕਸ਼ਨ ਵਰੰਟ 'ਤੇ ਲਿਆਕੇ ਗਿਫ਼ਤਾਰ ਕੀਤਾ ਤੇ ਪੁੱਛਗਿੱਛ 'ਚ ਉਸਨੇ ਖੁਲਾਸਾ ਕੀਤਾ ਕਿ ਉਕਤ ਵਾਰਦਾਤ ਉਸ ਨੇ ਆਪਣੇ ਸਾਥੀ ਮਨਦੀਪ ਸਿੰਘ, ਸਲਾਮ ਦੀਨ ਅਤੇ ਲਵਪ੍ਰੀਤ ਸਿੰਘ ਉਰਫ ਲਿਪੀ ਨੇ ਰੱਲਕੇ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ 'ਤੇ ਮਿਤੀ 17/09/2019 ਨੂੰ ਪੁਲਿਸ ਨੇ ਬਾ-ਹੱਦ ਪਿੰਡ ਕਕਰਾਲਾ ਤੋਂ ਮਨਦੀਪ ਸਿੰਘ ਪੁੱਤਰ ਟੇਕ ਸਿੰਘ ਅਤੇ ਸਲਾਮ ਦੀਨ ਪੁੱਤਰ ਰੋਹੀ ਨੂੰ ਮੋਟਰਸਾਇਕਲ ਪੀਬੀ-13 ਟੀ-2998 'ਤੇ ਆਉਂਦੇ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਤੋਂ ਵਾਰਦਾਤ 'ਚ ਵਰਤੇ ਵਹੀਕਲ, ਖੋਹ ਕੀਤੀ ਰਕਮ ਤੇ ਮੋਬਾਇਲ ਫੋਨ ਦੀ ਬਰਾਮਦਗੀ ਕਰਵਾਈ ਜਾਵੇਗੀ। ਐਸ.ਐਸ.ਪੀ. ਨੇ ਦੱਸਿਆ ਕਿ 22 ਸਾਲਾ ਜਗਸੀਰ 10ਵੀਂ ਫੇਲ ਹੈ ਅਤੇ ਜੇਲ 'ਚ ਬੰਦ ਸੀ, 22 ਸਾਲਾ ਮਨਦੀਪ ਸਿੰਘ 12ਵੀਂ ਪਾਸ ਹੈ ਤੇ ਇਹ ਤੇਲ ਦੇ ਡੰਪ 'ਤੇ ਕੰਮ ਕਰਦ ਸੀ। 21 ਸਾਲਾ ਸਲਾਮਦੀਨ 12ਵੀਂ ਫੇਲ ਅਤੇ ਮਜਦੂਰੀ ਕਰਦਾ ਸੀ।