ਗੁਰਦਾਸਪੁਰ, 17 ਸਤੰਬਰ 2019 - ਸਾਧੂ ਸਿੰਘ ਧਰਮਸੋਤ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਕਰਤਾਰਪੁਰ ਕੋਰੀਡੋਰ ਡੇਰਾ ਬਾਬਾ ਨਾਨਕ ਵਿਖੇ ਬਣ ਰਹੇ ਰਸਤੇ ਦੇ ਦੋਵੇਂ ਪਾਸੇ ਫਲਦਾਰ ਤੇ ਛਾਂਦਾਰ ਪੌਦੇ ਲਗਾਏ ਜਾਣਗੇ। ਉਹ ਅੱਜ ਗੁਰਦਾਸਪੁਰ ਵਿਖੇ ਜਿਲਾ ਪੱਧਰੀ ਕਿਸਾਨ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਪੁਹੰਚੇ ਸਨ ਉਪਰੰਤ ਉਨਾਂ ਸਥਾਨਕ ਰੈਸਟ ਹਾਊਸ ਵਿਖੇ ਗੁਰਦਾਸਪੁਰ , ਸ੍ਰੀ ਅੰਮ੍ਰਿਤਸਰ ਤੇ ਪਠਾਨਕੋਟ ਦੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿਚ ਡਾ. ਰੋਸ਼ਨ ਸ਼ੰਕਾਰੀਆ ਐਡੀਸ਼ਨਲ ਚੀਫ ਸੈਕਰਟਰੀ ਜੰਗਲਾਤ ਵਿਭਾਗ, ਸ੍ਰੀ ਵਿਪੁਲ ਉਜਵਲ ਡਿਪਟੀ ਕਮਿਸ਼ਨਰ ਗੁਰਦਾਸਪੁਰ , ਜਤਿੰਦਰ ਸ਼ਰਮਾ ਪ੍ਰਧਾਨ ਮੁੱਖ ਵਣਪਾਲ ਪੰਜਾਬ, ਨਿਰਮਲਜੀਤ ਸਿੰਘ ਰੰਧਾਵਾ ਵਣਪਾਲ ਈਸਟ, ਮਹਾਂਵੀਰ ਸਿੰਘ ਵਣਪਾਲ ਨਾਰਥ, ਜਰਨੈਲ ਸਿੰਘ ਬਾਠ ਡੀ.ਐਫ.ਓ ਗੁਰਦਾਸਪੁਰ, ਸੁਰਜੀਤ ਸਿੰਘ ਡੀ.ਐਫ.ਓ ਸ੍ਰੀ ਅੰਮ੍ਰਿਤਸਰ, ਸੰਜੀਵ ਤਿਵਾੜੀ ਡੀ.ਐਫ.ਓ ਪਠਾਨਕੋਟ, ਬਿਕਰਮਜੀਤ ਸਿੰਘ ਰੇਂਜ ਅਫਸਰ ਗੁਰਦਾਸਪੁਰ, ਰਛਪਾਲ ਸਿੰਘ ਰੇਂਜ ਅਫਸਰ ਵੀ ਮੋਜੂਦ ਸਨ।
ਕੈਬਨਿਟ ਵਜੀਰ ਸ੍ਰੀ ਧਰਮਸੋਤ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮਨਾਉਣ ਲਈ ਵੱਡੇ ਪੱਧਰ ਤੇ ਸਮਾਗਮ ਕਰਵਾਏ ਜਾ ਜਾਣਗੇ ਤੇ ਰਾਜ ਭਰ ਵਿਚ ਜੰਗਲਾਤ ਵਿਭਾਗ ਵਲੋਂ ਸੂਬੇ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜੰਗਲਾਤ ਵਿਭਾਗ ਵਲੋਂ ਕਰਤਾਰਪੁਰ ਕੋਰੀਡੋਰ (ਡੇਰਾ ਬਾਬਾ ਨਾਨਕ ) ਰਸਤੇ ਦੀ ਲੰਬਾਈ ਜੋ ਲਗਭਗ 4 ਕਿਲੋਮੀਟਰ ਹੈ ਉਸਦੇ ਦੋਵੇਂ ਪਾਸੇ 7-8 ਫੁੱਟ ਦੇ ਫਲਦਾਰ ਤੇ ਛਾਂਦਾਰ ਪੌਦੇ ਲਗਾਏ ਜਾਣਗੇ। ਪੋਦਿਆਂ ਦੀ ਸੰਭਾਲ ਲਈ ਟ੍ਰੀ ਗਾਰਡ ਲਗਾਏ ਜਾਣਗੇ।
ਉਨਾਂ ਅੱਗੇ ਕਿਹਾ ਕਿ ਜੰਗਲਾਤ ਵਿਭਾਗ ਵਲੋਂ ਰਾਜ ਭਰ ਦੇ ਪਿੰਡਾਂ ਅੰਦਰ 550-550 ਪੌਦੇ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਪੋਦੇ ਲਗਾਉਣ ਤੇ ਪੋਦਿਆਂ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਾਨਵਤਾ ਨੂੰ ਹਵਾ, ਪਾਣੀ ਤੇ ਧਰਤੀ ਦੀ ਸੰਭਾਲ ਕਰਨ ਲਈ ਉਪਦੇਸ਼ ਦਿੱਤਾ ਤੇ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀ ਦਿਨੋ ਦਿਨ ਪਲੀਤ ਹੋ ਰਹੇ ਵਾਤਾਵਰਣ ਨੂੰ ਬਚਾਉਣ ਲਈ ਰਲ ਕੇ ਹੰਭਲਾ ਮਾਰੀਏ। ਉਨਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਅਸੀ ਆਪਣੀ ਆਉਣ ਵਾਲੀ ਪੀੜ•ੀ ਨੂੰ ਸਾਫ ਸੁਥਰਾ ਵਾਤਾਵਰਣ ਦੇਣ ਲਈ ਵੱਧ ਤੋਂ ਵੱਧ ਪੋਦੇ ਲਗਾਈਏ। ਪੋਦਿਆਂ ਦੀ ਸੰਭਾਲ ਕਰੀਏ। ਪਾਣੀ ਦੀ ਦੁਰਵਰਤੋਂ ਨੂੰ ਰੋਕੀਏ। ਆਪਣੇ ਘਰਾਂ ਤੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੀਏ।
ਇਸ ਮੌਕੇ ਉਨਾਂ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਲੋਕਾਂ ਨੂੰ ਵਾਤਾਵਰਣ ਦੀ ਸੰਭਾਲ ਲਈ ਵੱਧ ਤੋਂ ਵੱਧ ਜਾਗਰੂਕ ਕਰਨ। ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿਚ ਜਾਗਰੂਕਤਾ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਵਿੱਢਣ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਨੂੰ ਸਮਰਪਿਤ ਸੂਬੇ ਨੂੰ ਹਰਿਆ ਬਣਾਉਣ ਵਿੱਚ ਕੋਈ ਢਿੱਲਮੱਠ ਨਾ ਵਰਤਣ। ਇਸ ਮੌਕੇ ਉਨਾਂ ਵਿਭਾਗ ਦੇ ਅਧਿਕਾਰੀਆਂ ਵਲੋਂ ਕੀਤੇ ਜਾ ਰਹੇ ਕੰਮਕਾਜਾਂ ਦੀ ਜਾਣਕਾਰੀ ਹਾਸਿਲ ਕੀਤੀ ਤੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ।